ਕੁੰਭ ਮੇਲੇ 'ਚ ਤੈਨਾਤ ਕਰਮਚਾਰੀਆਂ ਨੂੰ ਰੇਲਵੇ ਦੇਵੇਗਾ ਮੋਬਾਈਲ ਹੈਂਡਸੈੱਟ
ਰੇਲਵੇ ਦੀ ਕੰਮਕਾਜੀ ਵਿਵਸਥਾ ਅਤੇ ਸੁਰੱਖਿਆ ਸਬੰਧੀ ਕੰਮਾਂ ਵਿਚ ਲਗੇ ਕਰਮਚਾਰੀਆਂ ਨੂੰ ਦਿਤੇ ਜਾਣ ਵਾਲੇ ਇਹਨਾਂ ਮੋਬਾਈਲ ਫੋਨਾਂ ਵਿਚ ਬੀਐਸਐਨਐਲ ਦੀ ਸਿਮ ਹੋਵੇਗੀ।
ਨਵੀਂ ਦਿੱਲੀ : ਕੁੰਭ ਮੇਲੇ ਦੀ ਡਿਊਟੀ ਵਿਚ ਤੈਨਾਤ ਕਰਮਚਾਰੀਆਂ ਨੂੰ ਰੇਲਵੇ ਮੋਬਾਈਲ ਹੈਂਡਸੈੱਟ ਦੇਵੇਗਾ। ਰੇਲਵੇ ਬੋਰਡ ਵੱਲੋਂ ਜਾਰੀ ਸੂਚਨਾ ਮੁਤਾਬਕ ਕੁੰਭ ਦੀਆਂ ਤਿਆਰੀਆਂ ਲਈ ਇਸ ਵਿੱਤੀ ਸਾਲ ਵਿਚ ਇਲਾਹਾਬਾਦ, ਵਾਰਾਣਸੀ ਅਤੇ ਲਖਨਊ ਡਿਵੀਜ਼ਨ ਦੇ ਸੀਨੀਅਰ ਗ੍ਰੇਡ ਅਧਿਕਾਰੀਆਂ ਦੀ ਕੰਮਕਾਜ ਸਬੰਧੀ ਸਾਲਾਨਾ ਖਰਚ ਦੀ ਹੱਦ ਵਧਾ ਕੇ ਤਿੰਨ ਕਰੋੜ ਰੁਪਏ ਕਰ ਦਿਤੀ ਗਈ ਹੈ।
ਤਿੰਨ ਮੰਡਲਾਂ ਦੇ ਡੀਆਰਐਮ ਅਤੇ ਏਡੀਆਰਐਮ ਨੂੰ ਮੇਲੇ ਦੀ ਤਿਆਰੀ ਲਈ ਲੋੜੀਂਦੀ ਰਾਸ਼ੀ ਖਰਚ ਕਰਨ ਦੀ ਇਜਾਜ਼ਤ ਦੇ ਦਿਤੀ ਗਈ ਹੈ। ਇਸ ਸਰਕੂਲਰ ਮੁਤਾਬਕ ਲਖਨਊ ਅਤੇ ਇਲਾਹਾਬਾਦ ਡਿਵੀਜ਼ਨ ਮੇਲੇ ਦੌਰਾਨ 7000 ਰੁਪਏ ਤੱਕ ਦੇ ਮੁੱਲ ਦੇ 100-100 ਅਤੇ ਵਾਰਾਣਸੀ ਡਿਵੀਜ਼ਨ 50 ਮੋਬਾਈਲ ਹੈਂਡਸੈੱਟਾਂ ਦੀ ਖਰੀਦ ਕਰੇਗਾ।
ਰੇਲਵੇ ਦੀ ਕੰਮਕਾਜੀ ਵਿਵਸਥਾ ਅਤੇ ਸੁਰੱਖਿਆ ਸਬੰਧੀ ਕੰਮਾਂ ਵਿਚ ਲਗੇ ਕਰਮਚਾਰੀਆਂ ਨੂੰ ਦਿਤੇ ਜਾਣ ਵਾਲੇ ਇਹਨਾਂ ਮੋਬਾਈਲ ਫੋਨਾਂ ਵਿਚ ਬੀਐਸਐਨਐਲ ਦੀ ਸਿਮ ਹੋਵੇਗੀ। ਮੇਲਾ ਖਤਮ ਹੋਣ ਤੋਂ ਬਾਅਦ ਕਰਮਚਾਰੀਆਂ ਨੂੰ ਮੋਬਾਈਲ ਫੋਨ ਰੇਲਵੇ ਨੂੰ ਵਾਪਸ ਕਰਨਾ ਪਵੇਗਾ।