ਪਿੰਡਾਂ ਨੂੰ ਖੁਲ੍ਹੇ 'ਚ ਪਖਾਨਾ ਮੁਕਤ ਬਣਾਉਣ ਵਾਲੀਆਂ 12 ਮਹਿਲਾ ਸਰਪੰਚ-ਪੰਚ ਹੋਣਗੀਆਂ ਸਨਮਾਨਿਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਇਹਨਾਂ ਸਾਰੀਆਂ ਔਰਤਾਂ ਨੇ ਅਪਣੇ ਪਿੰਡਾਂ ਨੂੰ ਖੁਲ੍ਹੇ ਵਿਚ ਪਖਾਨਾ ਮੁਕਤ  ਬਣਾਉਣ ਲਈ ਕਈ ਰੁਕਾਵਟਾਂ ਪਾਰ ਕੀਤੀਆਂ।

Selected women sarpanch-panch

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੱਛਤਾ ਮੁਹਿੰਮ ਅਧੀਨ ਅਪਣੇ ਪਿੰਡਾਂ ਨੂੰ ਖੁਲ੍ਹੇ ਵਿਚ ਪਖਾਨਾ ਮੁਕਤ ਕਰਵਾਉਣ ਲਈ ਦੇਸ਼ ਭਰ ਤੋਂ 12 ਮਹਿਲਾ  ਸਰਪੰਚਾਂ-ਪੰਚਾਂ ਨੂੰ ਸਨਮਾਨਿਤ ਕਰਨਗੇ। ਸੱਵਛਤਾ ਨੂੰ ਉਤਸ਼ਾਹਿਤ ਕਰਨ ਹਿੱਤ ਪਿਛਲੇ ਸਾਲ ਪੀਣ ਵਾਲੇ ਪਾਣੀ ਅਤੇ ਸਵੱਛਤਾ ਮੰਤਰਾਲੇ ਵੱਲੋਂ ਅਰਜ਼ੀਆਂ ਮੰਗੀਆਂ ਗਈਆਂ ਸਨ, ਜਿਸ ਤੋਂ ਬਾਅਦ ਦੇਸ਼ ਭਰ ਤੋਂ 12 ਮਹਿਲਾ ਸਰਪੰਚਾਂ-ਪੰਚਾਂ ਦੀ ਚੋਣ ਕੀਤੀ ਗਈ।

ਚੁਣੀਆਂ ਗਈਆਂ ਇਹਨਾਂ ਸਾਰੀਆਂ ਔਰਤਾਂ ਨੇ ਅਪਣੇ ਪਿੰਡਾਂ ਨੂੰ ਖੁਲ੍ਹੇ ਵਿਚ ਪਖਾਨਾ ਮੁਕਤ ਬਣਾਉਣ ਲਈ ਕਈ ਰੁਕਾਵਟਾਂ ਪਾਰ ਕੀਤੀਆਂ। ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਦਿਹਾਤ ਵਿਚ ਲੋਕਾਂ ਨੂੰ ਇਸ ਬਾਬਤ ਜਾਣਕਾਰੀ ਦੇ ਕੇ ਜਾਗਰੂਕ ਕਰਨਾ ਬਹੁਤ ਔਖਾ ਸੀ। ਸਰਕਾਰ ਵੱਲੋਂ ਪਿੰਡਾਂ ਨੂੰ ਦਿਤੇ ਗਏ ਟੀਚਿਆਂ ਦੀ ਪ੍ਰਾਪਤੀ ਵਿਚ ਇਹਨਾਂ ਔਰਤਾਂ ਨੇ ਬਿਹਤਰੀਨ ਪ੍ਰਦਰਸ਼ਨ ਕੀਤਾ, 

