ਰਾਮਦੇਵ ਬੋਲੇ, ਤੀਜੇ ਬੱਚੇ ਨੂੰ ਨਹੀਂ ਮਿਲਣਾ ਚਾਹੀਦਾ ਵੋਟ ਕਰਨ ਦਾ ਅਧਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਰਾਮਦੇਵ ਨੇ ਭਾਰਤ ਦੀ ਲਗਾਤਾਰ ਵਧ ਰਹੀ ਜਨਸੰਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ।

Baba Ramdev

ਨਵੀਂ ਦਿੱਲੀ:ਯੋਗ ਗੁਰੂ ਬਾਬਾ ਰਾਮਦੇਵ ਲੋਕ ਸਭਾ ਚੋਣਾਂ ਤੋਂ ਬਾਅਦ ਫਿਰ ਅਪਣੇ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਹਨ। ਇਸ ਵਾਰ ਉਹਨਾਂ ਨੇ ਵਧ ਰਹੀ ਜਨਸੰਖਿਆ ਨੂੰ ਲੈ ਕੇ ਅਪਣੇ ਸੁਝਾਅ ਦਿੱਤੇ ਹਨ। ਰਾਮਦੇਵ ਨੇ ਭਾਰਤ ਦੀ ਲਗਾਤਾਰ ਵਧ ਰਹੀ ਜਨਸੰਖਿਆ ਨੂੰ ਲੈ ਕੇ ਚਿੰਤਾ ਜਤਾਈ ਹੈ। ਉਹਨਾਂ ਕਿਹਾ ਕਿ ਇਸਦੇ ਲਈ ਜਲਦ ਕੋਈ ਕਾਨੂੰਨ ਬਣਨਾ ਚਾਹੀਦਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਕਾਲਾਧਨ, ਰਾਮ ਮੰਦਿਰ ਅਤੇ ਧਾਰਾ 370 ਦਾ ਵੀ ਜ਼ਿਕਰ ਕੀਤਾ। ਰਾਮਦੇਵ ਨੇ ਕਿਹਾ ਕਿ ਜੇਕਰ ਅਸੀਂ ਅਪਣੇ ਦੇਸ਼ ਦੀ ਜਨਸੰਖਿਆ ‘ਤੇ ਕੰਟਰੋਲ ਰੱਖਣਾ ਚਾਹੁੰਦੇ ਹਾਂ ਤਾਂ ਇਸ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

ਉਹਨਾਂ ਨੇ ਕਿਹਾ ਕਿ ਅਗਲੇ 50 ਸਾਲਾਂ ਵਿਚ ਸਾਡੇ ਦੇਸ਼ ਦੀ ਜਨਸੰਖਿਆ 150 ਕਰੋੜ ਤੋਂ ਪਾਰ ਨਹੀਂ ਜਾਣੀ ਚਾਹੀਦੀ। ਉਹਨਾਂ ਕਿਹਾ ਕਿ ਇਸ ਤੋਂ ਜ਼ਿਆਦਾ ਜਨਸੰਖਿਆ ਲਈ ਦੇਸ਼ ਤਿਆਰ ਨਹੀਂ ਹੈ। ਉਹਨਾਂ ਕਿਹਾ ਕਿ ਤੀਜੇ ਬੱਚੇ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ। ਰਾਮਦੇਵ ਨੇ ਵੋਟਿੰਗ ਦੇ ਅਧਿਕਾਰ ਤੋਂ ਇਲਾਵਾ ਤੀਜੇ ਬੱਚੇ ਨੂੰ ਚੋਣ ਨਾ ਲੜਨ ਦੇ ਅਧਿਕਾਰ ਦੀ ਵੀ ਸਿਫਾਰਿਸ਼ ਕੀਤੀ। ਉਹਨਾਂ ਨੇ ਕਿਹਾ ਕਿ ਜੋ ਵੀ ਦੋ ਤੋਂ ਜ਼ਿਆਦਾ ਬੱਚੇ ਪੈਦਾ ਕਰੇਗਾ ਤਾਂ ਉਸਦੇ ਤੀਜੇ ਬੱਚੇ ਨੂੰ ਕਿਸੇ ਵੀ ਤਰ੍ਹਾਂ ਦੀ ਸਰਕਾਰੀ ਸੁਵਿਧਾ ਅਤੇ ਚੋਣ ਲੜਨ ਦਾ ਅਧਿਕਾਰ ਨਹੀਂ ਮਿਲਣਾ ਚਾਹੀਦਾ। ਉਹਨਾਂ ਕਿਹਾ ਕਿ ਇਸ ਨਾਲ ਲੋਕ ਜ਼ਿਆਦਾ ਬੱਚੇ ਪੈਦਾ ਨਹੀਂ ਕਰਨਗੇ।

