ਆਮ ਚੋਣਾਂ ਦਾ ਟਰੇਲਰ ਹੈ ਰਾਜਸਥਾਨ ਵਿਧਾਨ ਸਭਾ ਚੋਣਾਂ : ਅਮਿਤ ਸ਼ਾਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਦਾ ਟ੍ਰੇਲਰ ਦਸਦਿਆਂ ਪਾਰਟੀ ਕਾਰਕੁਨਾਂ.............

BJP President Amit Shah In Convenors' Conference

ਜੈਪੁਰ : ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਜਸਥਾਨ ਦੀਆਂ ਵਿਧਾਨ ਸਭਾ ਚੋਣਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਦਾ ਟ੍ਰੇਲਰ ਦਸਦਿਆਂ ਪਾਰਟੀ ਕਾਰਕੁਨਾਂ ਨੂੰ ਪੂਰੀ ਲਗਨ ਨਾਲ ਜੁਟ ਜਾਣ ਲਈ ਕਿਹਾ ਹੈ। ਨਾਲ ਹੀ, ਸ਼ਾਹ ਨੇ ਰਾਜਸਥਾਨ ਵਿਚ ਭਾਜਪਾ ਦੀ ਸਰਕਾਰ ਨੂੰ ਅੰਗਦ ਦਾ ਪੈਰ ਦਸਦਿਆਂ ਕਿਹਾ ਕਿ ਰਾਜ ਵਿਚ ਇਸ ਨੂੰ ਕੋਈ ਨਹੀਂ ਉਖਾੜ ਸਕਦਾ। ਜੈਪੁਰ ਦੀ ਇਕ ਦਿਨ ਦੀ ਯਾਤਰਾ 'ਤੇ ਆਏ ਸ਼ਾਹ ਨੇ ਕੌਂਸਲਰਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਟ੍ਰੇਲਰ ਵੀ ਚੰਗਾ ਬਣਾਉਣਾ ਹੈ ਅਤੇ ਪਿਕਚਰ ਵੀ ਚੰਗੀ ਬਣਾਉਣੀ ਹੈ।

ਉਨ੍ਹਾਂ ਕਿਹਾ ਕਿ ਕਾਰਕੁਨ ਇਹ ਨਾ ਸੋਚਣ ਕਿ ਵਿਧਾਇਕ, ਮੰਤਰੀ ਜਾਂ ਮੁੱਖ ਮੰਤਰੀ ਕੌਣ ਬਣੇਗਾ ਸਗੋਂ ਉਹ ਕਮਲ ਦੇ ਚਿੰਨ੍ਹ ਨੂੰ ਸਾਹਮਣੇ ਰੱਖ ਕੇ ਅਤੇ ਭਾਰਤ ਮਾਤਾ ਦੀ ਤਸਵੀਰ ਨੂੰ ਯਾਦ ਕਰਦਿਆਂ ਚੋਣ ਦੇ ਮੈਦਾਨ ਵਿਚ ਡਟ ਜਾਣ। ਉਨ੍ਹਾਂ ਕਿਹਾ ਕਿ ਮਹਾਗਠਜੋੜ ਦਾ ਯੂਪੀ ਤੋਂ ਇਲਾਵਾ ਕਿਤੇ ਕੋਈ ਪ੍ਰਭਾਵ ਨਹੀਂ। ਸ਼ਾਹ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਕਰਾਰ ਨੇ ਭਾਰਤੀ ਫ਼ੌਜ ਨੂੰ ਵਿਸ਼ਵ ਵਿਚ ਸੱਭ ਤੋਂ ਆਧੁਨਿਕ ਬਣਾਉਣ ਲਈ 15 ਸਾਲ ਦਾ ਖਾਕਾ ਬਣਾਇਆ ਹੈ।

ਸਰਕਾਰ ਨੇ ਫ਼ੌਜ ਨੂੰ ਅਤਿਆਧੁਨਿਕ ਸੰਚਾਰ ਪ੍ਰਣਾਲੀ ਅਤੇ ਹਥਿਆਰਾਂ ਨਾਲ ਲੈਸ ਕਰ ਕੇ ਮਨੋਬਲ ਚੁੱਕਣ ਦਾ ਕੰਮ ਕੀਤਾ ਹੈ ਜਦਕਿ ਕਾਂਗਰਸ ਨੇ ਫ਼ੌਜ ਦਾ ਮਨੋਬਲ ਪਾਤਾਲ ਵਿਚ ਪਹੁੰਚਾ ਦਿਤਾ ਸੀ। ਐਨਆਰਸੀ ਲਾਗੂ ਕਰਨ ਲਈ ਮੋਦੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਸ਼ਾਹ ਨੇ ਕਾਂਗਰਸ ਵਿਰੁਧ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦਾ ਦੋਸ਼ ਲਾਇਆ।  (ਏਜੰਸੀ)