ਉਥੇ ਨਾਲ ਹੀ ਇਹਨਾਂ ਨੇ ਅਪਣੇ ਘਰ ਵਿਚ ਪਖਾਨਿਆਂ ਨੂੰ ਬਾਹਰ ਅਤੇ ਅੰਦਰੋਂ ਵੀ ਚਿੱਤਰਕਾਰੀ ਰਾਹੀਂ ਸਜਾਵਟੀ ਬਣਾਇਆ ਹੈ। ਤਾਮਿਲਨਾਡੂ ਦੀ ਰਾਧਿਕਾ ਦੱਸਦੀ ਹੈ ਕਿ ਜਦ ਲੋਕਾਂ ਨੂੰ ਘਰਾਂ ਵਿਚ ਪਖਾਨਿਆਂ ਲਈ ਕਿਹਾ ਤਾਂ ਉਹ ਲੜਨ ਲਗੇ। ਅਸੀਂ ਲੋਕਾਂ ਦੀਆਂ ਗਾਲਾਂ ਵੀ ਸੁਣੀਆਂ। ਮੈਨੂੰ ਪਿੰਡਾਂ ਵਿਚ 990 ਪਖਾਨੇ ਬਣਾਉਣ ਦਾ ਟੀਚਾ ਦਿਤਾ ਗਿਆ ਸੀ ਪਰ ਮੈਂ ਅਪਣੇ ਪਿੰਡ ਅਤੇ ਨੇੜਲੇ ਪਿੰਡਾਂ ਵਿਚ ਡੇਢ ਹਜ਼ਾਰ ਪਖਾਨੇ ਬਣਵਾਏ।

ਬ੍ਰਹਮੀ ਪਿੰਡ ਦੀ ਸਰਪੰਚ ਮਾਧੁਰੀ ਗੋਡਮਾਰੇ ਨੂੰ ਵੀ ਅਜਿਹੇ ਹੀ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ। ਉਹ ਦੱਸਦੀ ਹਨ ਕਿ ਸ਼ੁਰੂ ਵਿਚ ਲੋਕ ਘਰਾਂ ਵਿਚ ਪਖਾਨੇ ਬਣਾਉਣ ਲਈ ਤਿਆਰ ਨਹੀਂ ਹੋਏ। ਬਾਅਦ ਵਿਚ ਕਿਸੇ ਤਰ੍ਹਾਂ ਉਹ ਲੋਕਾਂ ਨੂੰ ਮਨਾਉਣ ਵਿਚ ਕਾਮਯਾਬ ਰਹੀ। ਉਹਨਾਂ ਨੇ ਅਪਣੇ ਪਿੰਡ ਵਿਚ ਐਤਵਾਰ ਨੂੰ ਮੁਫ਼ਤ ਵਿਚ ਸਮੂਹਿਕ ਕੰਮ ਕਰਨ ਦੀ ਰੀਤ ਵੀ ਸ਼ੁਰੂ ਕੀਤੀ। ਮੇਘਾਲਿਆ ਤੋਂ ਮਾਰਸ਼ਲ ਦੱਸਦੀ ਹੈ,

ਕਿ ਉਹਨਾਂ ਦੇ ਪਿੰਡ ਵਿਚ 180 ਘਰ ਹਨ ਪਰ ਕਿਸੇ ਵਿਚ ਵੀ ਪਖਾਨਾ ਨਹੀਂ ਸੀ। ਉਸ ਨੇ ਪਹਿਲਾਂ ਅਪਣੇ ਘਰ ਪਖਾਨਾ ਬਣਵਾਇਆ। ਅੱਜ ਉਸ ਦਾ ਪਿੰਡ ਖੁਲ੍ਹੇ ਵਿਚ ਪਖਾਨਾ ਮੁਕਤ ਹੋਣ ਦੇ ਨਾਲ ਹੀ ਸਵੱਛਤਾ ਵਿਚ ਵੀ ਪਹਿਲੇ ਨੰਬਰ 'ਤੇ ਹੈ। ਮੋਹਾਲੀ ਦੀ ਰੀਟਾ ਅਤੇ ਮਿਰਜ਼ਾਪੁਰ ਦੀ ਪੁਸ਼ਪਾ ਨੇ ਹੁਣ ਸਵੱਛਤਾ ਨੂੰ ਅਪਣਾ ਮਿਸ਼ਨ ਬਣਾ ਲਿਆ ਹੈ।