ਦਿੱਲੀ ਪੁਲਿਸ ਦੀ ਮਹਿਲਾ ਸਬ-ਇੰਸਪੈਕਟਰ ਨਾਲ ਪਤੀ ਵੱਲੋਂ ਕੁੱਟਮਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਟਵੀਟ ਕਰਕੇ ਕੀਤੀ ਪਤੀ ਖ਼ਿਲਾਫ਼ ਕਾਰਵਾਈ ਦੀ ਮੰਗ 

Image

 

ਨਵੀਂ ਦਿੱਲੀ - ਦਿੱਲੀ ਪੁਲਿਸ ਦੀ ਇੱਕ ਮਹਿਲਾ ਸਬ-ਇੰਸਪੈਕਟਰ (ਐਸ.ਆਈ.) ਦੀ ਦੱਖਣੀ-ਪੱਛਮੀ ਦਿੱਲੀ ਦੇ ਦਵਾਰਕਾ ਵਿੱਚ ਉਸ ਦੇ ਵਕੀਲ ਪਤੀ ਨੇ ਕਥਿਤ ਤੌਰ 'ਤੇ ਕੁੱਟਮਾਰ ਕੀਤੀ ਹੈ।

ਪੁਲਿਸ ਨੇ ਸੋਮਵਾਰ ਨੂੰ ਕਿਹਾ ਕਿ ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਐਸ.ਆਈ. ਡੋਲੀ ਤੇਵਾਤੀਆ ਨੇ ਟਵਿੱਟਰ 'ਤੇ ਆਪਣੀ ਪਰੇਸ਼ਾਨੀ ਜ਼ਾਹਿਰ ਕੀਤੀ ਅਤੇ ਇੱਕ ਵੀਡੀਓ ਵੀ ਪੋਸਟ ਕੀਤਾ ਜਿਸ ਵਿੱਚ ਉਸ ਦਾ ਪਤੀ ਦਵਾਰਕਾ ਵਿੱਚ ਉਸ ਨਾਲ ਬਦਸਲੂਕੀ ਕਰਦਾ ਅਤੇ ਲੜਦਾ ਦਿਖਾਈ ਦੇ ਰਿਹਾ ਹੈ।

ਐਸ.ਆਈ. ਨੇ ਆਪਣੇ ਨਿੱਜੀ ਟਵਿੱਟਰ ਹੈਂਡਲ ਤੋਂ ਕਿਹਾ, “ਮੈਂ ਦਿੱਲੀ ਪੁਲਿਸ ਵਿੱਚ ਸਬ-ਇੰਸਪੈਕਟਰ ਹਾਂ। ਮੈਂ ਇਸ ਵੇਲੇ ਜਣੇਪਾ ਛੁੱਟੀ 'ਤੇ ਹਾਂ। ਮੇਰਾ ਵਕੀਲ ਪਤੀ ਤਰੁਣ ਡਬਾਸ ਮੇਰੇ ਨਾਲ ਲਗਾਤਾਰ ਦੁਰਵਿਵਹਾਰ ਕਰ ਰਿਹਾ ਹੈ। ਅੱਜ ਉਸ ਨੇ ਮੈਨੂੰ ਦਿਨ-ਦਿਹਾੜੇ ਕੁੱਟਿਆ। ਕਿਰਪਾ ਕਰਕੇ ਕਾਰਵਾਈ ਕਰੋ।"

ਵੀਡੀਓ ਵਿੱਚ, ਆਦਮੀ ਆਪਣੀ ਕਾਲੀ ਐੱਸ.ਯੂ.ਵੀ. ਨਾਲ ਇੱਕ ਖੜ੍ਹੀ ਕਾਰ ਨੂੰ ਟੱਕਰ ਮਾਰਦਾ, ਅਤੇ ਬਾਅਦ ਵਿੱਚ ਆਪਣੀ ਪਤਨੀ ਨਾਲ ਬਹਿਸ ਕਰਦਾ ਦੇਖਿਆ ਜਾ ਸਕਦਾ ਹੈ। ਉਸ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ।

ਐਸ.ਆਈ. ਨੇ ਟਵਿੱਟਰ ਰਾਹੀਂ ਦਿੱਲੀ ਮਹਿਲਾ ਕਮਿਸ਼ਨ ਤੋਂ ਵੀ ਮਦਦ ਮੰਗੀ, ਜਿਸ ਤੋਂ ਬਾਅਦ ਕਮਿਸ਼ਨ ਨੇ ਪੁਲਿਸ ਨੂੰ ਨੋਟਿਸ ਜਾਰੀ ਕੀਤਾ।

ਤੇਵਤੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਡਬਾਸ ਖਿਲਾਫ ਹੁਣ ਤੱਕ ਤਿੰਨ ਸ਼ਿਕਾਇਤਾਂ ਦਰਜ ਕਰਵਾਈਆਂ ਹਨ।

