12 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ 101 ਸਾਲ ਦੀ ਪਾਕਿਸਤਾਨੀ ਔਰਤ ਨੂੰ ਮਿਲੀ ਭਾਰਤ ਦੀ ਨਾਗਰਿਕਤਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਜ਼ਿਲ੍ਹਾ ਪ੍ਰਸ਼ਾਸਨ ਨੇ ਜਮੁਨਾ ਮਾਈ ਨੂੰ ਭਾਰਤ ਦੀ ਨਾਗਰਿਕਤਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਵਾਲੀ ਉਹ ਦੇਸ਼ ਦੀ ਸੱਭ ਤੋਂ ਬਜ਼ੁਰਗ ਔਰਤ ਹਨ।

Jamna mai becomes citizen of India

ਰਾਜਸਥਾਨ : 12 ਸਾਲ ਦੇ ਲੰਮੇ ਇੰਤਜ਼ਾਰ ਤੋਂ ਬਾਅਤ ਪਾਕਿਸਤਾਨ ਤੋਂ ਭਾਰਤ ਆਈ 101 ਸਾਲ ਦੀ ਔਰਤ ਨੂੰ ਆਖਰਕਾਰ ਭਾਰਤ ਦੀ ਨਾਗਰਿਕਤਾ ਮਿਲ ਹੀ ਗਈ। ਜ਼ਿਲ੍ਹਾ ਪ੍ਰਸ਼ਾਸਨ ਨੇ ਜਮੁਨਾ ਮਾਈ ਨੂੰ ਭਾਰਤ ਦੀ ਨਾਗਰਿਕਤਾ ਦਿੰਦੇ ਹੋਏ ਦਾਅਵਾ ਕੀਤਾ ਹੈ ਕਿ ਭਾਰਤ ਦੀ ਨਾਗਰਿਕਤਾ ਹਾਸਲ ਕਰਨ ਵਾਲੀ ਉਹ ਦੇਸ਼ ਦੀ ਸੱਭ ਤੋਂ ਬਜ਼ੁਰਗ ਔਰਤ ਹਨ। ਜੋਧਪੁਰ ਵਿਚ ਇਕ ਛੋਟੇ ਜਿਹੇ ਪਿੰਡ ਸੋਧਾ ਰੀ ਧਾਣੀ ਵਿਚ 12 ਸਾਲ ਪਹਿਲਾਂ ਜਮੁਨਾ ਮਾਈ ਅਪਣੇ ਪਰਵਾਰ ਨਾਲ ਆ ਕੇ ਵੱਸ ਗਈ ਸੀ।

ਮਾਈ ਦਾ ਜਨਮ 1918 ਵਿਚ ਅਣਵੰਡੇ ਭਾਰਤ ਦੇ ਪੰਜਾਬ ਰਾਜ ਵਿਚ ਹੋਇਆ ਸੀ। ਲੰਮੇ ਸਮੇਂ ਤੱਕ ਉਸ ਦੇ ਪਰਵਾਰ ਦੀ ਕਮਾਈ ਦਾ ਇਕੋ ਇਕ ਸਾਧਨ ਪਾਕਿਸਤਾਨ ਦੇ ਪੰਜਾਬ ਰਾਜ ਦੇ ਰਹੀਮ ਯਾਰ ਖਾਨ ਜ਼ਿਲ੍ਹੇ  ਵਿਚ ਜ਼ਮੀਦਾਰ ਦੀ ਜ਼ਮੀਨ 'ਤੇ ਖੇਤੀ ਕਰਨਾ ਸੀ। ਦਹਾਕਿਆਂ ਤੱਕ ਉਹਨਾਂ ਦੇ ਪਰਵਾਰ ਨੂੰ ਸ਼ੋਸ਼ਣ ਦਾ ਸਾਹਮਣਾ ਕਰਨਾ ਪਿਆ। 1992 ਵਿਚ ਬਾਬਰੀ ਮਸਜਿਦ ਢਾਹੇ ਜਾਣ ਤੋਂ ਬਾਅਦ ਇਹਨਾਂ ਦੀ ਹਾਲਤ ਹੋਰ ਖਰਾਬ ਹੋ ਗਈ। ਅਯੁੱਧਿਆ ਵਿਚ ਬਾਬਰੀ ਮਸਜਿਦ ਨੂੰ ਢਾਹੇ ਜਾਣ ਤੋਂ ਬਾਅਦ ਉਹਨਾਂ ਦੇ ਪਰਵਾਰ ਦੇ ਮੁਸਲਮਾਨ ਜ਼ਮੀਦਾਰਾਂ ਅਤੇ ਗੁਆਂਢੀਆਂ ਦੇ ਨਾਲ ਰਾਤੋਂ ਰਾਤ ਸਬੰਧ ਬਦਲ ਗਏ

