ਮੋਦੀ ਦੇ ਅਰੁਣਾਚਲ ਪ੍ਰਦੇਸ਼ ਦੌਰੇ ’ਤੇ ਚੀਨ ਦੇ ਇਤਰਾਜ਼ ਨੂੰ ਭਾਰਤ ਨੇ ਕੀਤਾ ਖਾਰਜ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ

PM Modi

ਨਵੀਂ ਦਿੱਲੀ: ਭਾਰਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰੁਣਾਚਲ ਪ੍ਰਦੇਸ਼ ਦੀ ਹਾਲੀਆ ਯਾਤਰਾ ’ਤੇ ਚੀਨ ਦੇ ਇਤਰਾਜ਼ ਨੂੰ ਮੰਗਲਵਾਰ ਨੂੰ ਪੂਰੀ ਤਰ੍ਹਾਂ ਖਾਰਜ ਕਰ ਦਿਤਾ ਅਤੇ ਕਿਹਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਚੀਨੀ ਪੱਖ ਨੂੰ ਕਈ ਮੌਕਿਆਂ ’ਤੇ ‘ਸਥਿਰ ਸਥਿਤੀ’ ਤੋਂ ਜਾਣੂ ਕਰਵਾਇਆ ਗਿਆ ਹੈ। 

ਉਨ੍ਹਾਂ ਕਿਹਾ ਕਿ ਭਾਰਤੀ ਨੇਤਾਵਾਂ ਦਾ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰਨ ਜਾਂ ਸੂਬੇ ’ਚ ਭਾਰਤ ਦੇ ਵਿਕਾਸ ਪ੍ਰਾਜੈਕਟਾਂ ’ਤੇ ਇਤਰਾਜ਼ ਕਰਨ ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ, ‘‘ਅਸੀਂ ਪ੍ਰਧਾਨ ਮੰਤਰੀ ਦੀ ਅਰੁਣਾਚਲ ਪ੍ਰਦੇਸ਼ ਯਾਤਰਾ ਬਾਰੇ ਚੀਨੀ ਪੱਖ ਵਲੋਂ ਕੀਤੀਆਂ ਟਿਪਣੀਆਂ ਨੂੰ ਰੱਦ ਕਰਦੇ ਹਾਂ।’’

ਚੀਨ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਪਿਛਲੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਰੁਣਾਚਲ ਪ੍ਰਦੇਸ਼ ਯਾਤਰਾ ਨੂੰ ਲੈ ਕੇ ਭਾਰਤ ਕੋਲ ਕੂਟਨੀਤਕ ਵਿਰੋਧ ਦਰਜ ਕਰਵਾਇਆ ਸੀ ਅਤੇ ਕਿਹਾ ਸੀ ਕਿ ਨਵੀਂ ਦਿੱਲੀ ਦੇ ਇਸ ਕਦਮ ਨਾਲ ਸਰਹੱਦੀ ਵਿਵਾਦ ਹੋਰ ਗੁੰਝਲਦਾਰ ਹੋਵੇਗਾ। ਜੈਸਵਾਲ ਨੇ ਕਿਹਾ ਕਿ ਅਜਿਹੀਆਂ ਯਾਤਰਾਵਾਂ ’ਤੇ ਚੀਨ ਦਾ ਇਤਰਾਜ਼ ਇਸ ਹਕੀਕਤ ਨੂੰ ਨਹੀਂ ਬਦਲੇਗਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਸੀ ਅਤੇ ਹਮੇਸ਼ਾ ਰਹੇਗਾ।

ਉਨ੍ਹਾਂ ਕਿਹਾ ਕਿ ਭਾਰਤੀ ਨੇਤਾ ਭਾਰਤ ਦੇ ਹੋਰ ਸੂਬਿਆਂ ਵਾਂਗ ਸਮੇਂ-ਸਮੇਂ ’ਤੇ ਅਰੁਣਾਚਲ ਪ੍ਰਦੇਸ਼ ਦਾ ਦੌਰਾ ਕਰਦੇ ਹਨ। ਭਾਰਤ ਦੇ ਅਜਿਹੇ ਦੌਰਿਆਂ ਜਾਂ ਵਿਕਾਸ ਪ੍ਰਾਜੈਕਟਾਂ ’ਤੇ ਇਤਰਾਜ਼ ਕਰਨਾ ਉਚਿਤ ਨਹੀਂ ਹੈ। ਜੈਸਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਇਹ ਇਸ ਹਕੀਕਤ ਨੂੰ ਨਹੀਂ ਬਦਲੇਗਾ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਟੁੱਟ ਅੰਗ ਸੀ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਚੀਨੀ ਪੱਖ ਨੂੰ ਕਈ ਵਾਰ ਇਸ ਸਥਿਤੀ ਤੋਂ ਜਾਣੂ ਕਰਵਾਇਆ ਜਾ ਚੁੱਕਾ ਹੈ। 

ਜੈਸਵਾਲ ਮੋਦੀ ਦੀ ਅਰੁਣਾਚਲ ਪ੍ਰਦੇਸ਼ ਯਾਤਰਾ ’ਤੇ ਚੀਨ ਦੇ ਇਤਰਾਜ਼ ਬਾਰੇ ਮੀਡੀਆ ਦੇ ਸਵਾਲਾਂ ਦਾ ਜਵਾਬ ਦੇ ਰਹੇ ਸਨ। ਚੀਨ ਅਰੁਣਾਚਲ ਪ੍ਰਦੇਸ਼ ਨੂੰ ਦਖਣੀ ਤਿੱਬਤ ਦੱਸਦਾ ਹੈ। ਇਹ ਭਾਰਤੀ ਨੇਤਾਵਾਂ ਦੇ ਰਾਜ ਦੇ ਦੌਰੇ ’ਤੇ ਨਿਯਮਤ ਤੌਰ ’ਤੇ ਇਤਰਾਜ਼ ਕਰਦਾ ਰਿਹਾ ਹੈ। ਚੀਨ ਨੇ ਇਸ ਖੇਤਰ ਦਾ ਨਾਮ ਜੈਂਗਨਾਨ ਰੱਖਿਆ ਹੈ।