NEET-JEE ‘ਤੇ ਚਰਚਾ ਚਾਹੁੰਦੇ ਸੀ ਵਿਦਿਆਰਥੀ, ਖਿਡੌਣਿਆਂ ‘ਤੇ ਚਰਚਾ ਕਰ ਗਏ ਮੋਦੀ-ਰਾਹੁਲ ਗਾਂਧੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਮਨ ਕੀ ਬਾਤ ਦੌਰਾਨ ਖਿਡੌਣਿਆਂ ‘ਤੇ ਕੀਤੀ ਗਈ ਚਰਚਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ‘ਤੇ ਲਿਆ ਹੈ।

Narendra Modi-Rahul Gandhi

ਨਵੀਂ ਦਿੱਲੀ: ਮਨ ਕੀ ਬਾਤ ਦੌਰਾਨ ਖਿਡੌਣਿਆਂ ‘ਤੇ ਕੀਤੀ ਗਈ ਚਰਚਾ ਨੂੰ ਲੈ ਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ ‘ਤੇ ਲਿਆ ਹੈ। ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਨੀਟ-ਜੇਈਈ ਦੇ ਉਮੀਦਵਾਰ ਚਾਹੁੰਦੇ ਸੀ ਕਿ ਪ੍ਰਧਾਨ ਮੰਤਰੀ ਪ੍ਰੀਖਿਆ ‘ਤੇ ਚਰਚਾ ਕਰਨ ਪਰ ਉਹ ਖਿਡੌਣਿਆਂ ‘ਤੇ ਚਰਚਾ ਕਰ ਕੇ ਚਲੇ ਗਏ।

ਰਾਹੁਲ ਗਾਂਧੀ ਨੇ ਐਤਵਾਰ ਨੂੰ ਟਵੀਟ ਕੀਤਾ, ‘ਜੇਈਈ-ਨੀਟ ਦੇ ਉਮੀਦਵਾਰ ਪੀਐਮ ਨਾਲ ‘ਪ੍ਰੀਖਿਆ ‘ਤੇ ਚਰਚਾ’ ਚਾਹੁੰਦੇ ਸੀ ਪਰ ਪੀਐਮ ਨੇ ‘ਖਿਡੌਣਿਆਂ ‘ਤੇ ਚਰਚਾ’ ਕੀਤੀ’। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਨੂੰ ਅਜਿਹੇ ਸਮੇਂ ਘੇਰਿਆ ਹੈ, ਜਦੋਂ ਕੋਰੋਨਾ ਸੰਕਟ ਦੌਰਾਨ ਜੇਈਈ-ਨੀਟ ਦੀ ਪ੍ਰੀਖਿਆ ਕਰਵਾਏ ਜਾਣ ਦਾ ਵਿਰੋਧ ਦੇਸ਼ ਵਿਚ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ।

 

 

ਦੱਸ ਦਈਏ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੀ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਨੀਟ-ਜੇਈਈ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵਿਰੋਧ ਜਤਾ ਚੁੱਕੀ ਹੈ। ਕਾਂਗਰਸ ਪਾਰਟੀ ਨੇ ਸ਼ੁੱਕਰਵਾਰ ਨੂੰ ਪ੍ਰੀਖਿਆਵਾਂ ਮੁਲਤਵੀ ਕਰਵਾਉਣ ਲਈ ਦੇਸ਼ ਭਰ ਵਿਚ ਪ੍ਰਦਰਸ਼ਨ ਕੀਤਾ। ਇਸ ਤੋਂ ਇਲਾਵਾ ਦੇਸ਼ ਦੇ ਕਈ ਸੂਬੇ ਵਿਚ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਵਿਰੋਧ ਕਰ ਰਹੇ ਹਨ।

ਲੋਕਲ ਖਿਡੌਣਿਆਂ ਲਈ ਬਣੋ ਵੋਕਲ: ਪੀਐਮ ਮੋਦੀ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਦੌਰਾਨ ਖਿਡੌਣਿਆਂ ਨੂੰ ਲੈ ਕੇ ਅਪਣੀ ਗੱਲ ਰੱਖੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਵਿਚ ਸਥਾਨਕ ਖਿਡੌਣਿਆਂ ਦੀ ਬਹੁਤ ਹੀ ਅਮੀਰ ਪਰੰਪਰਾ ਹੈ। ਇੱਥੇ ਬਹੁਤ ਸਾਰੇ ਪ੍ਰਤਿਭਾਵਾਨ ਅਤੇ ਕੁਸ਼ਲ ਕਾਰੀਗਰ ਹਨ ਜੋ ਚੰਗੇ ਖਿਡੌਣੇ ਬਣਾਉਣ ਵਿਚ ਮਾਹਰ ਹਨ।  ਭਾਰਤ ਦੇ ਕੁਝ ਖੇਤਰ ਖਿਡੌਣਿਆਂ ਦੇ ਕੇਂਦਰ ਵਜੋਂ ਵੀ ਵਿਕਸਤ ਹੋ ਰਹੇ ਹਨ।

ਉਹਨਾਂ ਦੱਸਿਆ ਕਿ ਗਲੋਬਲ ਖਿਡੌਣਾ ਉਦਯੋਗ 7 ​​ਲੱਖ ਕਰੋੜ ਤੋਂ ਵੀ ਜ਼ਿਆਦਾ ਦਾ ਹੈ। ਕਾਰੋਬਾਰ ਇੰਨਾ ਵੱਡਾ ਹੈ ਪਰ ਭਾਰਤ ਦਾ ਹਿੱਸਾ ਉਸ ਵਿਚ ਬਹੁਤ ਘੱਟ ਹੈ, ਜਿਸ ਦੇਸ਼ ਕੋਲ ਇੰਨੀ ਵੱਡੀ ਵਿਰਾਸਤ ਹੋਵੇ, ਪਰੰਪਰਾ ਹੋਵੇ, ਕੀ ਖਿਡੌਣਾ ਬਜ਼ਾਰ ਵਿਚ ਉਸ ਦੀ ਹਿੱਸੇਦਾਰੀ ਇੰਨੀ ਘੱਟ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਲੋਕਲ ਖਿਡੌਣਿਆਂ ਲਈ ਸਾਨੂੰ ਵੋਕਲ ਬਣਨਾ ਹੋਵੇਗਾ। ਉਹਨਾਂ ਨੇ ਦੇਸ਼ਵਾਸੀਆਂ ਨੂੰ ਖਿਡੌਣਿਆਂ ਅਤੇ ਕੰਪਿਊਟਰ ਖੇਡਾਂ ਦੇ ਮਾਮਲੇ ਵਿਚ ਆਤਮ ਨਿਰਭਰ ਬਣਨ ਦਾ ਸੰਦੇਸ਼ ਦਿੱਤਾ।