ਮਾਮਲੇ 'ਚ ਕਾਰਵਾਈ ਕਰਦੇ ਹੋਏ ਦਿੱਲੀ ਪੁਲਸ ਨੇ ਉਸ ਦੇ ਪਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ, ਅਤੇ ਜਾਂਚ ਕੀਤੀ ਜਾ ਰਹੀ ਹੈ।

ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਨਜਫ਼ਗੜ੍ਹ ਪੁਲਿਸ ਥਾਣੇ 'ਚ ਭਾਰਤੀ ਦੰਡਾਵਲੀ ਦੀ 323, 341, 427  ਅਤੇ 506  ਤਹਿਤ  ਗਿਆ ਹੈ। 

ਮਹਿਲਾ ਐਸ.ਆਈ. ਅਤੇ ਉਸ ਦੇ ਭਰਾ ਸੁਮਿਤ ਕੁਮਾਰ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ। ਸ਼ਿਕਾਇਤ ਵਿੱਚ ਕੁਮਾਰ ਨੇ ਦੋਸ਼ ਲਾਇਆ ਹੈ ਕਿ ਡਬਾਸ ਨੇ ਸਤੰਬਰ ਵਿੱਚ ਉਸ ਨਾਲ ਕਈ ਵਾਰ ਕੁੱਟਮਾਰ ਕੀਤੀ।

ਕੁਮਾਰ ਨੇ ਕਿਹਾ, ''ਡਬਾਸ ਅਤੇ ਉਸ ਦੇ ਨਾਲ ਆਏ ਪੰਜ-ਸੱਤ ਗੁੰਡਿਆਂ ਨੇ 4 ਸਤੰਬਰ, 2022 ਨੂੰ ਰੋਹਿਣੀ ਹੈਲੀਪੋਰਟ ਨੇੜੇ ਮੇਰੇ 'ਤੇ ਹਮਲਾ ਕੀਤਾ। ਮੈਂ ਪੀ.ਸੀ.ਆਰ. ਨੂੰ ਫ਼ੋਨ ਕੀਤਾ ਅਤੇ ਕਿਸੇ ਤਰ੍ਹਾਂ ਪੁਲਿਸ ਨੇ ਮੈਨੂੰ ਬਚਾਇਆ। ਇਸ ਦੀ ਸ਼ਿਕਾਇਤ ਜੁਆਇੰਟ ਕਮਿਸ਼ਨਰ ਆਫ਼ ਪੁਲਿਸ ਰੋਹਿਣੀ ਨੂੰ ਵੀ ਦਿੱਤੀ ਗਈ। ਇਸੇ ਤਰ੍ਹਾਂ ਦੀਆਂ ਵਾਰ-ਵਾਰ ਧਮਕੀਆਂ ਮਿਲਣ ਤੋਂ ਬਾਅਦ ਮੈਂ ਪੁਲਿਸ ਨੂੰ ਆਪਣੀ ਅਤੇ ਮੇਰੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਕਿਹਾ ਹੈ। ਪਰ ਡਬਾਸ ਖ਼ਿਲਾਫ਼ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।

ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ ਦੀ ਮੁਖੀ ਸਵਾਤੀ ਮਾਲੀਵਾਲ ਨੇ ਟਵਿੱਟਰ 'ਤੇ ਕਿਹਾ ਕਿ ਇੱਕ ਮਹਿਲਾ ਪੁਲਿਸ ਕਰਮਚਾਰੀ ਵੀ ਸੁਰੱਖਿਅਤ ਨਹੀਂ ਹੈ ਅਤੇ ਉਸ ਨੂੰ ਸੋਸ਼ਲ ਮੀਡੀਆ 'ਤੇ ਮਦਦ ਲੈਣੀ ਪਈ।

ਮਾਲੀਵਾਲ ਨੇ ਕਿਹਾ, ''ਦਿੱਲੀ ਪੁਲਿਸ ਦੀ ਸਬ-ਇੰਸਪੈਕਟਰ ਨਾਲ ਉਸ ਦਾ ਪਤੀ ਕਈ ਮਹੀਨਿਆਂ ਤੋਂ ਕੁੱਟ-ਮਾਰ ਕਰ ਰਿਹਾ ਹੈ, ਪਰ ਕੋਈ ਕਾਰਵਾਈ ਨਹੀਂ ਹੋਈ। ਪੁਲਿਸ ਖੁਦ ਟਵਿੱਟਰ 'ਤੇ ਮਦਦ ਲੈਣ ਲਈ ਮਜਬੂਰ ਹੈ। ਮੈਂ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕਰ ਰਹੀ ਹਾਂ। ਸਖ਼ਤ ਕਾਰਵਾਈ ਕੀਤੀ ਜਾਵੇ। ਜੇਕਰ ਪੁਲਿਸ ਹੀ ਸੁਰੱਖਿਅਤ ਨਹੀਂ ਤਾਂ ਆਮ ਔਰਤ ਕਿਵੇਂ ਸੁਰੱਖਿਅਤ ਹੋਵੇਗੀ?"