ਘੱਟ ਗਿਣਤੀਆਂ ਲਈ ਮੋਦੀ ਸਰਕਾਰ ਦਾ ਤੋਹਫ਼ਾ, ਅਗਲੇ 5 ਸਾਲਾਂ ਵਿਚ 5 ਕਰੋੜ ਵਿਦਿਆਰਥੀਆਂ ਲਈ ਵਜੀਫ਼ੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਵਧੀਆ ਕੋਰਸ ਕਰਾ ਕੇ ਸਿੱਖਿਆ ਅਤੇ ਰੁਜ਼ਗਾਰ ਨਾਲ ਜੋੜਿਆ ਜਾਵੇਗਾ।

Narendra Modi

ਨਵੀਂ ਦਿੱਲੀ: ਕੇਂਦਰੀ ਘੱਟ ਗਿਣਤੀ ਕਾਰਜ ਮੰਤਰੀ ਮੁਖ਼ਤਾਰ ਅੱਬਾਸ ਨਕਵੀ ਨੇ ਮੰਗਲਵਾਰ ਨੂੰ ਕਿਹਾ ਕਿ ਘੱਟ-ਗਿਣਤੀ ਭਾਈਚਾਰੇ ਦੇ ਸਮਾਜਿਕ-ਆਰਥਕ ਵਿਕਾਸ ਲਈ ਅਗਲੇ ਪੰਸ ਸਾਲਾਂ ਵਿਚ ਪੰਜ ਕਰੋੜ ਵਿਦਿਆਰਥੀਆਂ ਨੂੰ ਵਜੀਫ਼ਾ ਦਿੱਤਾ ਜਾਵੇਗਾ ਅਤੇ ਇਹਨਾਂ ਵਿਚ ਅੱਧੀ ਗਿਣਤੀ ਲੜਕੀਆਂ ਦੀ ਹੋਵੇਗੀ। ਘੱਟ ਗਿਣਤੀ ਕਾਰਜ ਮੰਤਰਾਲੇ ਦੇ ਅਧੀਨ ਅਦਾਰੇ ‘ਮੌਲਾਨਾ ਆਜ਼ਾਦ ਸਿੱਖਿਆ ਫਾਊਂਡੇਸ਼ਨ' ਦੀ 65ਵੀਂ ਆਮ ਸਭਾ ਦੀ ਬੈਠਕ ਤੋਂ ਬਾਅਦ ਨਕਵੀ ਨੇ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਵਿਕਾਸ ਲਈ ਵਧੀਆ ਮਾਹੌਲ ਤਿਆਰ ਕੀਤਾ ਹੈ।

ਉਹਨਾਂ ਕਿਹਾ ਕਿ ਘੱਟ ਗਿਣਤੀ ਵਰਗ ਦੇ ਵਿਦਿਆਰਥੀਆਂ ਨੂੰ ਵਧੀਆ ਕੋਰਸ ਕਰਾ ਕੇ ਸਿੱਖਿਆ ਅਤੇ ਰੁਜ਼ਗਾਰ ਨਾਲ ਜੋੜਿਆ ਜਾਵੇਗਾ। ਉਹਨਾਂ ਕਿਹਾ ਕਿ ਦੇਸ਼ ਭਰ ਦੇ ਮਦਰੱਸਾ ਵਰਗ ਵਿਚ ਸਿੱਖਿਆ ਦਾ ਵਾਧਾ ਕਰਨ ਲਈ ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਜਾਵੇਗੀ ਅਤੇ ਇਹ ਕੰਮ ਅਗਲੇ ਮਹੀਨੇ ਤੋਂ ਸ਼ੁਰੂ ਕੀਤਾ ਜਾਵੇਗਾ। ਮੰਤਰੀ ਨੇ ਕਿਹਾ ਕਿ ਸਿੱਖਿਆ, ਰੁਜ਼ਗਾਰ ਅਤੇ ਵਿਕਾਸ ਪ੍ਰੋਗਰਾਮਾਂ ਤਹਿਤ ਅਗਲੇ ਪੰਜ ਸਾਲਾਂ ਵਿਚ ਪ੍ਰੀ-ਮੈਟ੍ਰਿਕ ਅਤੇ ਮੈਰਿਟ-ਕਮ-ਮੀਨਜ਼ ਆਦਿ ਯੋਜਨਾਵਾਂ ਤਹਿਤ ਪੰਜ ਕਰੋੜ ਵਿਦਿਆਰਥੀਆਂ ਨੂੰ ਵਜੀਫ਼ੇ ਦਿੱਤੇ ਜਾਣਗੇ।

ਜਿਨ੍ਹਾਂ ਵਿਚ 50 ਫੀਸਦੀ ਲੜਕੀਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਇਹਨਾਂ ਵਿਚੋਂ ਆਰਥਕ ਪੱਖੋਂ ਕਮਜ਼ੋਰ ਵਰਗ ਦੀਆਂ ਲੜਕੀਆਂ ਲਈ 10 ਲੱਖ ਤੋਂ ਜ਼ਿਆਦਾ ਵਜੀਫ਼ੇ ਸ਼ਾਮਿਲ ਹਨ। ਨਕਵੀ ਨੇ ਕਿਹਾ ਕਿ ਨੁੱਕੜ ਨਾਟਕਾਂ ਵਰਗੇ ਪ੍ਰੋਗਰਾਮਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਘੱਟ ਗਿਣਤੀ ਕਾਰਜ ਮੰਤਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਆਰਥਕ ਪੱਖੋਂ ਕਮਜ਼ੋਰ ਘੱਟ-ਗਿਣਤੀ- ਮੁਸਲਿਮ, ਈਸਾਈ, ਸਿੱਖ, ਜੈਨ, ਬੁੱਧ, ਪਾਰਸੀ ਨੌਜਵਾਨਾਂ ਨੂੰ ਕੇਂਦਰ ਅਤੇ ਸੂਬੇ ਦੀਆਂ ਪ੍ਰਬੰਧਕੀ ਸੇਵਾਵਾਂ, ਬੈਂਕਿੰਗ, ਕਰਮਚਾਰੀ ਚੋਣ ਕਮਿਸ਼ਨ, ਰੇਲਵੇ ਅਤੇ ਹੋਰ ਕਈ ਖੇਤਰਾਂ ਦੀ ਮੁਫ਼ਤ ਕੋਚਿੰਗ ਦਿੱਤੀ ਜਾਵੇਗੀ।