ਮੋਦੀ ਨੇ ਵਿਰਾਟ ਕੋਹਲੀ ਦਾ ਚੈਲੰਜ ਪ੍ਰਵਾਨ ਕੀਤਾ ਤਾਂ ਰਾਹੁਲ ਨੇ ਅਪਣਾ ਚੈਲੰਜ ਪ੍ਰਵਾਨ ਕਰਨ ਲਈ ਕਿਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਵਿਰਾਟ ਦਾ 'ਫ਼ਿਟਨੈੱਸ ਚੈਲੰਜ' ਮਨਜ਼ੂਰ ਕਰ ਕੇ ਘਿਰੇ ਮੋਦੀ, ਦੇਸ਼ ਸਾਹਮਣੇ ਚੁਨੌਤੀਆਂ ਨੂੰ ਵਿਸਾਰਨ ਦਾ ਦੋਸ਼

Narendra Modi

 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਦਾ 'ਫ਼ਿਟਨੈਸ ਚੈਲੰਜ' ਪ੍ਰਵਾਨ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਸੋਸ਼ਲ ਮੀਡੀਆ ਵਿਚ ਅਪਣੀ ਵੀਡੀਉ ਸਾਂਝੀ ਕਰਨਗੇ ਹਾਲਾਂਕਿ ਉਨ੍ਹਾਂ ਦੇ ਇਸ ਐਲਾਨ 'ਤੇ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਨੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ। ਵਿਰੋਧੀ ਪਾਰਟੀਆਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਦੇਸ਼ ਅੰਦਰ ਪਟਰੌਲ ਅਤੇ ਡੀਜ਼ਲ ਕੀਮਤਾਂ 'ਚ ਲਗਾਤਾਰ ਵਾਧੇ, ਬੇਰੁਜ਼ਗਾਰੀ ਕਿਸਾਨਾਂ ਲਈ ਰਾਹਤ, ਦਲਿਤਾਂ ਵਿਰੁਧ ਹਿੰਸਾ ਰੋਕਣ ਅਤੇ ਤਾਮਿਲਨਾਡੂ ਦੇ ਤੂਤੀਕੋਰਨ 'ਚ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਹਾਲਤ ਵਰਗੀਆਂ ਚੁਨੌਤੀਆਂ ਵਲ ਧਿਆਨ ਨਹੀਂ ਦੇ ਰਹੇ।

ਰਾਹੁਲ ਨੇ ਟਵਿਟਰ 'ਤੇ ਲਿਖਿਆ, ''ਪਿਆਰੇ ਪ੍ਰਧਾਨ ਮੰਤਰੀ, ਅੱਛਾ ਲੱਗਾ ਕਿ ਤੁਸੀਂ ਅਪਣੇ ਵਿਰਾਟ ਕੋਹਲੀ ਦੀ ਫ਼ਿਟਨੈਸ ਚੁਨੌਤੀ ਸਵੀਕਾਰ ਕਰ ਲਈ ਹੈ। ਇਹ ਚੁਨੌਤੀ ਮੇਰੇ ਵਲੋਂ ਹੈ: ਤੇਲ ਦੀਆਂ ਕੀਮਤਾਂ ਘੱਟ ਕਰੋ, ਨਹੀਂ ਤਾਂ ਕਾਂਗਰਸ ਦੇਸ਼ਵਿਆਪੀ ਅੰਦੋਲਨ ਕਰੇਗੀ।''ਜ਼ਿਕਰਯੋਗ ਹੈ ਕਿ ਕੇਂਦਰੀ ਮੰਤਰੀ ਅਤੇ ਓਲੰਪਿਕ ਸਿਲਵਰ ਮੈਡਲਿਸਟ ਰਾਜਯਵਰਧਨ ਸਿੰਘ ਰਾਠੌਰ ਨੇ ਟਵਿਟਰ 'ਤੇ ਫ਼ਿਟਨੈਸ ਚੈਲੰਜ ਸ਼ੁਰੂ ਕੀਤਾ ਸੀ। ਰਾਠੌਰ ਨੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਵੀ ਚੁਨੌਤੀ ਦਿਤੀ ਸੀ। ਕੋਹਲੀ ਨੇ ਇਹ ਚੈਲੰਜ ਪ੍ਰਵਾਨ ਕਰ ਲਿਆ ਅਤੇ ਇਸ ਨੂੰ ਪੂਰਾ ਕਰਨ ਲਈ ਹੋਰ ਲੋਕਾਂ ਨੂੰ ਟੈਗ ਕੀਤਾ।

