ਅਮਰੀਕਾ ਨੇ ਕਸ਼ਮੀਰ ਵਿਚ ਪਾਬੰਦੀਆਂ ਅਤੇ ਆਗੂਆਂ ਦੀ ਹਿਰਾਸਤ 'ਤੇ ਚਿੰਤਾ ਕੀਤੀ ਪ੍ਰਗਟ

ਏਜੰਸੀ

ਖ਼ਬਰਾਂ, ਰਾਸ਼ਟਰੀ

ਵਿਦੇਸ਼ੀ ਸਫ਼ੀਰਾਂ ਦੀ 'ਜੰਮੂ ਕਸ਼ਮੀਰ' ਯਾਤਰਾ ਨੂੰ ਅਹਿਮ ਕਦਮ ਦਸਿਆ

File Photo

ਨਵੀਂ ਦਿੱਲੀ : ਅਮਰੀਕੀ ਵਿਦੇਸ਼ ਮੰਤਰਾਲੇ ਨੇ 15 ਦੇਸ਼ਾਂ ਦੇ ਸਫ਼ੀਰਾਂ ਦੀ ਜੰਮੂ ਕਸ਼ਮੀਰ ਯਾਤਰਾ ਨੂੰ ਅਹਿਮ ਕਦਮ ਦਸਦਿਆਂ ਇੰਟਰਨੈਟ 'ਤੇ ਪਾਬੰਦੀ ਅਤੇ ਆਗੂਆਂ ਦੀ ਹਿਰਾਸਤ 'ਤੇ ਚਿੰਤਾ ਪ੍ਰਗਟ ਕੀਤੀ ਹੈ।

ਪਿਛਲੇ ਸਾਲ ਦੀ ਪੰਜ ਅਗੱਸਤ ਮਗਰੋਂ ਪਹਿਲੀ ਵਾਰ 15 ਦੇਸ਼ਾਂ ਦੇ ਦੂਤਾਂ ਨੇ ਵਾਦੀ ਦੀ ਪਿਛਲੇ ਹਫ਼ਤੇ ਯਾਤਰਾ ਕੀਤੀ ਜਿਸ ਵਿਚ ਅਮਰੀਕਾ ਦੇ ਰਾਜਦੂਤ ਵੀ ਸ਼ਾਮਲ ਸਨ। ਦਖਣੀ ਅਤੇ ਮੱਧ ਏਸ਼ੀਆ ਦੀ ਕਾਰਜਕਾਰੀ ਸਹਾਇਕ ਸਕੱਤਰ ਐਲਿਸ ਜੀ ਵੇਲਜ਼ ਨੇ ਉਮੀਦ ਪ੍ਰਗਟ ਕੀਤੀ ਕਿ ਇਸ ਖ਼ਿੱਤੇ ਵਿਚ ਹਾਲਾਤ ਆਮ ਹੋਣਗੇ। ਵੇਲਜ਼ ਇਸ ਹਫ਼ਤੇ ਦਖਣੀ ਏਸ਼ੀਆ ਦੀ ਯਾਤਰਾ 'ਤੇ ਆ ਰਹੀ ਹੈ।

 ਉਨ੍ਹਾਂ ਟਵਿਟਰ 'ਤੇ ਕਿਹਾ, 'ਉਹ ਭਾਰਤ ਵਿਚ ਅਮਰੀਕੀ ਰਾਜਦੂਤ ਅਤੇ ਹੋਰ ਵਿਦੇਸ਼ੀ ਰਾਜਦੂਤਾਂ ਦੀ ਜੰਮੂ ਕਸ਼ਮੀਰ ਯਾਤਰਾ ਬਾਰੇ ਬਾਰੀਕੀ ਨਾਲ ਨਜ਼ਰ ਰੱਖ ਰਹੀ ਹੈ। ਇਹ ਅਹਿਮ ਕਦਮ ਹੈ। ਅਸੀਂ ਆਗੂਆਂ, ਲੋਕਾਂ ਨੂੰ ਹਿਰਾਸਤ ਵਿਚ ਲਏ ਜਾਣ ਅਤੇ ਇੰਟਰਨੈਟ 'ਤੇ ਪਾਬੰਦੀ ਤੋਂ ਚਿੰਤਿਤ ਹਾਂ। ਸਾਨੂੰ ਉਮੀਦ ਹੈ ਕਿ ਹਾਲਾਤ ਆਮ ਵਾਂਗ ਹੋਣਗੇ।' ਵੇਲਜ਼ 15-18 ਜਨਵਰੀ ਤਕ ਨਵੀਂ ਦਿੱਲੀ ਦੀ ਯਾਤਰਾ 'ਤੇ ਹੋਵੇਗੀ। ਜ਼ਿਕਰਯੋਗ ਹੈ ਕਿ ਭਾਰਤ ਦੀਆਂ ਵਿਰੋਧੀ ਧਿਰਾਂ ਦੋਸ਼ ਲਾ ਰਹੀਆਂ ਹਨ ਕਿ ਵਿਦੇਸ਼ੀ ਸਫ਼ੀਰਾਂ ਦੀ ਜੰਮੂ ਕਸ਼ਮੀਰ ਯਾਤਰਾ ਜਾਣ-ਬੁਝ ਕੇ ਕਰਵਾਈ ਗਈ ਜਦਕਿ ਸਰਕਾਰ ਇਸ ਗੱਲੋਂ ਇਨਕਾਰ ਕਰ ਰਹੀ ਹੈ।

ਵੇਲਿਸ 2019 ਦੀ ਅਮਰੀਕਾ-ਭਾਰਤ ਮੰਤਰੀ ਪਧਰੀ ਗੱਲਬਾਤ ਦੀ ਸਫ਼ਲਤਾ ਮਗਰੋਂ ਅਮਰੀਕਾ ਭਾਰਤ ਰਣਨੀਤਕ ਸੰਸਾਰ ਸਾਂਝ ਨੂੰ ਮਜ਼ਬੂਤ ਕਰਨ ਲਈ ਸੀਨੀਅਰ ਸਰਕਾਰੀ ਅਧਿਕਾਰੀਆਂ ਨਾਲ ਗੱਲਬਾਤ ਕਰੇਗੀ ਅਤੇ ਵਪਾਰਕ ਅਤੇ ਨਾਗਰਿਕ ਸੰਸਥਾਵਾਂ ਦੇ ਮੈਂਬਰਾਂ ਨਾਲ ਦੁਵੱਲੇ ਹਿਤਾਂ ਦੇ ਵਿਸ਼ਿਆਂ 'ਤੇ ਚਰਚਾ ਕਰੇਗੀ।  ਉਹ ਨਵੀਂ ਦਿੱਲੀ ਤੋਂ ਇਸਲਾਮਾਬਾਦ ਜਾਵੇਗੀ ਜਿਥੇ ਪਾਕਿਸਤਾਨ ਦੇ ਅਧਿਕਾਰੀਆਂ ਅਤੇ ਆਮ ਲੋਕਾਂ ਨਾਲ ਗੱਲਬਾਤ ਕਰੇਗੀ।