ਭੂਚਾਲ ਦੇ ਝਟਕਿਆਂ ਨਾਲ ਮੁੜ ਹਿਲੀ ਧਰਤੀ, ਲੋਕਾਂ 'ਚ ਸਹਿਮ

ਏਜੰਸੀ

ਖ਼ਬਰਾਂ, ਰਾਸ਼ਟਰੀ

ਭੂਚਾਲ ਦਾ ਕੇਂਦਰ ਭਾਰਤ-ਚੀਨ ਸਰਹੱਦ 'ਤੇ

file photo

ਲੱਦਾਖ: ਐਤਵਾਰ ਨੂੰ ਲੱਗੇ ਭੂਚਾਲ ਦੇ ਜ਼ਬਰਦਸਤ ਝਟਕਿਆਂ ਨੇ ਲੋਕਾਂ ਨੂੰ ਇਕ ਵਾਰ ਫਿਰ ਦਹਿਸ਼ਤ 'ਚ ਪਾ ਦਿਤਾ ਹੈ। ਭੂਚਾਲ ਦੇ ਤਾਜ਼ਾ ਝਟਕਿਆਂ ਕਾਰਨ ਲੱਦਾਖ ਦੀ ਧਰਤੀ ਇਕ ਵਾਰ ਫਿਰ ਥਰਥਰਾ ਗਈ। 5.2 ਤੀਬਰਤਾ ਵਾਲੇ ਇਸ ਭੂਚਾਲ ਨਾਲ ਭਾਵੇਂ ਅਜੇ ਤਕ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ, ਪਰ ਪਹਿਲਾਂ ਹੀ ਭਾਰੀ ਠੰਡ ਦੇ ਬਰਫ਼ਬਾਰੀ ਨਾਲ ਜੂਝ ਰਹੇ ਲੋਕਾਂ 'ਚ ਇਸ ਕਾਰਨ ਭਾਰੀ ਦਹਿਸ਼ਤ ਪਾਈ ਜਾ ਰਹੀ ਹੈ।

ਕਾਬਲੇਗੋਰ ਹੈ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਰਾਤ ਢਾਈ ਵਾਜੇ ਦੇ ਕਰੀਬ ਭੂਚਾਲ ਦੇ ਹਲਕੇ ਝਟਕਿਆਂ ਨੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਾ ਦਿਤਾ ਸੀ। ਭਾਵੇਂ ਰਿਕਟਰ ਸਕੇਲ 'ਤੇ ਭੂਚਾਲ ਤੀਬਰਤਾ ਐਤਵਾਰ ਦੇ ਭੂਚਾਲ ਨਾਲੋਂ ਘੱਟ ਸੀ। ਇਹ ਰਿਕਟਰ ਸਕੇਲ 'ਤੇ ਇਸ ਦੀ ਤੀਬਰਤਾ 4.1 ਮਾਪੀ ਗਈ ਸੀ।

ਦੂਜੇ ਪਾਸੇ ਹਿਮਾਚਲ ਵਿਚ 3.4 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਮੌਸਮ ਵਿਭਾਗ ਅਨੁਸਾਰ ਇਹ ਝਟਕੇ ਸਵੇਰੇ 11:55 ਵਜੇ ਆਏ। ਇਸ ਕਾਰਨ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਤੇ ਉਹ ਸੁਰੱÎਖਿਅਤ ਥਾਵਾਂ 'ਤੇ ਠਾਹਰ ਲਭਦੇ ਵੇਖੇ ਗਏ।

ਲੱਦਾਖ ਵਿਚ ਆਏ ਭੂਚਾਲ ਦਾ ਕੇਂਦਰ ਭਾਰਤ-ਚੀਨ ਸਰਹੱਦ ਦੇ ਨੇੜੇ ਸੀ। ਭੂਚਾਲ ਦੇ ਝਟਕੇ ਕੁਝ ਸਮੇਂ ਲਈ ਸੀਮਤ ਸਨ। ਕਸ਼ਮੀਰ ਆਫ਼ਤ ਪ੍ਰਬੰਧਨ ਸੈੱਲ ਦੇ ਇੰਚਾਰਜ ਅਮਿਲ ਅਲੀ ਅਨੁਸਾਰ ਭੂਚਾਲ ਦਾ ਕੇਂਦਰ ਲੱਦਾਖ ਤੇ ਚੀਨ ਦੇ ਸ਼ਿਨਜਿਆਂਗ ਦੀ ਸਰਹੱਦ 'ਤੇ ਲੇਹ ਤੋਂ 209 ਕਿਲੋਮੀਟਰ ਪੂਰਬ ਵੱਲ ਸੀ। ਇਸ ਨਾਲ ਪਹਾੜੀ ਖੇਤਰ ਵਿਚ ਗਲੇਸ਼ੀਅਰਾਂ ਦੇ ਡਿੱਗਣ ਦਾ ਡਰ ਪੈਦਾ ਹੋ ਗਿਆ ਹੈ।

ਦੂਜੇ ਪਾਸੇ ਮੌਸਮ ਵਿਭਾਗ ਨੇ ਹਿਮਾਚਲ ਦੇ ਕੁੱਲੂ ਤੇ ਲਾਹੌਲ ਸਪਿਤੀ ਵਿਚ ਪੰਜ ਥਾਵਾਂ 'ਤੇ ਬਰਫ ਡਿੱਗਣ ਦੀ ਚੇਤਾਵਨੀ ਜਾਰੀ ਕੀਤੀ ਸੀ। ਜ਼ਿਲ੍ਹਾ ਪ੍ਰਸ਼ਾਸਨ ਸਣੇ ਪੁਲਿਸ ਨੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਜਾਣ ਦੀ ਸਲਾਹ ਦਿਤੀ ਹੈ। ਨਾਲ ਹੀ, ਸੈਲਾਨੀਆਂ ਨੂੰ ਉਚਾਈ ਵਾਲੇ ਇਲਾਕੇ ਤੇ ਜ਼ਿਆਦਾ ਬਰਫਬਾਰੀ ਵਾਲੇ ਖੇਤਰ ਵਿਚ ਨਾ ਜਾਣ ਲਈ ਕਿਹਾ ਗਿਆ ਹੈ।