ਕਸ਼ਮੀਰ ਵਿਚ ਰੇਲ ਸੇਵਾਵਾਂ ਬਹਾਲ, ਘਾਟੀ ਵਿਚ ਮਿੰਨੀ ਬਸਾਂ ਵੀ ਸੜਕਾਂ 'ਤੇ ਦਿਸੀਆਂ

ਏਜੰਸੀ

ਖ਼ਬਰਾਂ, ਰਾਸ਼ਟਰੀ

ਧਾਰਾ 370 ਖ਼ਤਮ ਕੀਤੇ ਜਾਣ ਦੇ ਲਗਭਗ ਤਿੰਨ ਮਹੀਨਿਆਂ ਮਗਰੋਂ ਕਸ਼ਮੀਰ ਵਿਚ ਰੇਲ ਸੇਵਾ ਬਹਾਲ

Mini buses on roads in valley, Rail service in Kashmir resume

ਸ੍ਰੀਨਗਰ : ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਵਾਲੀ ਧਾਰਾ 370 ਖ਼ਤਮ ਕੀਤੇ ਜਾਣ ਦੇ ਲਗਭਗ ਤਿੰਨ ਮਹੀਨਿਆਂ ਮਗਰੋਂ ਕਸ਼ਮੀਰ ਵਿਚ ਰੇਲ ਸੇਵਾਵਾਂ ਮੰਗਲਵਾਰ ਨੂੰ ਬਹਾਲ ਕਰ ਦਿਤੀਆਂ ਗਈਆਂ। ਬਤਵਾਰਾ ਬਟਮਾਲੂ ਮਾਰਗ ਵਿਚਾਲੇ ਕਈ ਰਾਹਾਂ 'ਤੇ ਮਿੰਨੀ ਬਸਾਂ ਵੀ ਚਲਦੀਆਂ ਨਜ਼ਰ ਆਈਆਂ ਜਦਕਿ ਅੰਤਰਜ਼ਿਲ੍ਹਾ ਕੈਬਾਂ ਅਤੇ ਆਟੋ ਰਿਕਸ਼ੇ ਵੀ ਘਾਟੀ ਵਿਚ ਹੋਰ ਥਾਵਾਂ 'ਤੇ ਨਜ਼ਰ ਆਏ। ਨਿਜੀ ਵਾਹਨ ਵੀ ਬਿਨਾਂ ਰੁਕਾਵਟ ਸੜਕਾਂ 'ਤੇ ਚੱਲ ਰਹੇ ਸਨ।

ਰੇਲਵੇ ਦੇ ਅਧਿਕਾਰੀ ਨੇ ਦਸਿਆ ਕਿ ਬਾਰਾਮੂਲ ਅਤੇ ਸ੍ਰੀਨਗਰ ਵਿਚਾਲੇ ਸਵੇਰੇ ਰੇਲ ਸੇਵਾ ਬਹਾਲ ਕਰ ਦਿਤੀ ਗਈ। ਉਨ੍ਹਾਂ ਕਿਹਾ ਕਿ ਬਾਰਾਮੁਲਾ ਅਤੇ ਸ੍ਰੀਨਗਰ ਵਿਚਾਲੇ ਕੇਵਲ ਦੋ ਹੀ ਵਾਰ ਚੱਲੇਗੀ ਕਿਉਂਕਿ ਸੁਰੱਖਿਆ ਕਾਰਨਾਂ ਕਰਕੇ ਰੇਲਵੇ ਨੇ ਸਿਰਫ਼ ਸਵੇਰੇ 10 ਵਜੇ ਤੋਂ ਦੁਪਹਿਰ ਤਿੰਨ ਵਜੇ ਹੀ ਚਲਾਉਣ ਦੀ ਆਗਿਆ ਦਿਤੀ। ਰੇਲਵੇ ਨੇ ਸੋਮਵਾਰ ਨੂੰ ਇਸ ਮਾਰਗ 'ਤੇ ਅਜਮਾਇਸ਼ੀ ਤੌਰ 'ਤੇ ਗੱਡੀ ਚਲਾਈ ਸੀ।

ਅਧਿਕਾਰੀ ਨੇ ਦਸਿਆ ਕਿ ਸ੍ਰੀਨਗਰ ਬਨਿਹਾਲ ਵਿਚਾਲੇ ਰੇਲ ਸੇਵਾਵਾਂ ਕੁੱਝ ਦਿਨਾਂ ਮਗਰੋਂ ਸੁਰੱਖਿਆ ਜਾਂਚ ਅਤੇ ਟਰਾਇਲ ਰਨ ਕਰ ਕੇ ਸ਼ੁਰੂ ਕੀਤੀਆਂ ਜਾਣਗੀਆਂ। ਕੇਂਦਰ ਸਰਕਾਰ ਨੇ ਪੰਜ ਅਗੱਸਤ ਨੂੰ ਰੇਲ ਸੇਵਾਵਾਂ ਰੋਕ ਦਿਤੀਆਂ ਸਨ। ਅਧਿਕਾਰੀਆਂ ਨੇ ਦਸਿਆ ਕਿ ਸਵੇਰੇ ਸਿਰਫ਼ ਕੁੱਝ ਘੰਟਿਆਂ ਲਈ ਬਾਜ਼ਾਰ ਖੁਲ੍ਹੇ ਅਤੇ ਦਿਨ ਵਿਚ ਬੰਦ ਕਰ ਦਿਤੇ ਗਏ।

ਉਨ੍ਹਾਂ ਦਸਿਆ ਕਿ ਫ਼ਸਾਦੀਆਂ ਅਤੇ ਅਤਿਵਾਦੀਆਂ ਦੁਆਰਾ ਦੁਕਾਨਦਾਰਾਂ ਅਤੇ ਵਪਾਰੀਆਂ ਨੂੰ ਡਰਾ ਕੇ ਦੁਕਾਨਾਂ ਬੰਦ ਕਰਾਈਆਂ ਜਾ ਰਹੀਆਂ ਹਨ। ਸ਼ਹਿਰ ਦੇ ਗੋਨੀ ਖ਼ਾਨ ਬਾਜ਼ਾਰ ਅਤੇ ਕਾਕਾ ਸਰਾਏ ਇਲਾਕਿਆਂ ਵਿਚ ਗ੍ਰਨੇਡ ਹਮਲੇ ਵੀ ਕੀਤੀ ਗਏ ਜਿਨ੍ਹਾਂ ਤੋਂ ਪਤਾ ਚਲਦਾ ਹੈ ਕਿ ਬੰਦ ਰੱਖਣ ਦੀ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ।