40 ਫੀ ਸਦੀ ਮੌਜੂਦਾ ਸੰਸਦ ਮੈਂਬਰਾਂ ਵਿਰੁਧ ਅਪਰਾਧਕ ਮਾਮਲੇ ਦਰਜ : ਏ.ਡੀ.ਆਰ.

ਏਜੰਸੀ

ਖ਼ਬਰਾਂ, ਰਾਸ਼ਟਰੀ

25 ਫੀ ਸਦੀ ’ਤੇ ਗੰਭੀਰ ਅਪਰਾਧਕ ਮਾਮਲੇ ਦਰਜ

Image: For representation purpose only.

 

ਨਵੀਂ ਦਿੱਲੀ: ਦੇਸ਼ ਦੇ ਕਰੀਬ 40 ਫੀ ਸਦੀ ਸੰਸਦ ਮੈਂਬਰਾਂ ਵਿਰੁਧ ਅਪਰਾਧਕ ਮਾਮਲੇ ਦਰਜ ਹਨ, ਜਿਨ੍ਹਾਂ ’ਚੋਂ 25 ਫੀ ਸਦੀ ਨੇ ਅਪਣੇ ਵਿਰੁਧ ਕਤਲ, ਕਤਲ ਦੀ ਕੋਸ਼ਿਸ਼, ਅਗਵਾ ਅਤੇ ਔਰਤਾਂ ਵਿਰੁਧ ਅਪਰਾਧਾਂ ਵਰਗੇ ਗੰਭੀਰ ਅਪਰਾਧਕ ਮਾਮਲੇ ਐਲਾਨ ਕੀਤੇ ਹਨ। ਚੋਣ ਅਧਿਕਾਰ ਸੰਸਥਾ ਏ.ਡੀ.ਆਰ. ਨੇ ਇਹ ਜਾਣਕਾਰੀ ਦਿਤੀ ਹੈ। ਏ.ਡੀ.ਆਰ. ਨੇ ਕਿਹਾ ਕਿ ਹਰ ਲੋਕ ਸਭਾ ਅਤੇ ਰਾਜ ਸਭਾ ਸੰਸਦ ਮੈਂਬਰ ਦੀ ਜਾਇਦਾਦ ਦਾ ਔਸਤ ਮੁੱਲ 38.33 ਕਰੋੜ ਰੁਪਏ ਹੈ ਅਤੇ 53 (ਸੱਤ ਫੀ ਸਦੀ) ਅਰਬਪਤੀ ਹਨ। ਸਭ ਤੋਂ ਵੱਧ ਜਾਇਦਾਦ ਤੇਲੰਗਾਨਾ ਦੇ ਸੰਸਦ ਮੈਂਬਰਾਂ ਦੀ ਹੈ ਜਿਨ੍ਹਾਂ ਦੀ ਔਸਤ ਜਾਇਦਾਦ 262.26 ਕਰੋੜ ਰੁਪਏ ਹੈ। ਇਸ ਤੋਂ ਬਾਅਦ ਆਂਧਰ ਪ੍ਰਦੇਸ਼ (150.76 ਕਰੋੜ ਰੁਪਏ) ਅਤੇ ਪੰਜਾਬ (88.94 ਕਰੋੜ ਰੁਪਏ) ਦਾ ਨੰਬਰ ਹੈ।

 

ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮ (ਏ.ਡੀ.ਆਰ.) ਅਤੇ ਨੈਸ਼ਨਲ ਇਲੈਕਸ਼ਨ ਵਾਚ (ਨਿਊ) ਨੇ 776 ਲੋਕ ਸਭਾ ਅਤੇ ਰਾਜ ਸਭਾ ਸੀਟਾਂ ਦੇ 763 ਮੌਜੂਦਾ ਸੰਸਦ ਮੈਂਬਰਾਂ ਦੇ ਸਵੈ-ਹਲਫਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਅੰਕੜਾ ਸੰਸਦ ਮੈਂਬਰਾਂ ਵਲੋਂ ਪਿਛਲੀਆਂ ਚੋਣਾਂ ਲੜਨ ਤੋਂ ਪਹਿਲਾਂ ਅਤੇ ਉਸ ਤੋਂ ਬਾਅਦ ਦੀ ਉਪ ਚੋਣ ਲੜਨ ਤੋਂ ਪਹਿਲਾਂ ਦਾਇਰ ਕੀਤੇ ਹਲਫ਼ਨਾਮਿਆਂ ਤੋਂ ਲਿਆ ਗਿਆ ਹੈ। ਚਾਰ ਲੋਕ ਸਭਾ ਸੀਟਾਂ ਅਤੇ ਇਕ ਰਾਜ ਸਭਾ ਸੀਟ ਖਾਲੀ ਹਨ ਅਤੇ ਜੰਮੂ-ਕਸ਼ਮੀਰ ਦੀਆਂ ਚਾਰ ਰਾਜ ਸਭਾ ਸੀਟਾਂ ਅਪਰਿਭਾਸ਼ਤ ਹਨ।

 

