ਬਰਫ਼ ‘ਚ ਫਿਸਲ ਕੇ ਭਾਰਤ ਤੋਂ ਪਾਕਿਸਤਾਨ ਡਿੱਗਿਆ ਫੌਜੀ, ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਹਰਾਦੂਨ ਨਿਵਾਸੀ ਹਵਲਦਾਰ ਰਾਜਿੰਦਰ ਸਿੰਘ ਨੇਗੀ ਕਸ਼ਮੀਰ ਦੇ ਗੁਲਮਰਗ ਵਿਚ ਡਿਊਟੀ ਦੌਰਾਨ ਬਰਫ ਤੋਂ ਫਿਸਲ ਕੇ ਪਾਕਿਸਤਾਨ ਜਾ ਪਹੁੰਚੇ।

Photo

ਨਵੀਂ ਦਿੱਲੀ: ਦੇਹਰਾਦੂਨ ਨਿਵਾਸੀ ਹਵਲਦਾਰ ਰਾਜਿੰਦਰ ਸਿੰਘ ਨੇਗੀ ਕਸ਼ਮੀਰ ਦੇ ਗੁਲਮਰਗ ਵਿਚ ਡਿਊਟੀ ਦੌਰਾਨ ਬਰਫ ਤੋਂ ਫਿਸਲ ਕੇ ਪਾਕਿਸਤਾਨ ਜਾ ਪਹੁੰਚੇ। ਇਹ ਖ਼ਬਰ ਆਉਣ ਤੋਂ ਬਾਅਦ ਪੂਰੇ ਪਰਿਵਾਰ ਵਿਚ ਹਾਹਾਕਾਰ ਮਚ ਗਈ। ਪਰਿਵਾਰ ਦੇ ਨਾਲ-ਨਾਲ ਆਸ ਪਾਸ ਦੇ ਲੋਕਾਂ ਵਿਚ ਵੀ ਸੋਗ ਦੀ ਲਹਿਰ ਹੈ।

ਹਵਲਦਾਰ ਰਾਜਿੰਦਰ ਸਿੰਘ ਦੀ ਪਤਨੀ ਮੁਤਾਬਕ ਬੀਤੀ 8 ਤਰੀਕ ਨੂੰ ਉਹਨਾਂ ਦੀ ਆਖਰੀ ਵਾਰ ਰਾਜਿੰਦਰ ਸਿੰਘ ਨਾਲ ਗੱਲਬਾਤ ਹੋਈ ਸੀ ਪਰ ਉਸ ਤੋਂ ਬਾਅਦ ਉਹਨਾਂ ਦੀ ਕੋਈ ਖ਼ਬਰ ਨਹੀਂ ਆਈ ਹੈ। ਪਰਿਵਾਰ ਦੇ ਲੋਕ ਕੇਂਦਰ ਸਰਕਾਰ ਕੋਲੋਂ ਅਭਿਨੰਦਨ ਦੀ ਤਰ੍ਹਾਂ ਰਾਜਿੰਦਰ ਸਿੰਘ ਨੇਗੀ ਦੀ ਵਾਪਸੀ ਲਈ ਮਦਦ ਦੀ ਮੰਗ ਕਰ ਰਹੇ ਹਨ।

ਰਾਜਿੰਦਰ ਸਿੰਘ ਨੇਗੀ ਜੋ ਅਸਲ ਵਿਚ ਗੜ੍ਹਵਾਲ ਦੇ ਆਦਿਬਦਰੀ ਦਾ ਰਹਿਣ ਵਾਲਾ ਹੈ ਅਤੇ ਮੌਜੂਦਾ ਸਮੇਂ ਵਿਚ ਦੇਹਰਾਦੂਨ ਦੀ ਅੰਬੀਵਾਲਾ ਸੈਨਿਕ ਕਲੋਨੀ ਦਾ ਵਸਨੀਕ ਹੈ ਨੇ ਸਾਲ 2002 ਵਿਚ 11 ਗੜਵਾਲ ਰਾਈਫਲਜ਼ ਜੁਆਇਨ ਕੀਤੀ ਸੀ। ਉਹ ਅਕਤੂਬਰ ਵਿਚ ਇਕ ਮਹੀਨੇ ਦੀ ਛੁੱਟੀ ਲਈ ਦੇਹਰਾਦੂਨ ਆਏ ਸੀ।

ਉਹ ਕਸ਼ਮੀਰ ਦੇ ਗੁਲਮਰਗ ਵਿਚ ਬਰਫੀਲੇ ਇਲਾਕੇ ਵਿਚ ਤੈਨਾਤ ਸੀ। 8 ਜਨਵਰੀ ਨੂੰ ਅਚਾਨਕ ਉਹਨਾਂ ਦੀ ਯੂਨਿਟ ਤੋਂ ਉਹਨਾਂ ਦੀ ਪਤਨੀ ਨੂੰ ਫੋਨ ਆਇਆ ਅਤੇ ਦੱਸਿਆ ਗਿਆ ਕਿ ਹਵਲਦਾਰ ਰਾਜਿੰਦਰ ਸਿੰਘ ਲਾਪਤਾ ਹਨ ਉਹਨਾਂ ਦੀ ਤਲਾਸ਼ ਕੀਤੀ ਜਾ ਰਹੀ ਹੈ ਪਰ ਪਤਾ ਨਹੀਂ ਚੱਲ ਰਿਹਾ। ਇਕ-ਦੋ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਜਦੋਂ  ਯੂਨਿਟ ਨਾਲ ਸੰਪਰਕ ਕੀਤਾ ਗਿਆ ਤਾਂ ਪਤਾ ਚੱਲਿਆ ਕਿ ਉਹ ਡਿਊਟੀ ਦੌਰਾਨ ਬਰਫ ਤੋਂ ਫਿਸਲ ਕੇ ਪਾਕਿਸਤਾਨ ਚਲੇ ਗਏ ਹਨ।

ਫੌਜ ਵੱਲੋਂ ਉਹਨਾਂ ਦੇ ਬਚਾਅ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਜਿੰਦਰ ਸਿੰਘ ਨੇਗੀ ਦੀ ਬਟਾਲੀਅਨ ਵਿਚ ਉਹਨਾਂ ਨਾਲ ਰਹੇ ਉਹਨਾਂ ਦੇ ਦੋਸਤ ਪ੍ਰੇਮ ਸਿੰਘ ਭੰਡਾਰੀ ਦਾ ਕਹਿਣਾ ਹੈ ਕਿ ਜਿੱਥੇ ਹਵਲਦਾਰ ਤੈਨਾਤ ਸੀ ਉੱਥੋਂ ਦੇ ਇਲਾਕਿਆਂ ਵਿਚ 12 ਫੁੱਟ ਤੱਕ ਬਰਫ ਪਈ ਰਹਿੰਦੀ ਹੈ। ਅਜਿਹੇ ਵਿਚ ਫੌਜ ਲਈ ਉਹਨਾਂ ਨੂੰ ਲੱਭਣਾ ਬੇਹੱਦ ਮੁਸ਼ਕਿਲ ਹੈ। ਹੁਣ ਰਾਜਿੰਦਰ ਦਾ ਪਰਿਵਾਰ ਉਹਨਾਂ ਦੇ ਪਰਤਣ ਦਾ ਇੰਤਜ਼ਾਰ ਕਰ ਰਿਹਾ ਹੈ।