ਅੱਜ ਤੋਂ ਨਵੇਂ ਨਾਮ ਨਾਲ ਜਾਣੀ ਜਾਵੇਗੀ 'ਕੋਲਕਾਤਾ ਬੰਦਰਗਾਹ'!
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਐਲਾਨ
ਕੋਲਕਾਤਾ : ਕੇਂਦਰ ਸਰਕਾਰ ਕੋਲਕਾਤਾ ਪੋਰਟ ਟਰੱਸਟ ਦਾ ਨਾਮ ਬਦਲ ਕੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ 'ਤੇ ਕਰਨ ਜਾ ਰਹੀ ਹੈ। ਇਸ ਸਬੰਧੀ ਐਲਾਨ ਅੱਜ ਪੱਛਮੀ ਬੰਗਾਲ ਦੇ ਕੋਲਕਾਤਾ ਪੋਰਟ ਟਰੱਸਟ ਵਿਖੇ ਇਕ ਪ੍ਰੋਗਰਾਮ 'ਚ ਹਿੱਸਾ ਲੈਣ ਆਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ।
ਇਸ ਮੌਕੇ ਅਪਣੇ ਸੰਬੋਧਨ 'ਚ ਉਨ੍ਹਾਂ ਕਿਹਾ ਕਿ ਅੱਜ ਦਾ ਦਿਨ ਕੋਲਕਾਤਾ ਪੋਰਟ ਟਰੱਸਟ ਅਤੇ ਇਸ ਨਾਲ ਜੁੜੇ ਅਤੇ ਕੰਮ ਕਰ ਚੁੱਕੇ ਲੋਕਾਂ ਲਈ ਬੜਾ ਅਹਿਮ ਮੌਕਾ ਹੈ। ਉਨ੍ਹਾਂ ਕਿਹਾ ਕਿ ਬੰਦਰਗਾਹ ਵਿਕਾਸ ਨੂੰ ਨਵੀਂ ਊਰਜਾ ਦੇਣ ਦਾ ਇਸ ਤੋਂ ਵਧੀਆ ਕੋਈ ਹੋਰ ਮੌਕਾ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਕੋਲਕਾਤਾ ਪੋਰਟ ਦੇ ਵਿਸਥਾਰ ਤੇ ਆਧੁਨਿਕੀਕਰਨ ਲਈ ਅੱਜ ਕਰੋੜਾਂ ਰੁਪਏ ਦੀ ਲਾਗਤ ਵਾਲੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦੌਰਾਨ ਆਦਿਵਾਸੀਆਂ ਦੀਆਂ ਧੀਆਂ ਦੀ ਸਿੱਖਿਆ ਤੇ ਕੌਸ਼ਲ ਵਿਕਾਸ ਲਈ ਹੋਸਟਲ ਤੇ ਹੁਨਰ ਵਿਕਾਸ ਕੇਂਦਰ ਦਾ ਨੀਂਹ–ਪੱਥਰ ਰੱਖਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੱਛਮੀ ਬੰਗਾਲ ਅਤੇ ਦੇਸ਼ ਦੀ ਇਸੇ ਭਾਵਨਾ ਨੂੰ ਸਲਾਮ ਕਰਦਿਆਂ ਕੋਲਕਾਤਾ ਪੋਰਟ ਟ੍ਰੱਸਟ ਦਾ ਨਾਂਅ, ਭਾਰਤ ਦੇ ਉਦਯੋਗੀਕਰਨ ਦੇ ਮੋਢੀ, ਬੰਗਾਲ ਦੇ ਵਿਕਾਸ ਦਾ ਸੁਫ਼ਨਾ ਲੈ ਕੇ ਜਿਊਣ ਵਾਲੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ 'ਤੇ ਕਰਨ ਦਾ ਐਲਾਨ ਕਰਦਾ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਲਕਾਤਾ ਬੰਦਰਗਾਹ ਦੇ ਵਿਸਥਾਰ ਤੇ ਆਧੁਨਿਕੀਕਰਨ ਲਈ ਅੱਜ ਸੈਂਕੜੇ ਕਰੋੜ ਰੁਪਏ ਦੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਦੀ ਸ਼ੁਰੂਆਤ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਬੰਦਰਗਾਹ ਭਾਰਤ ਦੀ ਉਦਯੋਗਿਕ, ਅਧਿਆਤਮਕ ਤੇ ਆਤਮ–ਨਿਰਭਰਤਾ ਦੀ ਪ੍ਰਤੀਕ ਵਜੋਂ ਉਭਰੀ ਹੈ।
ਉਨ੍ਹਾਂ ਕਿਹਾ ਕਿ ਬੰਗਾਲ ਦੇ ਮਹਾਨ ਆਗੂ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੇ ਦੇਸ਼ ਵਿਚ ਸਨਅਤੀਕਰਨ ਦੀ ਨੀਂਹ ਰੱਖੀ ਸੀ। ਚਿਤਰੰਜਨ ਲੋਕੋਮੋਟਿਵ ਫ਼ੇਕਟਰੀ, ਹਿੰਦੁਸਤਾਨ ਏਅਰਕ੍ਰਾਫ਼ਟ ਫ਼ੈਕਟਰੀ, ਸਿੰਦਰੀ ਫ਼ਰਟੀਲਾਈਜ਼ਰ ਕਾਰਖਾਨਾ ਤੇ ਦਾਮੋਦਰ ਵੈਲੀ ਕਾਰਪੋਰੇਸ਼ਨ, ਅਜਿਹੇ ਹੋਰ ਵੱਡੇ ਪ੍ਰੋਜੈਕਟਾਂ ਦੇ ਵਿਕਾਸ ਵਿਚ ਡਾ. ਮੁਖਰਜੀ ਦਾ ਯੋਗਦਾਨ ਦਾ ਅਹਿਮ ਯੋਗਦਾਨ ਰਿਹਾ ਹੈ।