ਗੈਂਗਸਟਰ ਜਤਿੰਦਰ ਗੋਗੀ ਗੈਂਗ ਦੇ 4 ਸ਼ੂਟਰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਰਾਸ਼ਟਰੀ

1 ਰਿਵਾਲਵਰ ਸਣੇ 17 ਪਿਸਤੌਲ ਬਰਾਮਦ ਕੀਤੇ

4 shooters of gangster Jitinder Gogi gang arrested by the special cell of Delhi Police

 

ਨਵੀਂ ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਮਾਰੇ ਜਾ ਚੁੱਕੇ ਗੈਂਗਸਟਰ ਜਤਿੰਦਰ ਗੋਗੀ ਦੇ ਗੈਂਗ ਨਾਲ ਸੰਬੰਧਤ 4 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਗੈਂਗਸਟਰ ਲਗਭਗ ਦੋ ਦਰਜਨ ਅਪਰਾਧਕ ਕੇਸਾਂ ਵਿਚ ਲੋੜੀਂਦੇ ਸਨ ਜਿਨ੍ਹਾਂ ਵਿਚ ਕਤਲ ਅਤੇ ਫ਼ਿਰੌਤੀਆਂ ਵਸੂਲਣ ਦੇ ਮਾਮਲੇ ਸ਼ਾਮਲ ਹਨ। ਫ਼ੜੇ ਗਏ ਗੈਂਗਸਟਰਾਂ ਦੀ ਪਛਾਣ ਅਮਨ, ਪ੍ਰਦੀਪ, ਰੌਸ਼ਨ ਅਤੇ ਅੰਕਿਤ ਵਜੋਂ ਹੋਈ ਹੈ ਅਤੇ ਇਨ੍ਹਾਂ ਖਿਲਾਫ਼ ਦਿੱਲੀ ਅਤੇ ਹਰਿਆਣਾ ਵਿਚ ਅਨੇਕਾਂ ਕੇਸ ਦਰਜ ਸਨ।

ਡੀ.ਸੀ.ਪੀ. ਰਾਜੀਵ ਰੰਜਨ ਸਿੰਘ ਅਨੁਸਾਰ ਏ.ਸੀ.ਪੀ. ਸੰਜੇ ਦੱਤ ਅਤੇ ਉਨ੍ਹਾਂ ਦੀ ਟੀਮ ਇਸ ਸੰਬੰਧੀ ਸੁਰਾਗ ਮਿਲਣ ’ਤੇ ਚਾਰਾਂ ਸ਼ੂਟਰਾਂ ਦੀ ਪੈੜ ਨੱਪ ਰਹੀ ਸੀ।
ਇਨ੍ਹਾਂ ਦੀ ਗ੍ਰਿਫ਼ਤਾਰੀ ਦੇ ਨਾਲ ਹੀ ਇਨ੍ਹਾਂ ਤੋਂ 1 ਰਿਵਾਲਵਰ ਸਣੇ 17 ਪਿਸਤੌਲ ਬਰਾਮਦ ਕੀਤੇ ਗਏ ਹਨ। ਪੁਲਿਸ ਅਨੁਸਾਰ ਅਮਨ ਅਤੇ ਰੌਸ਼ਨ ਦੇ ਭੀਕਾਜੀ ਕਾਮਾ ਪੈਲੇਸ ਆਉਣ ਦੀ ਸੂਚਨਾ ਸੀ ਜਿੱਥੇ ਇਨ੍ਹਾਂ ਵੱਲੋਂ ਕੋਈ ਅਪਰਾਧਕ ਸਰਗਰਮੀ ਕੀਤੇ ਜਾਣ ਦੀ ਤਿਆਰੀ ਸੀ ਅਤੇ ਉੱਥੇ ਪੁੱਜੀ ਪੁਲਿਸ ਨੇ ਵੇਖ਼ਿਆ ਕਿ ਦੱਸੀ ਥਾਂ ’ਤੇ ਚਾਰੇ ਹੀ ਸ਼ੂਟਰ ਮੌਜੂਦ ਸਨ ਜਿਹੜੇ ਕਿ ਦੋਪਹੀਆ ਵਾਹਨਾਂ ’ਤੇ ਆਏ ਸਨ। ਮੌਕੇ ’ਤੇ ਹੀ ਚਾਰਾਂ ਨੂੰ ਕਾਬੂ ਕਰ ਲਿਆ ਗਿਆ।

