ਕਿਸਾਨੀ ਅੰਦਲਨ ਨੂੰ ਨਿਵੇਕਲੀ ਸੇਧ ਦੇ ਰਿਹੈ ਨੌਜਵਾਨਾਂ ਵਲੋਂ ਖੋਲ੍ਹਿਆ ਗਿਆ 'ਜੰਗੀ ਕਿਤਾਬ ਘਰ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਨੌਜਵਾਨਾਂ ਵਿਚ ਸੰਘਰਸ਼ਸੀਲ ਕਿਤਾਬਾਂ ਨੂੰ ਲੈ ਕੇ ਭਾਰੀ ਉਤਸ਼ਾਹ

Jangi Kitab Ghar

ਨਵੀਂ ਦਿੱਲੀ (ਅਰਪਨ ਕੌਰ) : ਦਿੱਲੀ ਦੀਆਂ ਬਰੂਹਾਂ 'ਤੇ ਚੱਲ ਰਹੇ ਕਿਸਾਨੀ ਸੰਘਰਸ਼ ਵਿਚ ਨਵੀਂ ਰੂਹ ਫੂਕਣ ਵਿਚ ਸਥਾਨਕ ਮੀਡੀਆਂ ਤੋਂ ਇਲਾਵਾ ਉਸਾਰੂ ਪ੍ਰਚਾਰ ਸਮੱਗਰੀ ਦਾ ਵੱਡਾ ਯੋਗਦਾਨ ਹੈ। ਸਿੰਘੂ ਬਾਰਡਰ ਸਮੇਤ ਦੂਜੀਆਂ ਥਾਵਾਂ 'ਤੇ ਲੱਗੇ ਕਿਤਾਬਾਂ ਤੇ ਸਟਾਲ ਇਸ ਵਿਚ ਵਿਸ਼ੇਸ਼ ਯੋਗਦਾਨ ਪਾ ਰਹੇ ਹਨ। ਇੱਥੇ ਹੀ 'ਜੰਗੀ ਕਿਤਾਬ ਘਰ' ਦੇ ਨਾਮ ਹੇਠ ਖੋਲ੍ਹੀ ਗਈ ਲਾਇਬ੍ਰੇਰੀ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ ਹੋਈ ਹੈ। ਇਸ ਨੂੰ ਇਹ ਨਾਮ ਕਿਸਾਨਾਂ ਦੀ ਹੱਕਾਂ ਲਈ ਲੜੀ ਜਾ ਰਹੀ ਜੰਗ (ਅੰਦੋਲਨ) ਕਰ ਕੇ ਦਿੱਤਾ ਗਿਆ ਹੈ। 

ਲਾਇਬ੍ਰੇਰੀ ਦੇ ਪ੍ਰਬੰਧਕਾਂ ਮੁਤਾਬਕ ਉਹ ਪਹਿਲੀ ਕੁੱਝ ਗਿਣਤੀ ਦੀਆਂ ਕਿਤਾਬਾਂ ਲੈ ਕੇ ਆਏ ਸਨ ਜਿਨ੍ਹਾਂ ਨੂੰ ਇਕ ਮੇਜ 'ਤੇ ਰੱਖ ਕੇ ਪਾਠਕਾਂ ਨੂੰ ਸਕਿਉਰਟੀ ਲੈ ਕੇ ਪੜ੍ਹਣ ਲਈ ਦਿਤਾ ਜਾਂਦਾ ਸੀ। ਇਹ ਉਪਰਾਲਾ ਜਸਵੀਰ ਸਿੰਘ, ਗੁਰਸ਼ਰਨ ਸਿੰਘ ਅਤੇ ਕਿਰਨਪ੍ਰੀਤ ਸਿੰਘ ਨਾਮ ਦੇ ਤਿੰਨ ਨੌਜਵਾਨਾਂ ਵਲੋਂ ਕੀਤਾ ਗਿਆ ਹੈ।

ਕਿਰਨਪ੍ਰੀਤ ਸਿੰਘ ਮੁਤਾਬਕ ਵਿਦਿਆਰਥੀ ਹੋਣ ਦੇ ਨਾਤੇ ਸਾਨੂੰ ਮਹਿਸੂਸ ਹੋਇਆ ਕਿ ਜਿਹੜੀਆਂ ਕਿਤਾਬਾਂ ਨੇ ਸਾਡੀ ਸੋਚ ਬਦਲੀ ਹੈ, ਉਨ੍ਹਾਂ ਨੂੰ ਵੱਧ ਤੋਂ ਵੱਧ ਲੋਕਾਂ ਦੇ ਰੂਬਰੂ ਕਰਵਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਮੁਕਤੀ ਦਾ ਰਾਹ ਹੁੰਦੀਆਂ ਹਨ। ਇਸ ਲਈ ਅਸੀਂ ਫੈਸਲਾ ਕੀਤਾ ਕਿ ਅਸੀਂ ਇਸ ਜੰਗ ਦੇ ਮੈਦਾਨ ਵਿਚ ਵੀ ਲਾਇਬ੍ਰੇਰੀ ਖੋਲ੍ਹਾਂਗੇ। 