ਇਕ ਲੋਕ ਸਭਾ ਮੈਂਬਰ ਅਤੇ ਤਿੰਨ ਰਾਜ ਸਭਾ ਸੰਸਦ ਮੈਂਬਰਾਂ ਦੇ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਨਹੀਂ ਕੀਤਾ ਜਾ ਸਕਿਆ ਕਿਉਂਕਿ ਇਹ ਦਸਤਾਵੇਜ਼ ਉਪਲਬਧ ਨਹੀਂ ਸਨ। ਉਨ੍ਹਾਂ ਅਨੁਸਾਰ 763 ਮੌਜੂਦਾ ਸੰਸਦ ਮੈਂਬਰਾਂ ’ਚੋਂ 306 (40 ਫੀ ਸਦੀ) ਮੌਜੂਦਾ ਸੰਸਦ ਮੈਂਬਰਾਂ ਨੇ ਅਪਣੇ ਵਿਰੁਧ ਅਪਰਾਧਕ ਮਾਮਲਿਆਂ ਦੀ ਜਾਣਕਾਰੀ ਦਿਤੀ ਹੈ ਅਤੇ 194 (25 ਫੀ ਸਦੀ) ਮੌਜੂਦਾ ਸੰਸਦ ਮੈਂਬਰਾਂ ਨੇ ਅਪਣੇ ਵਿਰੁਧ ਕਤਲ, ਹੱਤਿਆ, ਕਤਲੇਆਮ ਸਮੇਤ ਗੰਭੀਰ ਅਪਰਾਧਿਕ ਮਾਮਲਿਆਂ ਦੀ ਜਾਣਕਾਰੀ ਦਿਤੀ ਹੈ।

 

ਵਿਸ਼ਲੇਸ਼ਣ ’ਚ ਕਿਹਾ ਗਿਆ ਹੈ ਕਿ ਭਾਜਪਾ ਦੇ 385 ’ਚੋਂ 139 ਸੰਸਦ ਮੈਂਬਰ (36 ਫੀ ਸਦੀ), ਕਾਂਗਰਸ ਦੇ 81 ’ਚੋਂ 43 ਸੰਸਦ ਮੈਂਬਰ (53 ਫੀ ਸਦੀ), ਤ੍ਰਿਣਮੂਲ ਕਾਂਗਰਸ ਦੇ 36 ’ਚੋਂ 14 ਸੰਸਦ ਮੈਂਬਰ, ਰਾਸ਼ਟਰੀ ਜਨਤਾ ਦਲ ਦੇ ਛੇ ’ਚੋਂ ਪੰਜ ਸੰਸਦ ਮੈਂਬਰ (83 ਫੀ ਸਦੀ), ਸੀ.ਪੀ.ਆਈ. (ਐਮ) ਦੇ ਅੱਠ ’ਚੋਂ ਛੇ ਸੰਸਦ ਮੈਂਬਰ (75 ਫ਼ੀ ਸਦੀ), ਆਮ ਆਦਮੀ ਪਾਰਟੀ ਦੇ 11 ’ਚੋਂ ਤਿੰਨ ਸੰਸਦ ਮੈਂਬਰ (27 ਫ਼ੀ ਸਦੀ), ਵਾਈ.ਐਸ.ਆਰ. ਕਾਂਗਰਸ ਪਾਰਟੀ ਦੇ 31 ’ਚੋਂ 13 ਸੰਸਦ ਮੈਂਬਰ (42 ਫ਼ੀ ਸਦੀ) ਅਤੇ ਐਨ.ਸੀ.ਪੀ. ਦੇ ਅੱਠ ਸੰਸਦ ਮੈਂਬਰਾਂ ’ਚੋਂ ਤਿੰਨ ਨੇ ਅਪਣੇ ਹਲਫਨਾਮਿਆਂ ’ਚ ਅਪਣੇ ਵਿਰੁਧ ਦਰਜ ਹੋਏ ਅਪਰਾਧਕ ਮਾਮਲਿਆਂ ਦੀ ਜਾਣਕਾਰੀ ਦਿਤੀ ਹੈ।

 

ਏ.ਡੀ.ਆਰ. ਅਨੁਸਾਰ, ਭਾਜਪਾ ਦੇ 385 ਸੰਸਦ ਮੈਂਬਰਾਂ ’ਚੋਂ ਲਗਭਗ 98 (25 ਫੀ ਸਦੀ), ਕਾਂਗਰਸ ਦੇ 81 ਸੰਸਦ ਮੈਂਬਰਾਂ ’ਚੋਂ 26 (32 ਫੀ ਸਦੀ), ਤ੍ਰਿਣਮੂਲ ਕਾਂਗਰਸ ਦੇ 36 ਸੰਸਦ ਮੈਂਬਰਾਂ ’ਚੋਂ 7 (19 ਫੀ ਸਦੀ), 3 (3 ਫੀ ਸਦੀ)। ਆਰ.ਜੇ.ਡੀ. ਦੇ ਛੇ ਸੰਸਦ ਮੈਂਬਰ, 50 ਫੀ ਸਦੀ), ਸੀ.ਪੀ.ਆਈ. (ਐਮ) ਦੇ 8 ’ਚੋਂ 2 (25 ਫੀ ਸਦੀ), ‘ਆਪ’ ਦੇ 11 ’ਚੋਂ 1 (9 ਫੀ ਸਦੀ), ਵਾਈ.ਐਸ.ਆਰ. ਕਾਂਗਰਸ ਪਾਰਟੀ ਦੇ 31 ’ਚੋਂ 11 ਸੰਸਦ ਮੈਂਬਰ (35 ਫੀਸਦੀ) ਅਤੇ ਐੱਨ.ਸੀ.ਪੀ. ਦੇ 8 ’ਚੋਂ 2 (25 ਫੀਸਦੀ) ਸੰਸਦ ਮੈਂਬਰਾਂ ਦੇ ਨੇ ਅਪਣੇ ਹਲਫ਼ਨਾਮੇ ’ਚ ਗੰਭੀਰ ਅਪਰਾਧਕ ਮਾਮਲੇ ਐਲਾਨ ਕੀਤੇ ਹਨ।