ਪੁੱਛ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਕਿ ਇਸੇ ਸਾਲ ਜੁਲਾਈ ਵਿਚ ਅਮਨ ਨੇ ਆਪਣੇ ਇਕ ਹੋਰ ਸਾਥੀ ਮੁਖ਼ਤਾਰ ਦੇ ਨਾਲ ਬਿੰਦਾਪੁਰ ਇਲਾਕੇ ਵਿੱਚ ਕਪਿਲ ਨਾਂਅ ਦੇ ਇਕ ਵਿਅਕਤੀ ’ਤੇ ਗੋਲੀਬਾਰੀ ਕੀਤੀ ਸੀ ਪਰ ਉਹ ਬਚ ਗਿਆ ਸੀ। ਕਪਿਲ ’ਤੇ ਗੋਲੀਬਾਰੀ ਪੁਰਾਣੀ ਦੁਸ਼ਮਣੀ ਕਰਕੇ ਕੀਤੀ ਗਈ ਸੀ। ਕਪਿਲ ਅਤੇ ਉਸ ਦੇ ਸਾਥੀਆਂ ਨੇ ਮੁਖ਼ਤਾਰ ਦੇ ਵੱਡੇ ਭਰਾ ਮੁਸਤਫ਼ਾ ਨੂੰ ਅਪ੍ਰੈਲ 2017 ਵਿਚ ਕਤਲ ਕਰ ਦਿੱਤਾ ਸੀ ਜਿਸ ਦਾ ਬਦਲਾ ਲੈਣ ਲਈ ਕਪਿਲ ’ਤੇ ਫ਼ਾਇਰਿੰਗ ਕੀਤੀ ਗਈ ਸੀ।

ਅਮਨ, ਰੌਸ਼ਨ ਅਤੇ ਅੰਕਿਤ ਨੇ ਪੰਕਜ ਨਾਂਅ ਦੇ ਇਕ ਵਿਅਕਤੀ ਦਾ ਵੀ ਕਤਲ ਕੀਤਾ ਸੀ। ਪੰਕਜ ਦਾ ਕਤਲ ਇਸ ਲਈ ਕੀਤਾ ਗਿਆ ਕਿ ਉਸਦਾ ਰੌਸ਼ਨ ਦੀ ਪਤਨੀ ਨਾਲ ‘ਅਫ਼ੇਅਰ’ ਚੱਲ ਰਿਹਾ ਸੀ। ਇਨ੍ਹਾਂ ਚਾਰਾਂ ਬਾਰੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਚਾਰਾਂ ਨੇ ਕਈ ਵਾਰ ਨਾਜਾਇਜ਼ ਸ਼ਰਾਬ ਵੇਚਣ ਵਾਲਿਆਂ ਅਤੇ ਜੂਏਬਾਜ਼ਾਂ ’ਤੇ ਗੋਲੀਬਾਰੀ ਕਰਕੇ ਉਨ੍ਹਾਂ ਤੋਂ ਰਕਮਾਂ ਬਟੋਰੀਆਂ ਸਨ ਪਰ ਉਹ ਆਪ ਨਾਜਾਇਜ਼ ਧੰਦਿਆਂ ਵਿੱਚ ਹੋਣ ਕਾਰਨ ਸ਼ਿਕਾਇਤ ਨਹੀਂ ਸਨ ਕਰਦੇ।