ਰਾਸ਼ਟਰਪਤੀ ਮੈਡਲ ਲੈ ਚੁੱਕਿਆ ਕਸ਼ਮੀਰ ਦਾ ਡੀਐਸਪੀ ਅੱਤਵਾਦੀਆਂ ਨਾਲ ਹੋਇਆ ਗਿਰਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਪੁਲਿਸ ਨੇ ਹਿਜ਼ਬੁੱਲਾ ਦੇ ਦੋ ਅੱਤਵਾਦੀਆਂ ਨੂੰ ਵੀ ਲਿਆ ਹਿਰਾਸਤ ਵਿਚ

File Photo

ਸ਼੍ਰੀਨਗਰ : ਜੰਮੂ ਕਸ਼ਮੀਰ ਵਿਚ ਸ਼ਨਿੱਚਰਵਾਰ ਨੂੰ ਪੁਲਿਸ ਨੇ ਚੈਕਿੰਗ ਦੇ ਦੌਰਾਨ ਦੋ ਹਿੱਜ਼ਬੁਲਾ ਅੱਤਵਾਦੀਆਂ ਦੇ ਨਾਲ ਇਕ ਡੀਐਸਪੀ ਨੂੰ ਗਿਰਫ਼ਤਾਰ ਕੀਤਾ ਹੈ।ਇਹ ਇਕ ਕਾਰ ਦੇ ਵਿਚ ਸਵਾਰ ਹੋ ਕੇ ਜਾਂ ਰਹੇ ਸਨ। ਜਾਣਕਾਰੀ ਅਨੁਸਾਰ ਡੀਐਸਪੀ ਦੇਵੇਂਦਰ ਸਿੰਘ ਨੂੰ ਦੱਖਣੀ ਕਸ਼ਮੀਰ ਦੇ ਕੁਲਗਾਮ ਜਿਲ੍ਹੇ ਤੋਂ ਹਿਰਾਸਤ ਵਿਚ ਲਿਆ ਗਿਆ ਹੈ।

ਦਰਅਸਲ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਦੋ ਅੱਤਵਾਦੀ ਕਾਰ ਵਿਚ ਸਵਾਰ ਹੋ ਕੇ ਆ ਰਹੇ ਹਨ ਪਰ ਪੁਲਿਸ ਨੂੰ ਇਹ ਨਹੀਂ ਪਤਾ ਸੀ ਕਿ ਡੀਐਸਪੀ ਵੀ ਉਨ੍ਹਾਂ ਦੇ ਨਾਲ ਹੈ। ਜਾਣਕਾਰੀ ਦੇ ਅਧਾਰ 'ਤੇ ਜਦੋਂ ਪੁਲਿਸ ਨੇ ਗੱਡੀਆਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਇਸੇ ਦੌਰਾਨ ਦੋਵਾਂ ਅੱਤਵਾਦੀਆਂ ਦੇ ਨਾਲ ਡੀਐਸਪੀ ਨੂੰ ਗਿਰਫ਼ਤਾਰ ਕਰ ਲਿਆ ਗਿਆ।

ਉਨ੍ਹਾਂ ਕੋਲੇ ਵਿਸਫੋਟ ਦਾ ਸਮਾਨ ਅਤੇ ਹਥਿਆਰ ਵੀ ਬਰਮਾਦ ਕੀਤੇ ਗਏ ਹਨ। ਸੂਤਰਾਂ ਅਨੁਸਾਰ ਪੁਲਿਸ ਤਿੰਨਾਂ ਤੋਂ ਪੁੱਛਗਿਛ ਕਰ ਰਹੀ ਹੈ ਅਤੇ ਡੀਐਸਪੀ ਦੇ ਘਰ ਸਮੇਤ ਕਈ ਥਾਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਤਵਾਦੀਆਂ ਦੇ ਕੋਲੋਂ ਦੋ ਏਕੇ-47 ਬਰਾਮਦ ਹੋਏ ਹਨ। ਜਾਣਕਾਰੀ ਅਨੁਸਾਰ ਗਿਰਫਤਾਰ ਕੀਤੇ ਡੀਐਸਪੀ ਦੇਵੇਂਦਰ ਸਿੰਘ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਮਿਲ ਚੁੱਕਿਆ ਹੈ।

ਇਹ ਮੈਡਲ ਉਨ੍ਹਾਂ ਨੂੰ ਅੱਤਵਾਦੀਆ ਵਿਰੁੱਧ ਅਸਰਦਾਰ ਆਪਰੇਸ਼ਨ ਦੇ ਕਾਰਨ ਬੀਤੇ ਸਾਲ 15 ਅਗਸਤ ਨੂੰ ਮਿਲਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਇੰਸਪੈਕਟਰ ਦੇ ਅਹੁੱਦੇ ਤੋਂ ਤਰੱਕੀ ਦਿੰਦਿਆ ਡੀਐਸਪੀ ਬਣਾ ਦਿੱਤਾ ਗਿਆ ਸੀ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਇਸ ਵੇਲੇ ਉਨ੍ਹਾਂ ਦੀ ਸ਼੍ਰੀਨਗਰ ਇੰਟਰਨੈਸ਼ਨਲ ਏਅਰਪੋਰਟ 'ਤੇ ਡਿਊਟੀ ਸੀ। ਪਿਛਲੇ ਕੁੱਝ ਦਿਨਾਂ ਤੋਂ ਉਹ ਛੁੱਟੀ 'ਤੇ ਚੱਲ ਰਹੇ ਸਨ। ਇਸ ਤੋਂ ਪਹਿਲਾਂ ਉਹ ਐਂਟੀ ਟੈਰਰ ਸਪੈਸ਼ਲ ਆਪਰੇਸ਼ਨ ਗਰੁੱਪ ਦਾ ਹਿੱਸਾ ਰਹੇ ਹਨ।