ਨਾਗਰਿਕਤਾ ਕਾਨੂੰਨ ਨੂੰ ਲੈ ਕੇ ਫਿਰ ਵਿਗੜੇ ਹਾਲਾਤ

ਏਜੰਸੀ

ਖ਼ਬਰਾਂ, ਰਾਸ਼ਟਰੀ

ਜਾਮਾ ਮਸਜਿਦ ਦੇ ਬਾਹਰ ਪ੍ਰਦਰਸ਼ਨ

File

ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਦਿੱਲੀ ਦੀ ਜਾਮਾ ਮਸਜਿਦ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਅਜੇ ਵੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਸ਼ੁੱਕਰਵਾਰ ਦੀ ਨਮਾਜ਼ ਤੋਂ ਬਾਅਦ ਭੀਮ ਆਰਮੀ ਅਤੇ ਕੁਝ ਸੰਗਠਨ ਜਾਮਾ ਮਸਜਿਦ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਨਾਗਰਿਕਤਾ ਕਾਨੂੰਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਹਨ। ਕੁੱਲ ਮਿਲਾ ਕੇ 54 ਕੰਪਨੀਆਂ ਦੇ ਵਾਧੂ ਸੁਰੱਖਿਆ ਬਲਾਂ ਨੂੰ ਉਨ੍ਹਾਂ ਇਲਾਕਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ।

ਜਿਥੇ ਪੂਰੀ ਦਿੱਲੀ ਵਿਚ ਪ੍ਰਦਰਸ਼ਨ ਹੋ ਰਹੇ ਹਨ। ਇਸ ਤੋਂ ਇਲਾਵਾ ਡਰੋਨ ਕੈਮਰਿਆਂ ਨਾਲ ਪ੍ਰਦਰਸ਼ਨ ਉੱਤੇ ਨਜ਼ਰ ਰੱਖੀ ਜਾ ਰਹੀ ਹੈ। ਬਹੁਤ ਸਾਰੀਆਂ ਸੰਸਥਾਵਾਂ ਜਾਮਾ ਮਸਜਿਦ ਵਿਖੇ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਸਮੇਂ ਦੌਰਾਨ ਕਾਂਗਰਸ ਨੇਤਾ ਅਲਕਾ ਲਾਂਬਾ ਵੀ ਦਿਖਾਈ ਦਿੱਤੀ। ਨਾਗਰਿਕਤਾ ਕਾਨੂੰਨ ਦੇ ਵਿਰੋਧ ਦੇ ਮੱਦੇਨਜ਼ਰ ਪੁਲਿਸ ਨੇ ਰਾਸ਼ਟਰੀ ਰਾਜਧਾਨੀ ਦੇ ਉੱਤਰ-ਪੂਰਬੀ ਜ਼ਿਲ੍ਹੇ ਦੇ ਕੁਝ ਇਲਾਕਿਆਂ ਵਿੱਚ ਫਲੈਗ ਮਾਰਚ ਕੱਢਿਆ। 

ਕੁਝ ਥਾਵਾਂ 'ਤੇ ਭਾਰੀ ਪੁਲਿਸ ਫ਼ੋਰਸ ਵੀ ਤਾਇਨਾਤ ਕੀਤੀ ਗਈ ਹੈ। ਦੱਸਣਯੋਗ ਹੈ ਕਿ ਜਾਮੀਆ ਨਗਰ, ਜਾਮਾ ਮਸਜਿਦ ਅਤੇ ਚਾਣਕਿਆਪੁਰੀ ਵਿਖੇ ਭਾਰੀ ਪੁਲਿਸ ਫ਼ੋਰਸ ਤਾਇਨਾਤ ਕੀਤੀ ਗਈ ਹੈ। ਪੁਰਾਣੀ ਦਿੱਲੀ ਵਿੱਚ ਜਾਮਾ ਮਸਜਿਦ ਦੇ ਬਾਹਰ ਬਹੁਤ ਸਾਰੇ ਲੋਕ ਸੋਧੇ ਹੋਏ ਨਾਗਰਿਕਤਾ ਕਾਨੂੰਨ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ। 

ਇਨ੍ਹਾਂ ਪ੍ਰਦਰਸ਼ਨਾਂ ਵਿੱਚ ਕਾਂਗਰਸ ਨੇਤਾ ਅਲਕਾ ਲਾਂਬਾ ਅਤੇ ਦਿੱਲੀ ਦੇ ਸਾਬਕਾ ਵਿਧਾਇਕ ਸ਼ੋਇਬ ਇਕਬਾਲ ਨੇ ਵੀ ਸ਼ਿਰਕਤ ਕੀਤੀ। ਅਲਕਾ ਲਾਂਬਾ ਨੇ ਭਾਜਪਾ ਸਰਕਾਰ 'ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦੇਸ਼ ਦੇ ਸਾਹਮਣੇ ਅਸਲ ਮੁੱਦਾ ਹੈ। ਪਰ ਤੁਸੀਂ (ਪ੍ਰਧਾਨ ਮੰਤਰੀ) ਲੋਕਾਂ ਨੂੰ ਐਨ ਆਰ ਸੀ ਲਈ ਉਸੇ ਤਰ੍ਹਾਂ ਕਤਾਰ ਵਿੱਚ ਬਿਠਾਉਣਾ ਚਾਹੁੰਦੇ ਹੋ ਜਿਵੇਂ ਨੋਟਬੰਦੀ ਦੇ ਸਮੇਂ।

ਪੁਲਿਸ ਨੇ ਦੱਸਿਆ ਕਿ ਉੱਤਰ ਪੂਰਬੀ ਦਿੱਲੀ ਦੇ ਸੀਲਮਪੁਰ, ਜ਼ਫਰਾਬਾਦ, ਵੈਲਕਮ ਅਤੇ ਮੁਸਤਫਾਬਾਦ ਖੇਤਰਾਂ ਵਿੱਚ ਫਲੈਗ ਮਾਰਚ ਕੱਢਿਆ ਗਿਆ। ਇਸ ਤੋਂ ਇਲਾਵਾ ਉੱਤਰ-ਪੂਰਬੀ ਦਿੱਲੀ ਵਿੱਚ ਅਮਨ-ਕਾਨੂੰਨ ਨੂੰ ਬਣਾਈ ਰੱਖਣ ਲਈ ਨੇੜਲੇ ਜ਼ਿਲ੍ਹਿਆਂ ਤੋਂ ਬੁਲਾਏ ਗਏ ਪੁਲਿਸ ਬਲਾਂ ਅਤੇ ਨੀਮ ਫੌਜੀ ਬਲਾਂ ਦੀਆਂ 15 ਕੰਪਨੀਆਂ ਤਾਇਨਾਤ ਕੀਤੀਆਂ ਹਨ। ਸਥਿਤੀ 'ਤੇ ਨਜ਼ਰ ਰੱਖਣ ਲਈ ਦਿੱਲੀ ਪੁਲਿਸ ਡਰੋਨ ਦੀ ਵੀ ਮਦਦ ਲੈ ਰਹੀ ਹੈ।