NEET: ਪ੍ਰੀਖਿਆ ਤੋਂ ਇਕ ਦਿਨ ਪਹਿਲਾਂ ਵਿਦਿਆਰਥਣ ਨੇ ਦਿੱਤੀ ਜਾਨ, ਨੋਟ ‘ਚ ਲਿਖਿਆ, ‘ਡਰ ਲੱਗ ਰਿਹਾ ਹੈ’

ਏਜੰਸੀ

ਖ਼ਬਰਾਂ, ਰਾਸ਼ਟਰੀ

ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ (NEET 2020) ਤੋਂ ਠੀਕ ਇਕ ਦਿਨ ਪਹਿਲਾਂ 19 ਸਾਲਾ ਵਿਦਿਆਰਥਣ ਜੋਤੀ ਸ਼੍ਰੀ ਦੁਰਗਾ ਨੇ ਸ਼ਨੀਵਾਰ ਸਵੇਰੇ ਆਤਮ ਹੱਤਿਆ ਕਰ ਲਈ।

Medical aspirant Jothi Sri Durga kills herself a day before NEET

ਨਵੀਂ ਦਿੱਲੀ: ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ (NEET 2020) ਤੋਂ ਠੀਕ ਇਕ ਦਿਨ ਪਹਿਲਾਂ 19 ਸਾਲਾ ਵਿਦਿਆਰਥਣ ਜੋਤੀ ਸ਼੍ਰੀ ਦੁਰਗਾ ਨੇ ਸ਼ਨੀਵਾਰ ਸਵੇਰੇ ਆਤਮ ਹੱਤਿਆ ਕਰ ਲਈ। ਦਰਅਸਲ ਪਿਛਲੇ ਕੁਝ ਦਿਨਾਂ ਤੋਂ ਵਿਦਿਆਰਥਣ ਮੈਡੀਕਲ ਕਾਲਜ ਵਿਚ ਦਾਖਲੇ ਨੂੰ ਲੈ ਕੇ ਤਣਾਅ ਵਿਚ ਸੀ। ਤਮਿਲਨਾਡੂ ਵਿਚ ਦੋ ਦਿਨਾਂ ਵਿਚਕਾਰ ਇਹ ਦੂਜੀ ਅਜਿਹੀ ਮੌਤ ਹੈ।

ਪੁਲਿਸ ਮੁਤਾਬਕ ਜੋਤੀ ਨੀਟ ਪ੍ਰੀਖਿਆ ਦੀ ਤਿਆਰੀ ਲਈ ਪਹਿਲਾਂ ਕੋਚਿੰਗ ਕਲਾਸ ਲਗਾਉਂਦੀ ਸੀ। ਉਹ ਮੈਡੀਕਲ ਕਾਲਜ ਵਿਚ ਦਾਖਲੇ ਨੂੰ ਲੈ ਕੇ ਕਾਫ਼ੀ ਦਿਨਾਂ ਤੋਂ ਪਰੇਸ਼ਾਨ ਸੀ। ਜੋਤੀ ਨੇ ਇਸ ਤੋਂ ਪਹਿਲਾਂ ਵੀ ਨੀਟ ਪ੍ਰੀਖਿਆ ਦਿੱਤੀ ਸੀ ਪਰ ਉਸ ਵਿਚ ਉਸ ਦੀ ਚੋਣ ਨਹੀਂ ਹੋ ਸਕੀ ਸੀ।

ਅਪਣੇ ਸੁਸਾਈਡ ਨੋਟ ਵਿਚ ਜੋਤੀ ਨੇ ਲਿਖਿਆ ਹੈ ਕਿ ‘ਮੈਂ ਚੰਗੀ ਤਰ੍ਹਾਂ ਪੜ੍ਹਾਈ ਕੀਤੀ ਹੈ ਪਰ ਮੈਨੂੰ ਡਰ ਹੈ, ਜੇਕਰ ਕਿਸੇ ਮੈਡੀਕਲ ਕਾਲਜ ਵਿਚ ਮੇਰੀ ਚੋਣ ਨਹੀਂ ਹੋਈ ਤਾਂ ਸਾਰੇ ਨਿਰਾਸ਼ ਹੋਣਗੇ’। ਉਸ ਨੇ ਅੱਗੇ ਲਿਖਿਆ ਕਿ ਜੇਕਰ ਉਹ ਮੈਡੀਕਲ ਕਾਲਜ ਵਿਚ ਸੀਟ ਲੈਣ ਵਿਚ ਅਸਫਲ ਰਹਿੰਦੀ ਹੈ ਤਾਂ ਉਸ ਦੇ ਪਰਿਵਾਰ ਦੀ ਸਾਰੀ ਮਿਹਨਤ ਬੇਕਾਰ ਚਲੀ ਜਾਵੇਗੀ। ਉਸ ਨੇ ਅਪਣੇ ਪਰਿਵਾਰ ਲਈ ਆਡੀਓ ਵੀ ਰਿਕਾਰਡ ਕੀਤਾ ਅਤੇ ਅਪਣੇ ਜੀਵਨ ਨੂੰ ਸਪਾਮਤ ਕਰਨ ਦੇ ਕਦਮ ਚੁੱਕਣ ਲਈ ਉਹਨਾਂ ਕੋਲੋਂ ਮਾਫ਼ੀ ਮੰਗੀ।

ਤਮਿਲਨਾਡੂ ਦੇ ਵਿਰੋਧੀ ਨੇਤਾ ਐਮਕੇ ਸਟਾਲਿਨ ਨੇ ਜੋਤੀ ਦੀ ਮੌਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਦਿਆਰਥਣ ਨੂੰ ਸਲਾਹ ਦਿੱਤੀ ਸੀ ਕਿ ਆਤਮਹੱਤਿਆ ਕੋਈ ਹੱਲ ਨਹੀਂ ਹੈ। ਦੱਸ ਦਈਏ ਕਿ ਤਮਿਲਨਾਡੂ ਵਿਚ ਇਸ ਤੋਂ ਪਹਿਲਾਂ ਵੀਰਵਾਰ ਨੂੰ 19 ਸਾਲ ਦੇ ਵੀ. ਵਿਗਨੇਸ਼ ਨੇ ਆਤਮ ਹੱਤਿਆ ਕਰ ਲਈ ਸੀ। ਉਸ ਨੇ ਇਸ ਤੋਂ ਪਹਿਲਾਂ ਦੋ ਵਾਰ ਨੀਟ ਪ੍ਰੀਖਿਆ ਦਿੱਤੀ ਸੀ।