ਪਤੰਜਲੀ ਦੇ ਉਤਪਾਦਾਂ ਦੀ ਵਿਕਰੀ ਵਿਚ ਆਈ 10 ਫੀਸਦੀ ਗਿਰਾਵਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਤਿੰਨ ਸਾਲ ਪਹਿਲਾਂ ਬਾਬਾ ਰਾਮਦੇਵ ਦਾ ਕਾਰੋਬਾਰ ਜਿੱਥੇ ਬੁਲੰਦੀਆਂ ‘ਤੇ ਸੀ ਤਾਂ ਉਥੇ ਹੀ ਹੁਣ ਇਸ ਦੀ ਹਾਲਤ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ।

Patanjali

ਨਵੀਂ ਦਿੱਲੀ: ਤਿੰਨ ਸਾਲ ਪਹਿਲਾਂ ਬਾਬਾ ਰਾਮਦੇਵ ਦਾ ਕਾਰੋਬਾਰ ਜਿੱਥੇ ਬੁਲੰਦੀਆਂ ‘ਤੇ ਸੀ ਤਾਂ ਉਥੇ ਹੀ ਹੁਣ ਇਸ ਦੀ ਹਾਲਤ ਖ਼ਰਾਬ ਹੁੰਦੀ ਨਜ਼ਰ ਆ ਰਹੀ ਹੈ। ਹਾਲ ਹੀ ਵਿਚ ਆਈ ਰਾਇਟਰਜ਼ ਦੀ ਰਿਪੋਰਟ ਮੁਤਾਬਕ ਵਿੱਤੀ ਸਾਲ 2017-18 ਵਿਚ ਉਹਨਾਂ ਦੀ ਕੰਪਨੀ ਪਤੰਜਲੀ ਦੇ ਉਤਪਾਦਾਂ ਦੀ ਵਿਕਰੀ ਵਿਚ 10 ਫੀਸਦੀ ਦੀ ਕਮੀ ਆਈ ਹੈ। ਸ਼ੁਰੂਆਤ ਵਿਚ ਉਹਨਾਂ ਦੇ ਉਤਪਾਦਾਂ ‘ਤੇ ਲੋਕਾਂ ਨੇ ਖੂਬ ਭਰੋਸਾ ਦਿਖਾਇਆ ਸੀ। ਭਾਰਤ ਵਿਚ ਬਣੇ ਪਤੰਜਲੀ ਦੇ ਨਾਰੀਅਲ ਦੇ ਤੇਲ ਅਤੇ ਆਯੁਰਵੈਦਿਕ ਦਵਾਈਆਂ ਵਰਗੇ ਉਤਪਾਦ ਵਿਦੇਸ਼ੀ ਕੰਪਨੀਆਂ ਲਈ ਵੱਡੀ ਚੁਣੌਤੀ ਬਣ ਕੇ ਉਭਰੇ ਸਨ।

ਬਾਬਾ ਰਾਮਦੇਵ ਨੇ ਸਾਲ 2017 ਵਿਚ ਦਾਅਵਾ ਕੀਤਾ ਸੀ ਕਿ ਉਹਨਾਂ ਦੀ ਕੰਪਨੀ ਦੀ ਵਿਕਰੀ ਦੇ ਅੰਕੜੇ ਮਲਟੀਨੈਸ਼ਨਲ ਕੰਪਨੀਆਂ ਤੋਂ ਵੀ ਉਪਰ ਜਾਣਗੇ। ਉਹਨਾਂ ਨੇ ਕਿਹਾ ਸੀ ਕਿ ਮਾਰਚ-2018 ਵਿਚ ਵਿੱਤੀ ਸਾਲ ਖ਼ਤਮ ਹੋਣ ਤੱਕ ਪਤੰਜਲੀ ਦੀ ਵਿਕਰੀ ਲਗਭਗ ਦੁੱਗਣੀ ਹੋ ਕੇ 20 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਜਾਵੇਗੀ। ਪਰ ਇਹਨਾਂ ਸਭ ਦਾਅਵਿਆਂ ਦੇ ਵਿਰੁੱਧ ਪਤੰਜਲੀ ਦੀ ਵਿਕਤੀ 10 ਫੀਸਦੀ ਘਟ ਕੇ 8100 ਕਰੋੜ ਰੁਪਏ ਹੀ ਰਹਿ ਗਈ ਹੈ।

ਕੰਪਨੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਵਿੱਤੀ ਸਾਲ ਵਿਚ ਇਸ ‘ਚ ਗਿਰਾਵਟ ਦਾ ਅਨੁਮਾਨ ਹੈ। ਪਤੰਜਲੀ ਤੋਂ ਮਿਲੀ ਜਾਣਕਾਰੀ ਦੇ ਅਧਾਰ ‘ਤੇ ਕੇਅਰ ਰੇਟਿੰਗਜ਼ ਨੇ ਅਪ੍ਰੈਲ ਵਿਚ ਕਿਹਾ ਸੀ ਕਿ ਅਨੁਮਾਨਤ ਅੰਕੜੇ 9 ਮਹੀਨੇ ਵਿਚ (31 ਦਸੰਬਰ ਤੱਕ) ਕੰਪਨੀ ਦੀ ਵਿਕਰੀ ਸਬੰਧੀ ਸਿਰਫ਼ 4700 ਕਰੋੜ ਦਾ ਸੰਕੇਤ ਦੇ ਰਹੇ ਹਨ। ਕੰਪਨੀ ਦੇ ਮੌਜੂਦਾ ਅਤੇ ਸਾਬਕਾ ਕਰਮਚਾਰੀਆਂ, ਸਟੋਰ ਮੈਨੇਜਰ ਅਤੇ ਗਾਹਕਾਂ ਨਾਲ ਕੀਤੀ ਗਈ ਗੱਲਬਾਤ ਤੋਂ ਪਤਾ ਚੱਲਿਆ ਹੈ ਕਿ ਕੰਪਨੀ ਦੇ ਕੁਝ ਗਲਤ ਕਦਮਾਂ ਕਾਰਨ ਉਹਨਾਂ ਨੂੰ ਨੁਕਸਾਨ ਹੋਇਆ ਹੈ।

ਖ਼ਾਸ ਤੌਰ ‘ਤੇ ਉਹਨਾਂ ਨੇ ਉਤਪਾਦਾਂ ਦੀ ਅਸਥਿਰ ਕੁਆਲਿਟੀ ਵੱਲ ਇਸ਼ਾਰਾ ਕੀਤਾ। ਹਾਲਾਂਕਿ ਕੰਪਨੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਸ਼ੁਰੂਆਤੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਪਰ ਉਹਨਾਂ ਨੂੰ ਦੂਰ ਕਰ ਲਿਆ ਗਿਆ ਹੈ। 2016 ਵਿਚ ਨੋਟਬੰਦੀ ਅਤੇ 2017 ਵਿਚ ਜੀਐਸਟੀ ਲੱਗਣ ਤੋਂ ਬਾਅਦ ਕੰਪਨੀ ਦੀਆਂ ਆਰਥਕ ਗਤੀਵਿਧੀਆਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ।