ਸੀਵੀਸੀ ਨੇ ਆਲੋਕ ਵਰਮਾ ਵਿਰੁਧ ਦੋਸ਼ਾਂ ਦੀ ਰੀਪੋਰਟ ਸੁਪਰੀਮ ਕੋਰਟ ਨੂੰ ਸੌਂਪੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਅਦਾਲਤ ਨੇ ਸੀਵੀਸੀ ਨੂੰ ਨਿਰਦੇਸ਼ ਦਿਤਾ ਸੀ ਕਿ ਉਹ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਵਿਰੁਧ ਲੱਗੇ ਦੋਸ਼ਾਂ ਸਬੰਧੀ ਮੁਢਲੀ ਜਾਂਚ ਰੀਪੋਰਟ ਨੂੰ ਦੋ ਹਫਤੇ ਦੇ ਅੰਦਰ ਪੂਰਾ ਕਰੇ।

Central Vigilance Commission

ਨਵੀਂ ਦਿੱਲੀ , ( ਪੀਟੀਆਈ) : ਸੀਬੀਆਈ ਵਿਵਾਦ ਮਾਮਲੇ ਵਿਚ ਕੇਂਦਰੀ ਵਿਜ਼ੀਲੈਂਸ ਕਮਿਸ਼ਨ (ਸੀਵੀਸੀ) ਨੇ ਅਪਣੀ ਮੁਢਲੀ ਜਾਂਚ ਰੀਪੋਰਟ ਸੁਪਰੀਮ ਕੋਰਟ ਨੂੰ ਸੌਂਪ ਦਿਤੀ। ਮਾਮਲੇ ਦੀ ਅਗਲੀ ਸੁਣਵਾਈ ਸ਼ੁਕਰਵਾਰ ਨੂੰ ਹੋਵੇਗੀ। ਜ਼ਿਕਰਯੋਗ ਹੈ ਕਿ ਅਦਾਲਤ ਨੇ ਸੀਵੀਸੀ ਨੂੰ ਨਿਰਦੇਸ਼ ਦਿਤਾ ਸੀ ਕਿ ਉਹ ਸੀਬੀਆਈ ਨਿਰਦੇਸ਼ਕ ਆਲੋਕ ਵਰਮਾ ਵਿਰੁਧ ਲੱਗੇ ਦੋਸ਼ਾਂ ਸਬੰਧੀ ਅਪਣੀ ਮੁਢਲੀ ਜਾਂਚ ਰੀਪੋਰਟ ਨੂੰ ਦੋ ਹਫਤੇ ਦੇ ਅੰਦਰ ਪੂਰਾ ਕਰੇ। ਕੇਂਦਰ ਸਰਕਾਰ ਨੇ ਵਰਮਾ ਤੋਂ ਸਾਰੇ ਅਧਿਕਾਰ ਵਾਪਸ ਲੈ ਕੇ ਉਨ੍ਹਾਂ ਨੂੰ ਛੁੱਟੀ ਤੇ ਭੇਜ ਦਿਤਾ ਸੀ।

ਸੁਪਰੀਮ ਕੋਰਟ ਨੇ ਸੀਵੀਸੀ ਰੀਪੋਰਟ ਨੂੰ ਅਪਣੇ ਰਿਕਾਰਡ ਵਿਚ ਲੈ ਲਿਆ ਹੈ। ਸੀਬੀਆਈ ਨਿਰਦੇਸ਼ਕ ਆਲੋਕ ਕੁਮਾਰ ਵਰਮਾ ਅਤੇ ਐਨਜੀਓ ਕਾਮਨ ਕਾਜ ਦੀਆਂ ਪਟੀਸ਼ਨਾਂ ਤੇ ਸੁਣਵਾਈ 16 ਨਵੰਬਰ ਨੂੰ ਨਿਰਧਾਰਤ ਕੀਤੀ ਗਈ। ਸੀਵੀਸੀ ਆਲੋਕ ਵਰਮਾ ਵਿਰੁਧ ਦੋਸ਼ਾਂ ਦੀ ਜਾਂਚ ਕਰ ਰਹੀ ਹੈ। ਸਾਲਿਸਿਟਰ ਜਨਰਲ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਸੁਪਰੀਮ ਕੋਰਟ ਦੇ ਸਾਬਕਾ ਜੱਜ ਏ ਕੇ ਪਟਨਾਇਕ ਨੇ ਸੀਵੀਸੀ ਜਾਂਚ ਦੀ ਨਿਗਰਾਨੀ ਕੀਤੀ ਜੋ ਕਿ 10 ਨਵੰਬਰ ਨੂੰ ਪੂਰੀ ਹੋਈ। ਸੀਬੀਆਈ ਦੇ ਅੰਤਰਿਮ ਨਿਰਦੇਸ਼ਕ

