ਮੁੱਖ ਮੰਤਰੀਆਂ ਨਾਲ ਮੀਟਿੰਗ ਦੌਰਾਨ ਬੋਲੇ PM ਮੋਦੀ, ‘ਅਸੀਂ ਕੋਰੋਨਾ ਖ਼ਿਲਾਫ਼ ਜੰਗ ਜ਼ਰੂਰ ਜਿੱਤਾਂਗੇ’

ਏਜੰਸੀ

ਖ਼ਬਰਾਂ, ਰਾਸ਼ਟਰੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਓਮੀਕਰੋਨ ਨਵੀਂ ਚੁਣੌਤੀ ਬਣ ਕੇ ਸਾਡੇ ਸਾਹਮਣੇ ਆਇਆ ਹੈ

PM meeting with states on COVID

 

ਨਵੀਂ ਦਿੱਲੀ:  ਕੋਰੋਨਾ ਦੇ ਮੱਦੇਨਜ਼ਰ ਵੱਖ-ਵੱਖ ਸੂਬਿਆਂ ਦੇ ਮੁੱਖ ਮੰਤਰੀ ਨਾਲ ਵੀਡੀਓ ਕਾਨਫਰੰਸ ਰਾਹੀਂ ਹੋਈ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਓਮੀਕਰੋਨ ਨਵੀਂ ਚੁਣੌਤੀ ਬਣ ਕੇ ਸਾਡੇ ਸਾਹਮਣੇ ਆਇਆ ਹੈ ਪਰ ਅਸੀਂ ਕੋਰੋਨਾ ਵਿਰੁੱਧ ਜੰਗ ਵਿਚ ਜ਼ਰੂਰ ਜਿੱਤਾਂਗੇ। ਉਹਨਾਂ ਕਿਹਾ ਕਿ ਅਮਰੀਕਾ 'ਚ ਹਰ ਰੋਜ਼ 14 ਲੱਖ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਇਸ ਲਈ ਸਾਨੂੰ ਸਾਵਧਾਨ ਰਹਿਣਾ ਹੋਵੇਗਾ।

Covid 19

ਇਸ ਤਿਉਹਾਰੀ ਸੀਜ਼ਨ ਵਿਚ ਸੂਬਾ ਸਰਕਾਰਾਂ ਨੂੰ ਚੌਕਸ ਰਹਿਣ ਦੀ ਲੋੜ ਹੈ। ਸਾਨੂੰ ਕੋਰੋਨਾ ਦੇ ਕਿਸੇ ਵੀ ਨਵੇਂ ਰੂਪ ਦੇ ਆਉਣ ਤੋਂ ਪਹਿਲਾਂ ਤਿਆਰੀ ਕਰਨੀ ਹੋਵੇਗੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ Precautionary Dose ਜਿੰਨੀ ਜਲਦੀ ਹੋਵੇਗੀ, ਸਿਹਤ ਸੰਭਾਲ ਪ੍ਰਣਾਲੀ ਓਨੀ ਹੀ ਮਜ਼ਬੂਤ ​​ਹੋਵੇਗੀ। ਸਾਡੇ ਕੋਲ ਕੋਰੋਨਾ ਵਾਇਰਸ ਨਾਲ ਲੜਨ ਦਾ 2 ਸਾਲਾਂ ਦਾ ਤਜ਼ਰਬਾ ਹੈ। ਲੋਕਾਂ ਦੀ ਰੋਜ਼ੀ-ਰੋਟੀ ਦਾ ਘੱਟੋ-ਘੱਟ ਨੁਕਸਾਨ ਹੋਣਾ ਚਾਹੀਦਾ ਹੈ ਅਤੇ ਆਰਥਿਕਤਾ ਦੀ ਰਫ਼ਤਾਰ ਬਰਕਰਾਰ ਰੱਖੀ ਜਾਣੀ ਚਾਹੀਦੀ ਹੈ।

PM Modi

ਉਹਨਾਂ ਕਿਹਾ ਕਿ ਕੋਈ ਵੀ ਰਣਨੀਤੀ ਬਣਾਉਂਦੇ ਸਮੇਂ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਇਹ ਬਹੁਤ ਜ਼ਰੂਰੀ ਹੈ। ਜਿੱਥੋਂ ਕੋਵਿਡ ਦੇ ਜ਼ਿਆਦਾ ਕੇਸ ਆ ਰਹੇ ਹਨ, ਉਥੇ ਵੱਧ ਤੋਂ ਵੱਧ ਟੈਸਟਿੰਗ ਨੂੰ ਯਕੀਨੀ ਬਣਾਉਣ ਦੀ ਵੀ ਲੋੜ ਹੈ। ਪੀਐਮ ਮੋਦੀ ਨੇ ਕਿਹਾ ਕਿ ਇਸ ਦੇ ਨਾਲ ਹੀ ਹੋਮ ਆਈਸੋਲੇਸ਼ਨ ਵਿਚ ਵੱਧ ਤੋਂ ਵੱਧ ਇਲਾਜ ਕੀਤਾ ਜਾ ਸਕਦਾ ਹੈ। ਹੋਮ ਆਈਸੋਲੇਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪ੍ਰੋਟੋਕੋਲ ਦੀ ਪਾਲਣਾ ਕਰਨਾ ਜ਼ਰੂਰੀ ਹੈ।

Omicron

ਮੀਟਿੰਗ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ, ਕੈਬਨਿਟ ਸਕੱਤਰ ਰਾਜੀਵ ਗਾਬਾ ਤੋਂ ਇਲਾਵਾ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਤ੍ਰਿਪੁਰਾ ਦੇ ਮੁੱਖ ਮੰਤਰੀ ਬਿਪਲਬ ਦੇਵ, ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਅਤੇ ਹੋਰ ਸੂਬਿਆਂ ਮੁੱਖ ਮੰਤਰੀ ਸ਼ਾਮਲ ਹੋਏ।