ਸਰਕਾਰ ਉਦੋਂ ਤੱਕ ਹੁੰਦੀ, ਜਦੋਂ ਤੱਕ ਲੋਕ ਲਹਿਰ ਨਹੀਂ ਉੱਠਦੀ- ਬੱਬੂ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪੀਜ਼ਾ ਖਾਣ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਗਾਇਕ ਦਾ ਜਵਾਬ, ਇਹ ਤਾਂ 20 ਰੁਪਏ ਦਾ ਲੰਗਰ ਹੈ ਅੱਜ ਦੀਆਂ ਕਮਾਈਆਂ ਤਾਂ ਬਾਅਦ ‘ਚ ਲੇਖੇ ਲੱਗਣਗੀਆਂ

Babbu mann at Delhi Protest

ਨਵੀਂ ਦਿੱਲੀ (ਮਨੀਸ਼ਾ): ਕਿਸਾਨੀ ਸੰਘਰਸ਼ ਵਿਚ ਪੰਜਾਬੀ ਸਿਤਾਰੇ ਲਗਾਤਾਰ ਸ਼ਮੂਲੀਅਤ ਕਰ ਰਹੇ ਹਨ। ਇਸ ਦੇ ਚਲਦਿਆਂ ਲੋਹੜੀ ਦੇ ਤਿਉਹਾਰ ਮੌਕੇ ਪੰਜਾਬੀ ਗਾਇਕ ਤੇ ਗੀਤਕਾਰ ਬੱਬੂ ਮਾਨ ਦਿੱਲੀ ਪਹੁੰਚੇ। ਰੋਜ਼ਾਨਾ ਸਪੋਕਸਮੈਨ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਕਾਫੀ ਸਮਾਂ ਪਹਿਲਾਂ ਰੋਜ਼ਾਨਾ ਸਪੋਕਸਮੈਨ ਅਖਬਾਰ ਪੜ੍ਹਦੇ ਸਨ ਤੇ ਉਹਨਾਂ ਨੇ ਹਮੇਸ਼ਾਂ ਦੀ ਅਦਾਰੇ ਦੀਆਂ ਚੰਗੀਆਂ ਚੀਜ਼ਾਂ ਦੀ ਤਾਰੀਫ ਕੀਤੀ। ਉਹਨਾਂ ਕਿਹਾ ਸਪੋਕਸਮੈਨ ਨੇ ਧਾਰਮਿਕ ਪੱਧਰ ‘ਤੇ ਵੀ ਵੱਡੀ ਲੜਾਈ ਲੜੀ ਹੈ।

ਬੱਬੂ ਮਾਨ ਨੇ ਕਿਹਾ ਕਿ ਅਸੀਂ ਜਿੱਤ ਕੇ ਲੋਹੜੀ ਮਨਾਵਾਂਗੇ ਫਿਰ ਪੂਰੇ ਪੰਜਾਬ ਵਿਚ ਲੋਹੜੀ ਬਾਲੀ ਜਾਵੇਗੀ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਉਦੋਂ ਤੱਕ ਹੁੰਦੀ ਹੈ ਜਦੋਂ ਤੱਕ ਲੋਕ ਲਹਿਰ ਨਹੀਂ ਉੱਠਦੀ, ਜਦੋਂ ਲੋਕ ਲਹਿਰ ਉੱਠਦੀ ਹੈ ਤਾਂ ਸਰਕਾਰ ਨਹੀਂ ਰਹਿੰਦੀ, ਇਹ ਰੇਤੇ ਦੀ ਕੰਧ ਹੁੰਦੀ ਹੈ। ਉਹਨਾਂ ਕਿਹਾ ਅਸੀਂ ਪੰਜ ਸਾਲਾਂ ਲਈ ਇਹ ਸਰਕਾਰ ਬਣਾਈ ਹੈ, ਇਹਨਾਂ ਨੂੰ ਸ਼ਹਿਨਸ਼ਾਹੀ ਨਹੀਂ ਬਖਸ਼ੀ। ਹੁਣ ਦੁਨੀਆਂ ਬਦਲ ਗਈ ਹੈ ਤੇ ਦੇਸ਼ ਵਿਚ ਲੋਕਤੰਤਰਿਕ ਢਾਂਚਾ ਹੈ। ਹੁਣ ਸ਼ਾਂਤੀਪੂਰਵਕ ਵਿਚਾਰਾਂ ਦੀ ਜੰਗ ਹੋ ਰਹੀ ਹੈ।

