ਡੀਟੀਐਸ ਨੇ ਦਿੱਲੀ-ਲਾਹੌਰ ਬੱਸ ਸੇਵਾ ਰੱਦ ਕੀਤੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਹੌਰ ਲਈ ਆਖ਼ਰੀ ਬੱਸ ਸਨਿਚਰਵਾਰ ਸਵੇਰੇ ਦਿੱਲੀ ਤੋਂ ਰਵਾਨਾ ਹੋਈ ਸੀ ਜਿਸ ਵਿਚ ਦੋ ਯਾਤਰੀ ਸਨ।

Delhi-Lahore bus service cancelled: DTC

ਨਵੀਂ ਦਿੱਲੀ : ਦਿੱਲੀ ਆਵਾਜਾਈ ਨਿਗਮ ਨੇ ਦਿੱਲੀ ਲਾਹੌਰ ਬੱਸ ਸੇਵਾ ਸੋਮਵਾਰ ਨੂੰ ਰੱਦ ਕਰ ਦਿਤੀ। ਇਸ ਤੋਂ ਪਹਿਲਾਂ ਪਾਕਿਸਤਾਨ ਨੇ ਭਾਰਤ ਦੁਆਰਾ ਜੰਮੂ ਕਸ਼ਮੀਰ ਦਾ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕੀਤੇ ਜਾਣ ਮਗਰੋਂ ਇਸ ਬੱਸ ਸੇਵਾ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਸੀ। 

ਪਾਕਿਸਤਾਨ ਦੇ ਸੀਨੀਅਰ ਮੰਤਰੀ ਨੇ ਕਲ ਇਸ ਬੱਸ ਸੇਵਾ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ। ਨਿਗਮ ਦੇ ਅਧਿਕਾਰੀ ਨੇ ਦਸਿਆ ਕਿ ਡੀਟੀਸੀ ਦੀ ਬੱਸ ਸੋਮਵਾਰ ਨੂੰ ਸਵੇਰੇ ਛੇ ਵਜੇ ਲਾਹੌਰ ਲਈ ਰਵਾਨਾ ਹੋਣ ਵਾਲੀ ਸੀ ਪਰ ਪਾਕਿਸਤਾਨ ਦੇ ਬੱਸ ਸੇਵਾ ਰੋਕਣ ਦੇ ਫ਼ੈਸਲੇ ਕਾਰਨ ਇਹ ਬੱਸ ਰਵਾਨਾ ਨਹੀਂ ਹੋਈ। ਡੀਟੀਸੀ ਨੇ ਬਿਆਨ ਰਾਹੀਂ ਕਿਹਾ, 'ਦਿੱਲੀ ਲਾਹੌਰ ਬੱਸ ਸੇਵਾ ਰੋਕਣ ਦੇ ਪਾਕਿਸਤਾਨ ਦੇ ਫ਼ੈਸਲੇ ਦੀ ਰੌਸ਼ਨੀ ਵਿਚ 12 ਅਗੱਸਤ ਤੋਂ ਦਿੱਲੀ ਤੋਂ ਲਾਹੌਰ ਲਈ ਬੱਸ ਭੇਜਣ ਵਿਚ ਸਮਰੱਥ ਨਹੀਂ ਹੈ।'

ਪਾਕਿਸਤਾਨ ਦੇ ਸੈਰ ਸਪਾਟਾ ਵਿਭਾਗ ਨੇ ਸਨਿਚਰਵਾਰ ਨੂੰ ਟੈਲੀਫ਼ੋਨ ਕਰ ਕੇ ਡੀਟੀਸੀ ਨੂੰ ਸੋਮਵਾਰ ਨੂੰ ਬੱਸ ਸੋਵਾ ਰੋਕਣ ਦੀ ਸੂਚਨਾ ਦਿਤੀ ਸੀ। ਲਾਹੌਰ ਲਈ ਆਖ਼ਰੀ ਬੱਸ ਸਨਿਚਰਵਾਰ ਸਵੇਰੇ ਦਿੱਲੀ ਤੋਂ ਰਵਾਨਾ ਹੋਈ ਸੀ ਜਿਸ ਵਿਚ ਦੋ ਯਾਤਰੀ ਸਨ। ਵਾਪਸੀ ਵਿਚ ਉਸੇ ਦਿਨ ਉਹ ਬੱਸ 19 ਯਾਤਰੀਆਂ ਨੂੰ ਲੈ ਕੇ ਸ਼ਾਮ ਨੂੰ ਦਿੱਲੀ ਪਹੁੰਚੀ ਸੀ। ਐਤਵਾਰ ਨੂੰ ਬੱਸ ਨਹੀਂ ਚੱਲੀ ਸੀ। ਦਿੱਲੀ ਲਾਹੌਰ ਬੱਸ ਸੇਵਾ ਪਹਿਲੀ ਵਾਰ ਫ਼ਰਵਰੀ 1999 ਵਿਚ ਸ਼ੁਰੂ ਹੋਈ ਸੀ ਪਰ 2001 ਵਿਚ ਹੋਏ ਸੰਸਦ 'ਤੇ ਅਤਿਵਾਦੀ ਹਮਲੇ ਮਗਰੋਂ ਇਸ ਨੂੰ ਰੋਕ ਦਿਤਾ ਗਿਆ ਸੀ। ਜੁਲਾਈ 2003 ਵਿਚ ਇਹ ਫਿਰ ਸ਼ੁਰੂ ਹੋਈ ਸੀ।