ਇਸ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਲ ਹਨ ਜਿਸ ਨੂੰ ਪ੍ਰਧਾਨ ਮੰਤਰੀ ਨੇ ਪ੍ਰਵਾਨ ਕਰ ਲਿਆ। ਉਹ ਛੇਤੀ ਹੀ ਅਪਣੀ ਵੀਡੀਉ ਸਾਂਝੀ ਕਰਨਗੇ। ਉਧਰ, ਇਹ ਮਾਮਲਾ ਸਿਆਸੀ ਰੰਗ ਲੈ ਗਿਆ ਹੈ।ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ ਕਾਰਨ ਸਰਕਾਰੀ ਤੇਲ ਕੰਪਨੀਆਂ ਨੇ ਲਗਾਤਾਰ 11ਵੇਂ ਦਿਨ ਘਰੇਲੂ ਦਰਾਂ ਵਿਚ ਵਾਧਾ ਕੀਤਾ ਹੈ। ਦਿੱਲੀ ਵਿਚ ਪਟਰੌਲ 77.47 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 68.53 ਰੁਪਏ ਪ੍ਰਤੀ ਲਿਟਰ ਪਹੁੰਚ ਗਿਆ ਹੈ।

ਉਧਰ ਨੀਤੀ ਆਯੋਗ ਦੇ ਮੀਤ ਪ੍ਰਧਾਨ ਰਾਜੀਵ ਕੁਮਾਰ ਨੇ ਕਿਹਾ ਹੈ ਕਿ ਰਾਜ ਇਸ ਹਾਲਤ ਵਿਚ ਹਨ ਕਿ ਉਹ ਪਟਰੌਲ 'ਤੇ ਟੈਕਸ ਘਟਾ ਸਕਦੇ ਹਨ ਅਤੇ ਉਨ੍ਹਾਂ ਨੂੰ ਅਜਿਹਾ ਕਰਨਾ ਚਾਹੀਦਾ ਹੈ ਜਦਕਿ ਕੇਂਦਰ ਨੂੰ ਤੇਲ ਦੀਆਂ ਵਧੀਆਂ ਕੀਮਤਾਂ ਦੇ ਅਸਰ ਨਾਲ ਸਿੱਝਣ ਲਈ ਉਪਾਅ ਕਰਨਾ ਚਾਹੀਦਾ ਹੈ। ਦੇਸ਼ ਦੇ ਕਈ ਸ਼ਹਿਰਾਂ ਵਿਚ ਪਟਰੌਲ ਦਾ ਭਾਅ 80 ਰੁਪਏ ਪ੍ਰਤੀ ਲਿਟਰ ਤੋਂ ਉਪਰ ਚਲਾ ਗਿਆ ਹੈ ਅਤੇ ਡੀਜ਼ਲ 70 ਰੁਪਏ ਲਿਟਰ ਤੋਂ ਪਾਰ ਹੋ ਗਿਆ ਹੈ। 

