ਸਿਜੇਰੀਅਨ ਜਣੇਪੇ ਵਿਰੁਧ ਛਿੜੀ ਜੰਗ, ਯੋਗਾ ਅਤੇ ਸੰਗੀਤ ਰਾਹੀਂ ਹੋ ਰਿਹੈ ਸਾਧਾਰਨ ਜਣੇਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਮਈ 2018 ਵਿਚ ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਦੇ ਟੀਚਾ ਵਿਭਾਗ ਅਧੀਨ ਇਸ ਮਾਡਲ ਨੂੰ ਪ੍ਰਵਾਨਗੀ ਹਾਸਲ ਹੋਈ।

pregnant woman

ਇੰਦੌਰ : ਦੇਸ਼ ਵਿਚ ਹਰ 10 ਵਿਚੋਂ 2 ਬੱਚੇ ਸਿਜੇਰੀਅਨ ਨਾਲ ਜਨਮ ਲੈ ਰਹੇ ਹਨ। ਹਸਪਤਾਲਾਂ ਲਈ ਇਹ ਪੈਸੇ ਕਮਾਉਣ ਦਾ ਇਕ ਸਾਧਨ ਬਣ ਚੁੱਕਿਆ ਹੈ। ਇਸ ਦੇ ਵਿਰੁਧ ਇੰਦੌਰ ਬਰਥ ਨੈਟਵਰਕ ਨੇ ਇਕ ਮੁਹਿੰਮ ਉਲੀਕੀ ਹੈ। ਇਸ ਮੁਹਿੰਮ ਵਿਚ ਸ਼ਹਿਰ ਦੇ ਜਨਾਨਾ ਰੋਗਾਂ ਦੇ ਮਾਹਰ, ਹੋਰ ਡਾਕਟਰ, ਨਰਸ, ਆਂਗਨਵਾੜੀ ਵਰਕਰ, ਯੋਗਾ ਮਾਹਰ, ਗਰਭਵਤੀ ਔਰਤਾਂ ਅਤੇ ਮਾਵਾਂ ਸ਼ਾਮਲ ਹਨ। ਇਹ ਮਾਂ ਅਤੇ ਨਵਜੰਮੇ ਬੱਚੇ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਔਰਤਾਂ ਦਾ ਸਾਧਾਰਨ ਜਣੇਪਾ ਕਰਵਾਉਣ ਦੀ ਕੋਸ਼ਿਸ਼ ਵਿਚ ਲਗੇ ਹੋਏ ਹਨ।

ਨੈਟਵਰਕ ਗਰਭਵਤੀ ਔਰਤਾਂ ਅਤੇ ਉਹਨਾਂ ਦੇ ਪਰਵਾਰ ਨੂੰ ਵੀ ਸਿਹਤ ਪੱਖੋਂ ਜਾਗਰੂਕ ਕਰ ਰਿਹਾ ਹੈ। ਇਸ ਨੈਟਵਰਕ ਨਾਲ ਸਬੰਧਤ ਲੋਕ 2016 ਤੋਂ ਇਸ ਨੂੰ ਚਲਾ ਰਹੇ ਹਨ ਅਤੇ ਮੁਸ਼ਕਲ ਹਾਲਾਤਾਂ ਵਿਚ ਵੀ 91 ਔਰਤਾਂ ਦਾ ਜਣੇਪਾ ਸਾਧਾਰਨ ਤਰੀਕੇ ਨਾਲ ਕਰਵਾ ਚੁੱਕੇ ਹਨ। ਇਸ ਨੂੰ ਇੰਦੌਰ ਮਾਡਲ ਦਾ ਨਾਮ ਦਿਤਾ ਗਿਆ ਹੈ। ਮਈ 2018 ਵਿਚ ਭਾਰਤ ਸਰਕਾਰ ਅਤੇ ਵਿਸ਼ਵ ਸਿਹਤ ਸੰਗਠਨ ਦੇ ਟੀਚਾ ਵਿਭਾਗ ਅਧੀਨ ਇਸ ਮਾਡਲ ਨੂੰ ਪ੍ਰਵਾਨਗੀ ਹਾਸਲ ਹੋਈ। ਦੇਸ਼ ਭਰ ਵਿਚ ਹੈਦਰਾਬਾਦ ਤੋਂ ਬਾਅਦ ਇੰਦੌਰ ਸ਼ਹਿਰ ਹੀ ਅਜਿਹਾ ਸ਼ਹਿਰ ਹੈ,

