ਕਿਸਾਨ ਵੀਰਾਂ ਦੇ ਫਟੇ ਕੱਪੜੇ ਦੇਖੇ ਤਾਂ ਮਸ਼ੀਨ ਚੁੱਕ ਬਰਨਾਲੇ ਤੋਂ ਦਿੱਲੀ ਪਹੁੰਚ ਗਿਆ ਨੌਜਵਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਿਸਾਨਾਂ ਲਈ ਦਿੱਤੀ ਜਾ ਰਹੀ ਮੁਫਤ ਸਿਲਾਈ ਸੇਵਾ

Free stitching facility at Delhi border

ਨਵੀਂ ਦਿੱਲੀ (ਦਿਲਬਾਗ ਸਿੰਘ): ਦਿੱਲੀ ਬਾਰਡਰ ‘ਤੇ ਜਾਰੀ ਕਿਸਾਨੀ ਮੋਰਚੇ ਵਿਚ ਡਟੇ ਹੋਏ ਕਿਸਾਨਾਂ ਨੂੰ ਵੱਖ-ਵੱਖ ਸਹੂਲਤਾਂ ਦੇਣ ਲਈ ਸੰਸਥਾਵਾਂ ਤੇ ਸਮਾਜਸੇਵੀਆਂ ਵੱਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਦੌਰਾਨ ਆਮ ਲੋਕ ਵੀ ਕਿਸਾਨਾਂ ਦੀ ਮਦਦ ਲਈ ਅੱਗੇ ਆ ਰਹੇ ਹਨ।

ਇਸ ਦੇ ਚਲਦਿਆਂ ਬਰਨਾਲੇ ਤੋਂ ਇਕ ਵਿਅਕਤੀ ਕਿਸਾਨ ਵੀਰਾਂ ਦੇ ਫਟੇ ਹੋਏ ਕੱਪੜੇ ਸਿਉਣ ਲਈ ਦਿੱਲੀ ਪਹੁੰਚਿਆ ਹੈ। ਇਸ ਵੀਰ ਵੱਲੋਂ ਕਿਸਾਨਾਂ ਲਈ ਮੁਫਤ ਸਿਲਾਈ ਸੇਵਾ ਦਿੱਤੀ ਜਾ ਰਹੀ ਹੈ। ਬਰਨਾਲਾ ਦੇ ਰਹਿਣ ਵਾਲੇ ਦਲਬੀਰ ਸਿੰਘ ਨੇ ਰੋਜ਼ਾਨਾ ਸਪੋਕਸਮੈਨ ਨੂੰ ਦੱਸਿਆ ਕਿ ਉਹ 28 ਦਸੰਬਰ ਤੋਂ ਹੀ ਬਾਰਡਰ ‘ਤੇ ਸੇਵਾ ਕਰ ਰਹੇ ਹਨ। ਦਲਬੀਰ ਸਿੰਘ ਅਪਣੇ ਦੋਸਤ ਤਜਿੰਦਰ ਸਿੰਘ ਨਾਲ ਦਿੱਲੀ ਆਏ ਸੀ।

ਦਲਬੀਰ ਸਿੰਘ ਨੇ ਦੱਸਿਆ ਕਿ ਉਹ ਪਹਿਲਾਂ ਟਿਕਰੀ ਬਾਰਡਰ ‘ਤੇ ਸੀ। ਜਦੋਂ ਉਹ ਸਿੰਘੂ ਬਾਰਡਰ ਆਏ ਤਾਂ ਉਹਨਾਂ ਨੂੰ ਵੱਖਰਾ ਹੀ ਨਜ਼ਾਰਾ ਦੇਖਣ ਲਈ ਮਿਲਿਆ। ਇਕ ਪਾਸੇ ਨੌਜਵਾਨ ਠੰਢ ਵਿਚ ਬਜ਼ੁਰਗਾਂ ਦੇ ਕੱਪੜੇ ਧੋ ਰਹੇ ਸਨ ਤਾਂ ਦੂਜੇ ਪਾਸੇ ਨੌਜਵਾਨ ਬਜ਼ੁਰਗਾਂ ਦੇ ਮਾਲਿਸ਼ ਕਰ ਰਹੇ ਸਨ। ਇਕ ਪਾਸੇ ਮੋਚੀ ਜੁੱਤੀਆਂ ਨੂੰ ਟਾਂਕੇ ਲਗਾ ਰਿਹਾ ਸੀ।

ਇਸ ਦੌਰਾਨ ਹੀ ਦਲਬੀਰ ਸਿੰਘ ਨੇ ਦੇਖਿਆ ਕਿ ਕਈ ਬਜ਼ੁਰਗਾਂ ਦੇ ਕੱਪੜੇ ਫਟੇ ਹੋਏ ਸਨ ਤਾਂ ਉਹਨਾਂ ਦਾ ਧਿਆਨ ਅਪਣੇ ਕਿੱਤੇ ਵੱਲ ਗਿਆ। ਦਲਬੀਰ ਸਿੰਘ ਨੇ ਕਈ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਜਾਣਨਾ ਚਾਹਿਆ ਕਿ ਉਹਨਾਂ ਦੇ ਕੱਪੜੇ ਕਿਵੇਂ ਫਟੇ। ਹਰ ਕਿਸੇ ਕੋਲ ਵੱਖ-ਵੱਖ ਕਾਰਨ ਸੀ। ਦਲਬੀਰ ਸਿੰਘ ਨੇ ਕਿਸਾਨਾਂ ਲਈ ਵਿਸ਼ੇਸ਼ ਸਹੂਲਤ ਸ਼ੁਰੂ ਕਰਨ ਦਾ ਫੈਸਲਾ ਕੀਤਾ।

ਇਹ ਸਾਰੀ ਘਟਨਾ ਦਲਬੀਰ ਸਿੰਘ ਨੇ ਅਪਣੇ ਪਰਿਵਾਰ ਨਾਲ ਸਾਂਝੀ ਕੀਤੀ ਤਾਂ ਉਹਨਾਂ ਨੇ ਦਲਬੀਰ ਸਿੰਘ ਦੇ ਫੈਸਲੇ ਦਾ ਸਮਰਥਨ ਕੀਤਾ। ਇਸ ਤੋਂ ਬਾਅਦ ਉਹ ਅਪਣੀ ਸਿਲਾਈ ਮਸ਼ੀਨ ਲੈ ਕੇ ਅਪਣੇ ਦੋਸਤ ਨਾਲ ਦਿੱਲੀ ਬਾਰਡਰ ‘ਤੇ ਪਹੁੰਚੇ। ਦਲਬੀਰ ਸਿੰਘ ਨੇ ਕਿਸਾਨਾਂ ਨੂੰ ਖੁਦਕੁਸ਼ੀ ਦਾ ਰਾਹ ਨਾ ਚੁਣਨ ਦੀ ਅਪੀਲ ਵੀ ਕੀਤੀ।