ਉਹਨਾਂ ਕਿਹਾ ਜੰਗ ਜਿੱਤਣ ਤੋਂ ਬਾਅਦ ਅਸੀਂ ਹਰ ਪਰਿਵਾਰ ਲਈ ਕਰੋੜ ਰੁਪਏ ਦੇ ਮੁਆਵਜ਼ੇ ਦੀ ਮੰਗ ਕਰਾਂਗੇ। ਬੱਬੂ ਮਾਨ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੈਮਰੇ ਅੱਗੇ ਬੋਲਣ ਲਈ ਕਾਹਲੀ ਨਾ ਕਰਨ, ਅਪਣਾ ਬੁਲਾਰਾ ਚੁਣਿਆ ਜਾਵੇ ਤੇ ਉਸ ਸਿਆਣੇ ਬੰਦੇ ਨੂੰ ਹੀ ਮੀਡੀਆ ਨਾਲ ਗੱਲ ਕਰਨ ਲਈ ਕਿਹਾ ਜਾਵੇ। ਇਸ ਦੌਰਾਨ ਬੱਬੂ ਮਾਨ ਨੇ ਸਿੰਘੂ ਬਾਰਡਰ ਦੀ ਸਟੇਜ਼ ਤੋਂ ਵੀ ‘ਤੇ ਕਿਸਾਨਾਂ ਨੂੰ ਸੰਬੋਧਨ ਕੀਤਾ।

ਬੱਬੂ ਮਾਨ ਨੇ ਕਿਹਾ ਕਿ ਸਾਨੂੰ ਸਵੈ-ਪੜਚੋਲ ਕਰਦੇ ਰਹਿਣਾ ਚਾਹੀਦਾ ਹੈ। ਇਸ ਜੰਗ ਦੀ ਫਿਕਰ ਨਾ ਕਰੋ ਕਿਉਂਕਿ ਇਹ ਅਸੀਂ ਜਿੱਤ ਚੁੱਕੇ ਹਾਂ। ਉਹਨਾਂ ਅਪੀਲ ਕੀਤੀ ਕਿ ਇਹ ਮੁਹਿੰਮਾਂ ਅੱਗੇ ਵੀ ਜਾਰੀ ਰੱਖਣੀਆਂ ਪੈਣਦੀਆਂ ਕਿਉਂਕਿ ਜਿਸ ਖਿੱਤੇ ‘ਚ ਅਸੀਂ ਰਹਿ ਰਹੇ ਹਾਂ, ਉੱਥੇ ਕਈ ਸੁਧਾਰਾਂ ਦੀ ਲੋੜ ਹੈ। ਬੱਬੂ ਮਾਨ ਨੇ ਕਿਸਾਨੀ ਸੰਘਰਸ਼ ਨੂੰ ਤਿੱਖਾ ਕਰਨ ਲਈ ਕਲਾਕਾਰਾਂ ਦੇ ਯੋਗਦਾਨ ਦੀ ਤਾਰੀਫ ਕੀਤੀ। ਉਹਨਾਂ ਨੇ ਸਾਰਿਆਂ ਨੂੰ ਅਪੀਲ ਕੀਤੀ ਕਿ ਕਿਸਾਨ ਆਗੂ, ਪ੍ਰਧਾਨ ਜਾਂ ਮੰਤਰੀਆਂ ਨੂੰ ਸਤਿਕਾਰਯੋਗ ਤਰੀਕੇ ਨਾਲ ਬੁਲਾਇਆ ਜਾਵੇ। ਬਜ਼ੁਰਗਾਂ ਨੂੰ ਬਣਦਾ ਰੁਤਬਾ ਦਿੱਤਾ ਜਾਵੇ।

ਬੱਬੂ ਮਾਨ ਨੇ ਕਿਹਾ ਕਿ ਇਹ ਲੋਹੜੀ ਸਾਡੇ ਲਈ ਦਰਦ ਦਾ ਪੈਗਾਮ ਹੈ ਪਰ ਜੰਗ ਜਿੱਤਣ ਤੋਂ ਬਾਅਦ ਅਸੀਂ ਦੂਜੀ ਲੋਹੜੀ ਮਨਾਵਾਂਗੇ। ਬੱਬੂ ਮਾਨ ਨੇ ਕਿਹਾ ਕਿ ਪੰਜਾਬੀ ਨਾ ਅੱਤਵਾਦੀ ਹੈ, ਨਾ ਵੱਖਵਾਦੀ ਹੈ ਪੰਜਾਬੀ ਸੱਚਵਾਦੀ ਹੈ। ਉਹਨਾਂ ਨੇ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ। ਕਿਸਾਨਾਂ ਦੇ ਪੀਜ਼ਾ ਖਾਣ ‘ਤੇ ਸਵਾਲ ਚੁੱਕਣ ਵਾਲਿਆਂ ਨੂੰ ਜਵਾਬ ਦਿੰਦਿਆਂ ਗਾਇਕ ਨੇ ਕਿਹਾ ਕਿ ਪੀਜ਼ਾ ਖਾਣ ‘ਚ ਕੀ ਇਤਰਾਜ਼ ਹੈ ਅਸੀਂ ਤਾਂ ਜਪਾਨੀ ਆਇਟਮਾਂ ਵੀ ਖਾਂਦੇ ਹਾਂ। ਸਾਡੇ ਨੌਜਵਾਨ 25-25 ਲੱਖ ਦੀਆਂ ਜੀਪਾਂ ਵੀ ਬਣਾਉਂਦੇ ਹਨ, ਇਸ ਨਾਲ ਤੁਹਾਨੂੰ ਕੀ ਇਤਰਾਜ਼ ਹੈ।