ਜਿਥੇ ਨਰਸਿੰਗ ਕੋਰਸ ਵਿਚ ਇੰਦੌਰ ਮਾਡਲ ਦੇ ਆਧਾਰ 'ਤੇ ਗਰਭਵਤੀ ਔਰਤਾਂ ਦੀ ਦੇਖਭਾਲ ਤੋਂ ਲੈ ਕੇ ਸਾਧਾਰਨ ਜਣੇਪਾ ਕਰਵਾਉਣ ਦੇ ਨੁਕਤਿਆਂ ਦੇ ਨਾਲ 18 ਮਹੀਨੇ ਦੀ ਸਿਖਲਾਈ ਦਿੱਤੀ ਜਾਂਦੀ ਹੈ।  ਵਿਸ਼ਵ ਸਿਹਤ ਸੰਗਠਨ ਮੁਤਾਬਕ ਸਿਜੇਰੀਅਨ ਜਣੇਪਾ 10 ਤੋਂ 15 ਫ਼ੀ ਸਦੀ ਤੋਂ ਵੱਧ ਨਹੀਂ ਹੋਣਾ ਚਾਹੀਦਾ ਪਰ ਇੰਦੌਰ ਸਮੇਤ ਰਾਜ ਵਿਚ ਇਹ ਅੰਕੜਾ 20 ਤੋਂ 40 ਫ਼ੀ ਸਦੀ ਤੱਕ ਪਹੁੰਚਣ ਲਗਾ ਹੈ। ਸਰਕਾਰੀ ਹਸਪਤਾਲਾਂ ਵਿਚ ਹੀ 17 ਤੋਂ 20 ਫ਼ੀ ਸਦੀ ਸਿਜੇਰੀਅਨ ਜਣੇਪਾ ਹੋਣ ਲਗਾ ਹੈ ਅਤੇ ਨਿਜੀ ਹਸਪਤਾਲਾਂ ਵਿਚ 40 ਫ਼ੀ ਸਦੀ।

ਇਸ ਨੈਟਵਰਕ ਦੀ ਸਥਾਪਨਾ ਕਰਨ ਵਾਲੇ ਡਾ.ਊਸ਼ਾ ਉਕਾਂਡੇ ਮੁਤਾਬਕ ਔਰਤਾਂ ਨੂੰ ਅਪਣੀ ਤਾਕਤ ਦੀ ਵਰਤੋਂ ਕਰਦੇ ਹੋਏ ਬੱਚੇ ਨੂੰ ਜਨਮ ਦੇਣਾ ਚਾਹੀਦਾ ਹੈ। ਗਰਭ ਦੌਰਾਨ ਅਤੇ ਜਣੇਪੇ ਤੋਂ ਬਾਅਦ ਔਰਤ ਨੂੰ ਘੱਟ ਤੋਂ ਘੱਟ ਦਵਾਈ ਦੇਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਟੀਚਾ ਕੰਮਕਾਜੀ ਔਰਤਾਂ ਤੋਂ ਲੈ ਕੇ ਹੇਠਲੇ ਤਬਕੇ ਦੀਆਂ ਔਰਤਾਂ ਤੱਕ ਇਹ ਸੁਨੇਹਾ ਪਹੁੰਚਾਉਣਾ ਹੈ। ਉਹਨਾਂ ਕਿਹਾ ਕਿ ਨੈਟਵਰਕ ਅਧੀਨ ਔਰਤਾਂ ਨੂੰ ਯੋਗਾ ਕਰਵਾਇਆ ਜਾਂਦਾ ਹੈ । ਹਰ ਰੋਜ਼ ਪੈਦਲ ਤੁਰਨਾ ਅਤੇ ਧਿਆਨ ਲਗਾਉਣਾ ਵੀ ਇਸ ਵਿਚ ਸ਼ਾਮਲ ਹੈ। ਇਸ ਨਾਲ ਮਾਂ ਦਾ ਸਰੀਰਕ ਅਤੇ ਮਾਨਸਿਕ ਸਤੁੰਲਨ ਬਣਿਆ ਰਹਿੰਦਾ ਹੈ।