ਅਤੇ ਪਾਕਿਸਤਾਨ ਵਿਚ ਹਿੰਦੂ ਪਰਵਾਰਾਂ ਦਾ ਰਹਿਣਾ ਮੁਸ਼ਕਲ ਹੋ ਗਿਆ। ਇਸ ਤੋਂ ਬਾਅਦ ਸਾਲ 2000 ਵਿਚ ਉਹਨਾਂ ਨੇ ਪਾਕਿਸਤਾਨ ਛੱਡਣ ਦਾ ਫ਼ੈਸਲਾ ਕੀਤਾ ਅਤੇ ਅਗਸਤ 2006 ਵਿਚ 15 ਮੈਂਬਰਾਂ ਦਾ ਇਹ ਪਰਵਾਰ ਧਾਰਮਿਕ ਵੀਜ਼ਾ 'ਤੇ ਭਾਰਤ ਆਇਆ ਸੀ। ਭਾਰਤ ਆਉਣ ਤੋਂ ਬਾਅਦ ਵੀ ਮਾਈ ਦੇ ਪਰਵਾਰ ਦੀਆਂ ਮੁਸ਼ਕਲਾਂ ਖਤਮ ਨਹੀਂ ਹੋਈਆਂ। ਅਪਣੇ ਭਾਈਚਾਰੇ, ਮੇਘਵਾਲਿਆਂ ਵੱਲੋਂ ਕਬੂਲ ਕੀਤੇ ਜਾਣ ਦੀ ਆਸ ਵੀ ਟੁੱਟ ਗਈ। ਸ਼ੁਰੂਆਤੀ ਸਾਲਾਂ ਵਿਚ ਓਹਨਾ ਨੂੰ ਕੰਮ ਅਤੇ ਘਰ ਤੋਂ ਵਾਂਝਾ ਕਰ ਦਿਤਾ ਗਿਆ ਸੀ।

ਭਾਰਤ ਵਿਚ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਵੀ ਉਹਨਾਂ ਦੇ ਲਈ ਕਦੇ ਨਾ ਖਤਮ ਹੋਣ ਵਾਲੇ ਸਵਾਲ ਦੀ ਤਰ੍ਹਾਂ ਸਨ। ਇਕ ਸਮੇਂ ਉਹਨਾਂ ਨੇ ਪਾਕਿਸਤਾਨ ਜਾਣ 'ਤੇ ਵੀ ਵਿਚਾਰ ਕੀਤਾ ਸੀ। ਮਾਈ ਨੂੰ ਹੁਣ ਅਪਣੇ ਪਰਵਾਰ ਨੂੰ ਵੀ ਭਾਰਤੀ ਨਾਗਰਿਕਤਾ ਮਿਲਣ ਦੀ ਆਸ ਹੈ। ਮਾਈ ਨੇ ਭਾਰਤੀ ਨਾਗਰਿਕਤਾ ਹਾਸਲ ਹੋਣ ਤੇ ਮਠਿਆਈ ਵੰਡੀ।