ਰਾਜਾਂ ਵਿਚ ਪਟਰੌਲ 'ਤੇ ਔਸਤਨ 27 ਫ਼ੀ ਸਦੀ ਟੈਕਸ ਲਗਦਾ ਹੈ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਉਘੇ ਕ੍ਰਿਕਟ ਖਿਡਾਰੀ ਵਿਰਾਟ ਕੋਹਲੀ ਦਾ 'ਫ਼ਿਟਨੈਸ ਚੈਲੰਜ' ਸਵੀਕਾਰ ਕੀਤੇ ਜਾਣ ਬਾਅਦ ਆਰ.ਜੇ.ਡੀ. ਆਗੂ ਅਤੇ ਲਾਲੂ ਪ੍ਰਸਾਦ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਹੈ ਕਿ ਵਿਰਾਟ ਕੋਹਲੀ ਵਲੋਂ ਦਿਤਾ 'ਫ਼ਿਟਨੈੱਸ ਚੈਲੰਜ' ਮਨਜ਼ੂਰ ਕਰਨ 'ਚ ਕੁੱਝ ਗ਼ਲਤ ਨਹੀਂ ਪਰ ਪ੍ਰਧਾਨ ਮੰਤਰੀ ਇਸ ਦੇ ਨਾਲ ਹੀ ਨੌਜਵਾਨਾਂ ਨੂੰ ਨੌਕਰੀ ਦੇਣ, ਕਿਸਾਨਾਂ ਨੂੰ ਰਾਹਤ ਦੇਣ, ਦਲਿਤਾਂ ਵਿਰੁਧ ਹਿੰਸਾ ਰੋਕਣ ਵਰਗੀਆਂ ਚੁਨੌਤੀਆਂ ਨੂੰ ਵੀ ਸਵੀਕਾਰ ਕਰਨ। 

ਦੂਜੇ ਪਾਸੇ ਤਾਮਿਲਨਾਡੂ ਦੇ ਤੂਤੀਕੋਰਿਨ ਵਿਚ ਕਾਪਰ ਪਲਾਟ ਵਿਰੁਧ ਪ੍ਰਦਰਸ਼ਨ ਕਰ ਰਹੇ ਲੋਕਾਂ 'ਤੇ ਪੁਲਿਸ ਗੋਲੀਬਾਰੀ ਬਾਰੇ 'ਚੁੱਪ' ਵੱਟੀ ਰੱਖਣ ਦਾ ਦੋਸ਼ ਲਾਉਂਦਿਆਂ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਅਤੇ ਸਵਾਲ ਕੀਤਾ ਕਿ ਉਨ੍ਹਾਂ ਕੋਲ ਸੋਸ਼ਲ ਮੀਡੀਆ ਵਿਚ 'ਫ਼ਿਟਨੈਸ ਚੈਲੰਜ' ਲਈ ਤਾਂ ਸਮਾਂ ਹੈ

ਪਰ ਉਹ ਉਕਤ ਬੇਰਹਿਮ ਘਟਨਾ ਬਾਰੇ ਚੁੱਪ ਕਿਉਂ ਹਨ? ਪਾਰਟੀ ਨੇ ਇਹ ਵੀ ਪੁਛਿਆ ਕਿ ਕੀ ਪ੍ਰਧਾਨ ਮੰਤਰੀ ਇਹ ਮੰਨਦੇ ਹਨ ਕਿ ਇਸ ਮਾਮਲੇ ਵਿਚ ਤਾਮਿਲਨਾਡੂ ਦੀ ਪਲਾਨੀਸਵਾਮੀ ਸਰਕਾਰ ਨੂੰ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ? ਪਾਰਟੀ ਆਗੂ ਅਭਿਸ਼ੇਕ ਮਨੂੰ ਸਿੰਘਵੀ ਨੇ ਕਿਹਾ, 'ਪ੍ਰਧਾਨ ਮੰਤਰੀ ਹਮੇਸ਼ਾ ਟਵੀਟ ਕਰਦੇ ਹਨ। ਸੋਸ਼ਲ ਮੀਡੀਆ ਵਿਚ ਚੈਲੰਜ ਦੇ ਰਹੇ ਹਨ ਅਤੇ ਪ੍ਰਵਾਨ ਕਰ ਰਹੇ ਹਨ। ਪਰ ਪ੍ਰਦਰਸ਼ਨਕਾਰੀਆਂ ਦੀ ਮੌਤ ਬਾਰੇ ਇਕ ਵੀ ਸ਼ਬਦ ਨਹੀਂ ਬੋਲਿਆ।'  (ਏਜੰਸੀਆਂ)