ਕਾਲੇਧਨ ਨੂੰ ਲੈ ਕੇ ਮੋਦੀ ਸਰਕਾਰ ਦੇ ਵਾਅਦੇ ‘ਤੇ ਰਾਮਦੇਵ ਨੇ ਕਿਹਾ ਕਿ ਕਾਲੇ ਧਨ ਨੂੰ ਬਾਹਰ ਕੱਢਣ ਲਈ ਪੀਐਮ ਮੋਦੀ ਨੇ ਨੋਟਬੰਦੀ, ਜੀਐਸਟੀ ਅਤੇ ਕਈ ਕਾਨੂੰਨ ਬਣਾਏ ਹਨ। ਜਿਸ ਨਾਲ ਦੇਸ਼ ਦੀ ਅੰਦਰੂਨੀ ਅਰਥ ਵਿਵਸਥਾ ਤੋਂ ਕਾਲਾ ਧਨ ਬਾਹਰ ਹੋ ਚੁਕਾ ਹੈ। ਇਸ ਦਿਸ਼ਾ ਵਿਚ ਮੋਦੀ ਸਰਕਾਰ ਨੂੰ ਹੋਰ ਕਈ ਸਖ਼ਤ ਫੈਸਲੇ ਲੈਣ ਦੀ ਲੋੜ ਹੈ। ਰਾਮਦੇਵ ਨੇ ਮੋਦੀ ਸਰਕਾਰ ਨੂੰ ਅਗਲੇ ਪੰਜ ਸਾਲਾਂ ਵਿਚ ਅਪਣੀਆਂ ਕਈ ਯੋਜਨਾਵਾਂ ਨੂੰ ਅੱਗੇ ਵਧਾਉਣ ਦੀ ਵੀ ਸਲਾਹ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਹੁਣ ਵਿਕਾਸ ਦਾ ਭਵਨ ਖੜਾ ਹੋਵੇਗਾ।

ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਧਾਰਾ 370 ਅਤੇ 35 ਏ ਨੂੰ ਹਟਾਉਣਾ ਹੋਵੇਗਾ। ਰਾਮਦੇਵ ਨੇ ਰਾਮ ਮੰਦਿਰ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਕੰਮ ਵੀ ਜਲਦ ਪੂਰਾ ਕਰਨਾ ਚਾਹੀਦਾ ਹੈ। ਰਾਮਦੇਵ ਨੇ ਕਿਹਾ ਕਿ ਵਿਦੇਸ਼ਾਂ ਵਿਚ ਅਬਾਦੀ ਘੱਟ ਹੈ ਇਸ ਲਈ ਹਰ ਕਿਸੇ ਨੂੰ ਸਨਮਾਨ ਮਿਲਦਾ ਹੈ ਪਰ ਸਾਡੇ ਦੇਸ਼ ਵਿਚ ਗਰੀਬੀ ਹੈ ਅਤੇ ਦੇਸ਼ ਬਦਹਾਲੀ ਵਿਚ ਜੀ ਰਿਹਾ ਹੈ। ਪੀਐਮ ਚਾਹੇ ਕੁਝ ਵੀ ਕਰੇ ਪਰ ਜਦੋਂ ਤੱਕ ਅਬਾਦੀ ‘ਤੇ ਕੰਟਰੋਲ ਨਹੀਂ ਹੋਵੇਗਾ ਦੇਸ਼ ਤਰੱਕੀ ਨਹੀਂ ਕਰ ਸਕਦਾ।