ਐਮ ਨਾਗੇਸ਼ਵਰ ਰਾਓ ਨੇ ਵੀ ਏਜੰਸੀ ਮੁਖੀ ਦੇ ਤੌਰ ਤੇ 23 ਅਕਤੂਬਰ ਤੋਂ ਬਾਅਦ ਦੇ ਲਏ ਗਏ ਅਪਣੇ ਫੈਸਲਿਆਂ ਤੇ ਰੀਪੋਰਟ ਦਾਖਲ ਕੀਤੀ। ਵਰਮਾ ਅਤੇ ਅਸਥਾਨਾ ਨੇ ਇਕ ਦੂਜੇ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਹਨ। ਕੇਦਰ ਨੇ ਦੋਨਾਂ ਅਧਿਕਾਰੀਆਂ ਨੂੰ ਜ਼ਬਰਦਸਤੀ ਛੁੱਟੀ ਤੇ ਭੇਜ ਦਿਤਾ ਅਤੇ ਦੋਨਾਂ ਤੋਂ ਸਾਰੇ ਅਧਿਕਾਰ ਵਾਪਸ ਲੈ ਲਏ ਸਨ। ਕੇਂਦਰ ਦੇ ਇਨ੍ਹਾਂ ਫੈਸਲਿਆਂ ਨੂੰ ਵਰਮਾ ਨੇ ਸਿਖਰ ਅਦਾਲਤ ਵਿਚ ਚੁਣੌਤੀ ਦਿਤੀ ਹੈ।

ਪਿਛਲੀ ਸੁਣਵਾਈ ਵਿਚ ਮੁਖ ਜੱਜ ਰੰਜਨ ਗੋਗੋਈ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਬੈਂਚ ਨੇ ਵਰਮਾ ਦੀ ਅਰਜ਼ੀ ਤੇ ਸੁਣਵਾਈ ਕੀਤੀ। ਹੁਣ ਇਹ ਮਾਮਲਾ ਗੋਗੋਈ ਅਤੇ ਜਸਟਿਸ ਐਸ.ਕੇ.ਕੌਲ ਦੀ ਦੋ ਮੈਂਬਰੀ ਬੈਂਚ ਦੇ ਸਾਹਮਣੇ ਸੂਚੀਬੱਧ ਹੈ ਜਿਸ ਤੇ ਸੋਮਵਾਰ ਨੂੰ ਸੁਣਵਾਈ ਹੋਣੀ ਹੈ। ਦੋ ਮੈਂਬਰੀ ਬੈਂਚ ਤੋਂ ਇਸ ਮਾਮਲੇ ਦੀ ਸੁਣਵਾਈ ਕਰਨ ਦਾ ਫੈਸਲਾ ਉਸ ਸਮੇਂ ਲਿਆ ਗਿਆ ਜਦ ਮੁਖ ਜੱਜ ਨੇ ਪੱਤਰਕਾਰਾਂ ਨਾਲ ਗੱਲਬਾਤ ਵਿਚ ਕਿਹਾ ਕਿ ਸੋਮਵਾਰ ਅਤੇ ਸ਼ੁਕਰਵਾਰ ਨੂੰ ਸਿਰਫ ਦੋ ਮੈਂਬਰਾਂ ਵਾਲੀ ਬੈਂਚਾਂ ਬੈਠਣਗੀਆਂ।