ਕਾਂਗਰਸ ਨੇ ਗੱਡਿਆ ਜਿੱਤ ਦਾ ਝੰਡਾ, ਇਹ ਹਨ ਨਤੀਜੇ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਦੇ ਨਾਮ ਦਾ ਇੱਕ ਨਵਾਂ ਉਭਾਰ ਦੇਖਣ ਨੂੰ ਮਿਲਿਆ। ਇਨ੍ਹਾਂ ਚੋਣਾਂ ਦੌਰਾਨ....

Congress

ਨਵੀਂ ਦਿੱਲੀ (ਭਾਸ਼ਾ) : ਪੰਜ ਸੂਬਿਆਂ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵਿਚ ਕਾਂਗਰਸ ਦੇ ਨਾਮ ਦਾ ਇੱਕ ਨਵਾਂ ਉਭਾਰ ਦੇਖਣ ਨੂੰ ਮਿਲਿਆ। ਇਨ੍ਹਾਂ ਚੋਣਾਂ ਦੌਰਾਨ ਛੱਤੀਸਗੜ੍ਹ ਅਤੇ ਰਾਜਸਥਾਨ ਵਿਚ ਕਾਂਗਰਸ ਨੇ ਜਿੱਤ ਦਾ ਝੰਡਾ ਗੱਡਿਆ ਹੈ  ਪਰ ਮੱਧਪ੍ਰਦੇਸ਼ ਵਿਚ ਪੇਚ ਫਸ ਗਿਆ ਹੈ | ਕਾਂਗਰਸ ਦੀ ਇਸ ਜਿੱਤ ਨੂੰ 2019 ਦੀਆਂ ਲੋਕ ਸਭਾ ਚੋਣਾਂ ਦੀ ਜਿੱਤ ਦੀ ਪਹਿਲੀ ਪੌੜੀ ਮੰਨਿਆ ਜਾ ਰਿਹਾ ਹੈ | ਹਿੰਦੀ ਬੈਲਟ ਵਜੋਂ ਜਾਣੇ ਜਾਂਦੇ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਸੂਬੇ ਚ ਕਾਂਗਰਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।


ਛੱਤੀਸਗੜ੍ਹ ਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਛੱਤੀਸਗੜ੍ਹ ਦੀਆਂ 90 ਸੀਟਾਂ ਵਾਲੀ ਵਿਧਾਨਸਭਾ ਚ ਕਾਂਗਰਸ ਨੇ 67 ਸੀਟਾਂ ਜਿੱਤੀਆਂ ਹਨ ਜਦਕਿ 15 ਸਾਲਾਂ ਤੋਂ ਸੂਬੇ ਚ ਰਾਜ ਕਰ ਰਹੀ ਬੀਜੇਪੀ ਦੀ ਸਰਕਾਰ ਸਿਰਫ਼ 15 ਸੀਟਾਂ ਤੇ ਸਿਮਟ ਗਈ। ਰਾਜਸਥਾਨ ਦੀਆਂ 199 ਸੀਟਾਂ ਵਿਚੋਂ ਕਾਂਗਰਸ ਨੇ 100 ਸੀਟਾਂ ਹਾਸਿਲ ਕਰ ਪੂਰਨ ਬਹੁਮਤ ਹਾਸਿਲ ਕੀਤਾ ਅਤੇ ਭਾਜਪਾ ਦੀ ਝੋਲੀ ਵਿਚ 73 ਸੀਟਾਂ ਪਈਆਂ | ਪਰ ਇਸ ਸਭ ਦੇ ਉਲਟ ਮੱਧਪ੍ਰਦੇਸ਼ ਵਿਚ ਬਹੁਤ ਫਸਵਾ ਮੁਕਾਬਲਾ ਰਿਹਾ, 230 ਸੀਟਾਂ ਵਾਲੀ ਮੱਧਪ੍ਰਦੇਸ਼ ਦੀ ਵਿਧਾਨ ਸਭਾ ਚੋਣ ਵਿਚ ਕਿਸੇ ਵੀ ਪਾਰਟੀ ਨੂੰ ਪੂਰਨ ਬਹੁਮਤ ਨਹੀਂ ਮਿਲਿਆ।


ਇੱਥੇ ਵੀ ਕਾਂਗਰਸ 115  ਸੀਟਾਂ ਨਾਲ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਸਰਕਾਰ ਬਣਾਉਣ ਲਈ ਉਸ ਨੂੰ ਸਿਰਫ਼ 1 ਹੋਰ ਸੀਟ  ਦੀ ਜ਼ਰੂਰਤ ਹੈ। ਮੱਧ ਪ੍ਰਦੇਸ਼ ਵਿਚ ਭਾਜਪਾ ਨੇ ਵੀ ਕਾਂਗਰਸ ਨੂੰ ਜ਼ਬਰਦਸਤ ਟੱਕਰ ਦਿੱਤੀ ਅਤੇ 108 ਸੀਟਾਂ 'ਤੇ ਕਬਜ਼ਾ ਜਮਾਇਆ | ਮਾਹਿਰਾਂ ਵੱਲੋਂ ਇਨ੍ਹਾਂ ਨਤੀਜਿਆਂ ਨੂੰ ਕਾਂਗਰਸ ਲਈ ਬਹੁਤ ਚੰਗਾ ਮੰਨਿਆ ਜਾ ਰਿਹਾ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਤੀਜੇ ਕਾਂਗਰਸ ਲਈ ਚੰਗੇ ਸੰਕੇਤ ਹਨ | ਇਸਦੇ ਨਾਲ ਹੀ ਕਾਂਗਰਸ ਦੇ ਆਗੂ ਇਸ ਜਿੱਤ ਦਾ ਸਿਹਰਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੇ ਸਿਰ ਬੰਨ੍ਹ ਰਹੇ ਹਨ |