ਉਹਨਾਂ ਕਿਹਾ ਇਹ ਉਹਨਾਂ ਲੋਕਾਂ ਦੀ ਬਦੌਲਤ ਹੈ, ਜਿਨ੍ਹਾਂ ਨੇ ਕੈਨੇਡਾ ਅਮਰੀਕਾ ਵਿਚ 28 ਘੰਟੇ ਦੀਆਂ ਸ਼ਿਫਟਾਂ ਲਗਾ ਕੇ ਟਰੱਕ ਚਲਾਇਆ ਹੈ। ਗਾਇਕ ਨੇ ਕਿਹਾ ਇਹ ਜ਼ਰੂਰੀ ਨਹੀਂ ਕਿ ਹਰ ਵਾਰ ਹਿੰਸਾਤਮਕ ਪੱਖ ਨਾਲ ਪੇਸ਼ ਹੋਇਆ ਜਾਵੇ, ਸਾਡੇ ਕੋਲ ਤਰਕ ਵੀ ਹੈ, ਸਾਡੇ ਕੋਲ ਦਿਮਾਗ ਵੀ ਹੈ ਤੇ ਸਾਡੇ ਕੋਲ ਦਲੀਲ ਵੀ ਹੈ।
ਬੱਬੂ ਮਾਨ ਨੇ ਕਿਹਾ ਜਿਨ੍ਹਾਂ ਨੂੰ ਹੁਣ ਅਨਪੜ੍ਹ ਕਿਹਾ ਜਾ ਰਿਹਾ ਹੈ, ਉਹਨਾਂ ਨੇ ਹੀ ਸਾਰੇ ਦੇਸ਼ ਨੂੰ ਰੋਟੀ ਖਵਾਈ ਹੈ। ਕੋਰੋਨਾ ਕਾਲ ਵਿਚ ਸਾਡੀ ਕੌਮ ਨੇ ਸਾਰੀ ਦੁਨੀਆਂ ‘ਚ ਲੰਗਰਾਂ ਦੀ ਸੇਵਾ ਕੀਤੀ।

ਬੱਬੂ ਮਾਨ ਨੇ ਕਿਹਾ ਅਜੇ ਸਾਡਾ 20 ਰੁਪਏ ਦਾ ਲੰਗਰ ਚੱਲ ਰਿਹਾ ਹੈ ਤੇ ਅੱਜ ਦੀਆਂ ਕਮਾਈਆਂ ਤਾਂ ਬਾਅਦ ਵਿਚ ਲੇਖੇ ਲੱਗਣਗੀਆਂ। ਇਹ ਗੁਰੂਆਂ ਪੀਰਾਂ ਦੀ ਬਖਸ਼ਿਸ਼ ਹੈ। ਉਹਨਾਂ ਕਿਹਾ ਇਸ ਅੰਦੋਲਨ ਨੇ ਭਾਈਚਾਰਕ ਸਾਂਝ ਵਧਾਈ ਹੈ ਤੇ ਲੋਕਾਂ ਵਿਚ ਹਿੰਦੂ, ਮੁਸਲਿਮ, ਸਿੱਖ, ਇਸਾਈ ਦਾ ਪਾੜਾ ਖਤਮ ਕੀਤਾ। ਬੱਬੂ ਮਾਨ ਦਾ ਕਹਿਣਾ ਹੈ ਜੇਕਰ ਅਸੀਂ ਖੁਦਕੁਸ਼ੀਆਂ ਕਰਦੇ ਹਾਂ ਜਾ ਭੁੱਖੇ ਰਹਿੰਦੇ ਹਾਂ ਤਾਂ ਅਸੀਂ ਕਮਜ਼ੋਰ ਦਿਖਾਈ ਦਿੰਦੇ ਹਾਂ। ਇਸ ਲਈ ਇਹ ਰਾਹ ਨਾ ਚੁਣਿਆ ਜਾਵੇ। ਸਾਡੇ ਲਈ ਇਕ-ਇਕ ਪੰਜਾਬੀ ਕੀਮਤੀ ਹੈ।