ਨਾਗਰਿਕਤਾ ਕਾਨੂੰਨ ਨੂੰ ਲੈ ਕੇ ਫਿਰ ਵਿਗੜੇ ਹਾਲਾਤ, ਇੰਟਰਨੈਟ ਸੇਵਾਵਾਂ ਬੰਦ
ਹਿਰਾਸਤ ਵਿੱਚ ਲਏ ਗਏ ਕਈ ਲੋਕ
ਨਵੀਂ ਦਿੱਲੀ- ਸਿਟੀਜ਼ਨਸ਼ਿਪ ਸੋਧ ਐਕਟ ਵਿਰੁੱਧ ਦੇਸ਼ ਭਰ 'ਚ ਪ੍ਰਦਰਸ਼ਨ ਰੁੱਕਣ ਦਾ ਨਾਂ ਨਹੀਂ ਲੈ ਰਿਹਾ। ਅੱਜ ਇੱਕ ਵਾਰ ਫੇਰ ਲੋਕਾਂ ਨੇ ਦਿੱਲੀ ਦੇ ਵੱਖ-ਵੱਖ ਇਲਾਕਿਆਂ 'ਚ ਪ੍ਰਦਰਸ਼ਨ ਕੀਤਾ। ਨਮਾਜ਼ ਤੋਂ ਬਾਅਦ ਲੋਕਾਂ ਨੇ ਦਿੱਲੀ 'ਚ ਜਾਮਾ ਮਸਜਿਦ ਦੇ ਨੇੜੇ ਪ੍ਰਦਰਸ਼ਨ ਕੀਤਾ।
ਇਸ ਤੋਂ ਬਾਅਦ ਕੁਝ ਲੋਕਾਂ ਨੇ ਯੂਪੀ ਭਵਨ ਨੇੜੇ ਪ੍ਰਦਰਸ਼ਨ ਕੀਤਾ ਜਿੱਥੋਂ ਕਈ ਲੋਕਾਂ ਨੂੰ ਪੁਲਿਸ ਨੇ ਹਿਰਾਸਤ 'ਚ ਵੀ ਲਿਆ। ਇਨ੍ਹਾਂ ਪ੍ਰਦਰਸ਼ਨਾਂ ਕਰਕੇ ਲੋਕ ਕਲਿਆਣ ਮਾਰਗ ਮੈਟਰੋ ਸਟੇਸ਼ਨ ਬੰਦ ਕਰ ਦਿੱਤਾ ਗਿਆ। ਪੁਲਿਸ ਫਲੈਗ ਮਾਰਚ ਕਰ ਰਹੀ ਹੈ। ਪੁਲਿਸ ਸਮਾਜ ਵਿਰੋਧੀ ਅਨਸਰਾਂ 'ਤੇ ਨਜ਼ਰ ਰੱਖਣ ਲਈ ਭੀੜ 'ਤੇ ਨਜ਼ਰ ਰੱਖ ਰਹੀ ਹੈ।
ਦੱਸ ਦੇਈਏ ਕਿ ਯੂਪੀ 'ਚ ਵੀ ਸਾਵਧਾਨੀ ਵਜੋਂ 21 ਜ਼ਿਲ੍ਹਿਆਂ 'ਚ ਇੰਟਰਨੈਟ ਸੇਵਾ ਬੰਦ ਕਰ ਦਿੱਤੀ ਗਈ ਹੈ। ਪੁਲਿਸ ਇੱਥੇ ਫਲੈਗ ਮਾਰਚ ਕਰ ਰਹੀ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਭੀਮ ਆਰਮੀ ਦੇ ਮੁਖੀ ਚੰਦਰਸ਼ੇਖਰ ਆਜ਼ਾਦ ਦੀ ਰਿਹਾਈ ਦੀ ਮੰਗ ਅਤੇ ਸੀਏਏ ਦੇ ਖਿਲਾਫ ਸ਼ੁੱਕਰਵਾਰ ਨੂੰ ਪ੍ਰਧਾਨਮੰਤਰੀ ਹਾਊਸ ਜਾ ਰਹੇ ਸੈਂਕੜੇ ਪ੍ਰਦਰਸ਼ਨਕਾਰੀਆਂ ਨੂੰ ਰੋਕ ਲਿਆ।
ਭਾਰੀ ਸੁਰੱਖਿਆ ਪ੍ਰਬੰਧਾਂ ਅਤੇ ਡਰੋਨ ਨਿਗਰਾਨੀ ਦੇ ਵਿਚਕਾਰ ਭੀਮ ਆਰਮੀ ਦੇ ਮੈਂਬਰਾਂ ਸਣੇ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਜੋਰਬਾਗ ਦੀ ਦਰਗਾਹ ਸ਼ਾਹ-ਏ-ਮਰਦਾਨ ਤੋਂ ਆਪਣੇ ਮਾਰਚ ਦੀ ਸ਼ੁਰੂਆਤ ਕੀਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਲੋਕ ਕਲਿਆਣ ਮਾਰਗ 'ਤੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਅੱਗੇ ਰੋਕਿਆ।