ਇਸ ਤੋਂ ਬਾਅਦ ਅਸੀਂ ਜੰਗੀ ਕਿਤਾਬ ਘਰ ਦੇ ਨਾਲ ਹੇਠ ਲਾਇਬ੍ਰੇਰੀ ਖੋਲੀ ਹੈ। ਸ਼ੁਰੂ ਵਿਚ ਅਸੀਂ ਕੁੱਝ ਕੁ ਕਿਤਾਬਾਂ ਲੈ ਕੇ ਆਏ ਸਾਂ ਪਰ ਅੱਜ ਸਾਡੇ ਕੋਲ ਤਿੰਨ ਅਲਮਾਰੀਆਂ ਭਰੀਆਂ ਪਈਆਂ ਹਨ ਅਤੇ ਟੈਂਟ ਵੀ ਤਿਆਰ ਕੀਤਾ ਜਾ ਰਿਹਾ ਹੈ, ਜਿੱਥੇ ਕਿਤਾਬਾਂ ਸਜਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿਚ ਕਿਤਾਬਾਂ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਲਾਇਬ੍ਰੇਰੀ ਨਾਲ ਵੱਡੀ ਗਿਣਤੀ ਪਾਠਕ ਜੁੜ ਚੁੱਕੇ ਹਨ। ਇੱਥੋਂ ਤਕ ਕਿ ਉਰਦੂ ਦੇ ਪਾਠਕਾਂ ਦੀ ਮੰਗ 'ਤੇ ਉਰਦੂ ਦੀਆਂ ਕਿਤਾਬਾਂ ਵੀ ਮੰਗਵਾਈਆਂ ਗਈਆਂ ਹਨ। ਜਸਬੀਰ ਸਿੰਘ ਨਾਲ ਦੇ ਨੌਜਵਾਨ ਨੇ ਕਿਹਾ ਕਿ ਇੱਥੇ ਸੰਘਰਸ਼ਸੀਲ ਕਿਤਾਬਾਂ ਦੀ ਬੜੀ ਮੰਗ ਹੈ। 

ਖਾਸ ਕਰ ਕੇ ਸਿੱਖ ਯੋਧਿਆਂ ਦੀਆਂ ਕਿਤਾਬਾਂ ਨੂੰ ਨੌਜਵਾਨ ਵਰਗ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਅਜਿਹੇ ਪਾਠਕ ਹਨ ਜੋ ਹਰੀ ਸਿੰਘ ਨਲੂਆ ਦੀ ਕਿਤਾਬ ਪੜ੍ਹ ਚੁੱਕੇ ਹਨ। ਇਸੇ ਤਰ੍ਹਾਂ ਸੋਹਣ ਸਿੰਘ ਸੀਤਲ ਦੀ ਕਿਤਾਬ 'ਸਿੱਖ ਰਾਜ ਕਿਵੇਂ ਆਇਆ ਅਤੇ ਕਿਵੇਂ ਗਿਆ' ਕਿਤਾਬ ਨੂੰ ਵੀ ਪਾਠਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਹੈ। ਬਜੁਰਗਾਂ ਵਲੋਂ ਗਦਰੀ ਬਾਬਿਆਂ ਦੀ ਕਿਤਾਬਾਂ ਦੀ ਮੰਗ ਕੀਤੀ ਜਾਂਦੀ ਹੈ। ਜਦਕਿ ਅੰਦੋਲਨ ਵਿਚ ਭਰਵੀ ਸ਼ਮੂਲੀਅਤ ਕਰਨ ਵਾਲੀਆਂ ਔਰਤਾਂ ਵਲੋਂ ਮਹਾਰਾਣੀ ਜਿੰਦਾ ਬਾਰੇ ਕਿਤਾਬ ਬਹੁਤ ਜ਼ਿਆਦਾ ਪੜ੍ਹੀ ਗਈ ਹੈ। 

26 ਜਨਵਰੀ ਦੀ ਘਟਨਾ ਸਬੰਧੀ ਜਸਬੀਰ ਸਿੰਘ ਕਹਿੰਦੇ ਹਨ ਕਿ ਇਸ ਦਿਨ ਨੇ ਸੰਘਰਸ਼ ਨੂੰ ਨਵੀਂ ਦਿਸ਼ਾ ਦਿਤੀ ਹੈ। ਇਸ ਤੋਂ ਪਹਿਲਾ ਸਾਰਾ ਦਬਾਅ ਸੰਘਰਸ਼ੀ ਧਿਰਾਂ 'ਤੇ ਸੀ ਪਰ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਅਪੀਲ ਤੋਂ ਬਾਅਦ ਕਿਸਾਨੀ ਸੰਘਰਸ਼ ਚਰਮ ਸੀਮਾ 'ਤੇ ਪਹੁੰਚ ਗਿਆ ਹੈ ਅਤੇ ਅੱਜ ਸਰਕਾਰ ਅਤੇ ਸੰਘਰਸ਼ ਧਿਰਾਂ ਦੋਵਾਂ 'ਤੇ ਬਰਾਬਰ ਦਾ ਦਬਾਅ ਹੈ। ਉਨ੍ਹਾਂ ਕਿਹਾ ਕਿ 26 ਦੀ ਘਟਨਾ ਤੋਂ ਬਾਅਦ ਸਰਕਾਰ ਨੇ ਇੰਟਰਨੈੱਟ ਬੰਦ ਕਰ ਦਿਤਾ ਜੋ ਸਾਡੇ ਪਾਠਕਾਂ ਦੀ ਗਿਣਤੀ ਵਿਚ ਚੋਖਾ ਵਾਧਾ ਕਰ ਗਿਆ ਹੈ।