ਜ਼ੀਕਾ ਵਾਇਰਸ ਦੀ ਸ਼ਿਕਾਰ ਹੋਈ 5 ਸਾਲਾ ਬੱਚੀ, ਪੁਸ਼ਟੀ ਵਾਲਾ ਪਹਿਲਾ ਮਾਮਲਾ 

ਏਜੰਸੀ

ਖ਼ਬਰਾਂ, ਰਾਸ਼ਟਰੀ

ਕਰਨਾਟਕ ਦੇ ਸਿਹਤ ਮੰਤਰੀ ਵੱਲੋਂ ਕੀਤੀ ਗਈ ਪੁਸ਼ਟੀ 

Image

 

ਬੈਂਗਲੁਰੂ - ਕਰਨਾਟਕ ਦੇ ਸਿਹਤ ਮੰਤਰੀ ਕੇ. ਸੁਧਾਕਰ ਨੇ ਸੋਮਵਾਰ ਨੂੰ ਕਿਹਾ ਕਿ ਰਾਏਚੂਰ ਜ਼ਿਲ੍ਹੇ ਦੀ ਪੰਜ ਸਾਲ ਦੀ ਬੱਚੀ ਵਿੱਚ ਜ਼ੀਕਾ ਵਾਇਰਸ ਦੇ ਪਹਿਲੇ ਮਾਮਲੇ ਦੀ ਪੁਸ਼ਟੀ ਹੋਈ ਹੈ।

ਮੰਤਰੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕਿਸੇ ਕਿਸਮ ਦੀ ਚਿੰਤਾ ਦੀ ਕੋਈ ਲੋੜ ਨਹੀਂ ਹੈ, ਕਿਉਂਕਿ ਸਰਕਾਰ ਸਾਰੇ ਲੋੜੀਂਦੇ ਕਦਮ ਚੁੱਕ ਰਹੀ ਹੈ ਅਤੇ ਇਸ ਸੰਬੰਧੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਜਾਣਗੇ।

ਇੱਕ ਸਵਾਲ ਦੇ ਜਵਾਬ ਵਿੱਚ ਕੇ. ਸੁਧਾਕਰ ਨੇ ਕਿਹਾ, “ਸਾਨੂੰ ਜ਼ੀਕਾ ਵਾਇਰਸ ਦੇ ਇੱਕ ਪੁਸ਼ਟੀ ਕੀਤੇ ਕੇਸ ਬਾਰੇ ਪੁਣੇ ਦੀ ਲੈਬਾਰਟਰੀ ਤੋਂ ਰਿਪੋਰਟ ਮਿਲੀ ਹੈ। ਇਸ 'ਤੇ 5 ਦਸੰਬਰ ਨੂੰ ਕਾਰਵਾਈ ਕਰਨ ਤੋਂ ਬਾਅਦ 8 ਦਸੰਬਰ ਨੂੰ ਰਿਪੋਰਟ ਦਿੱਤੀ ਗਈ ਸੀ। ਤਿੰਨ ਨਮੂਨੇ ਜਾਂਚ ਲਈ ਭੇਜੇ ਗਏ ਸਨ, ਜਿਨ੍ਹਾਂ ਵਿੱਚੋਂ ਦੋ ਨੈਗੇਟਿਵ ਅਤੇ ਇੱਕ ਪਾਜ਼ਿਟਿਵ ਆਇਆ। ਅਸੀਂ ਪੂਰੀ ਸਾਵਧਾਨੀ ਵਰਤ ਰਹੇ ਹਾਂ।"

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਮਹੀਨੇ ਪਹਿਲਾਂ ਜ਼ੀਕਾ ਵਾਇਰਸ ਦੇ ਮਾਮਲੇ ਕੇਰਲ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਿੱਚ ਸਾਹਮਣੇ ਆਏ ਸਨ।

ਰਾਜ ਦੇ ਸਿਹਤ ਮੰਤਰੀ ਨੇ ਕਿਹਾ, ''ਕਰਨਾਟਕ ਵਿੱਚ ਪੁਸ਼ਟੀ ਵਾਲਾ ਇਹ ਪਹਿਲਾ ਮਾਮਲਾ ਹੈ। ਇਹ ਗੱਲ ਉਦੋਂ ਸਾਹਮਣੇ ਆਈ ਜਦੋਂ ਡੇਂਗੂ ਅਤੇ ਚਿਕਨਗੁਨੀਆ ਲਈ ਸੀਰਮ ਦੀ ਜਾਂਚ ਕੀਤੀ ਗਈ। ਆਮ ਤੌਰ 'ਤੇ ਅਜਿਹੇ 10 ਫ਼ੀਸਦੀ ਨਮੂਨੇ ਪੁਣੇ ਨੂੰ ਜਾਂਚ ਲਈ ਭੇਜੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਇਹ ਪਾਜ਼ਿਟਿਵ ਨਿੱਕਲਿਆ ਹੈ।"

ਜ਼ੀਕਾ ਵਾਇਰਸ ਰੋਗ ਸੰਕਰਮਿਤ ਏਡੀਜ਼ ਮੱਛਰ ਦੇ ਕੱਟਣ ਨਾਲ ਫ਼ੈਲਦਾ ਹੈ। ਇਹ ਮੱਛਰ ਨੂੰ ਡੇਂਗੂ ਅਤੇ ਚਿਕਨਗੁਨੀਆ ਵਰਗੀਆਂ ਲਾਗਾਂ ਫ਼ੈਲਾਉਣ ਲਈ ਵੀ ਜਾਣਿਆ ਜਾਂਦਾ ਹੈ। ਇਸ ਵਾਇਰਸ ਦੀ ਪਛਾਣ ਪਹਿਲੀ ਵਾਰ 1947 ਵਿੱਚ ਯੂਗਾਂਡਾ ਵਿੱਚ ਹੋਈ ਸੀ।