ਪੀੜਤ ਲੋਕਾਂ ਨੂੰ ਨਾਗਰਿਕਤਾ ਹਰ ਹਾਲ ਮਿਲੇਗੀ : ਸ਼ਾਹ

ਏਜੰਸੀ

ਖ਼ਬਰਾਂ, ਰਾਸ਼ਟਰੀ

'ਕਾਂਗਰਸ ਵਾਲਿਉ, ਜਿੰਨਾ ਵਿਰੋਧ ਕਰਨਾ ਹੈ, ਕਰ ਲਉ'

file photo

ਜਬਲਪੁਰ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨਵੇਂ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰ ਰਹੀਆਂ ਕਾਂਗਰਸ ਸਮੇਤ ਵਿਰੋਧੀ ਧਿਰਾਂ ਨੂੰ ਚੁਨੌਤੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਜਿੰਨਾ ਵਿਰੋਧ ਕਰਨਾ ਹੈ, ਕਰ ਲੈਣ ਪਰ ਅਸੀਂ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਤੋਂ ਆਏ ਸਾਰੇ ਦੁਖੀ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇ ਕੇ ਹੀ ਦਮ ਲਵਾਂਗੇ।

ਇਥੇ ਲੋਕਾਂ ਨੂੰ ਸੰਬੋਧਤ ਕਰਦਿਆਂ ਸ਼ਾਹ ਨੇ ਕਿਹਾ, 'ਸੀਏਏ 'ਤੇ ਭਾਜਪਾ ਪ੍ਰਚਾਰ ਮੁਹਿੰਮ ਚਲਾ ਰਹੀ ਹੈ। ਕੀ ਹੈ ਸੀਏਏ? ਇਹ ਮੁਹਿੰਮ ਕਿਉਂ ਚਲਾਉਣੀ ਪਈ? ਉਨ੍ਹਾਂ ਲੋਕਾਂ ਨੂੰ ਪੁਛਿਆ, 'ਮੈਨੂੰ ਦੱਸੋ ਕਿ ਇਨ੍ਹਾਂ ਨੂੰ ਨਾਗਰਿਕਤਾ ਦੇਣੀ ਚਾਹੀਦੀ ਹੈ ਜਾਂ ਨਹੀਂ।' ਇਸ 'ਤੇ ਉਥੇ ਮੌਜੂਦ ਲੋਕਾਂ ਨੇ ਕਿਹਾ, 'ਹਾਂ, ਦੇਣੀ ਚਾਹੀਦੀ ਹੈ।'

ਸ਼ਾਹ ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਾਨੂੰਨ ਦਾ ਵਿਰੋਧ ਕਰਨ ਵਾਲਿਆਂ 'ਤੇ ਵਿਅੰਗ ਕਸਦਿਆਂ ਕਿਹਾ, 'ਕਾਂਗਰਸ ਪਾਰਟੀ, ਰਾਹੁਲ ਬਾਬਾ ਐਂਡ ਪਾਰਟੀ, ਕਮਿਊਨਿਸਟ, ਕੇਜਰੀਵਾਲ, ਮਮਤਾ ਬੈਨਰਜੀ ਦੀਆਂ ਇਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਦੇਸ਼ ਨੂੰ ਗੁਮਰਾਹ ਕਰ ਰਹੀਆਂ ਹਨ ਕਿ ਸੀਏਏ ਨੇ ਦੇਸ਼ ਦੀਆਂ ਘੱਟਗਿਣਤੀਆਂ ਦੀ, ਮੁਸਲਮਾਨਾਂ ਦੀ ਨਾਗਰਿਕਤਾ ਖੋਹ ਲੈਣੀ ਹੈ।'

ਉਨ੍ਹਾਂ ਕਿਹਾ, 'ਮੈਂ ਡੰਕੇ ਦੀ ਚੋਟ 'ਤੇ ਕਹਿ ਰਿਹਾ ਹਾਂ। ਕਾਂਗਰਸ ਵਾਲਿਉ ਕੰਨ ਖੋਲ੍ਹ ਕੇ ਸੁਣ ਲਉ, ਜਿੰਨਾ ਵਿਰੋਧ ਕਰਨਾ ਹੈ, ਕਰ ਲਉ। ਇਨ੍ਹਾਂ ਸਾਰੇ ਲੋਕਾਂ ਨੂੰ ਨਾਗਰਿਕਤਾ ਦੇ ਕੇ ਹੀ ਅਸੀਂ ਦਮ ਲਵਾਂਗੇ।'

ਉਨ੍ਹਾਂ ਕਿਹਾ, 'ਭਾਰਤ 'ਤੇ ਜਿੰਨਾ ਹੱਕ ਮੇਰਾ ਅਤੇ ਤੁਹਾਡਾ ਹੈ, ਓਨਾ ਹੀ ਹੱਕ ਪਾਕਿਸਤਾਨ ਤੋਂ ਆਏ ਹੋਏ ਪੀੜਤ ਹਿੰਦੂਆਂ, ਸਿੱਖਾਂ, ਬੋਧੀਆਂ, ਈਸਾਈਆਂ ਦਾ ਹੈ। ਉਹ ਭਾਰਤ ਦੇ ਬੇਟੇ ਹਨ, ਭਾਰਤ ਦੀ ਬੇਟੀ ਹਨ। ਭਾਰਤ ਦੇਸ਼ ਉਨ੍ਹਾਂ ਨੂੰ ਗਲ ਨਾਲ ਲਾ ਕੇ ਸਤਿਕਾਰ ਦੇਵੇਗਾ।'