ਚੰਡੀਗੜ੍ਹ 'ਚ SHO ਦੀ ਧੀ ਦੇ ਵਿਆਹ ਸਮਾਗਮ 'ਚ ਵਾਪਰਿਆ ਹਾਦਸਾ;DGP, ਉਨ੍ਹਾਂ ਦੀ ਪਤਨੀ ਤੇ DSP 'ਤੇ ਡਿੱਗਿਆ ਲੋਹੇ ਦਾ ਖੰਭਾ
ਖੁੱਲ੍ਹੇ ਟੈਂਟ ਅਤੇ ਹਵਾ ਦੇ ਤੇਜ਼ ਵਹਾਅ ਕਾਰਨ ਵਾਪਰਿਆ ਹਾਦਸਾ
ਚੰਡੀਗੜ੍ਹ : ਚੰਡੀਗੜ੍ਹ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਪ੍ਰਵੀਰ ਰੰਜਨ ਅਤੇ ਉਨ੍ਹਾਂ ਦੀ ਪਤਨੀ ਇੱਕ ਹਾਦਸੇ ਵਿੱਚ ਜ਼ਖ਼ਮੀ ਹੋ ਗਏ। ਇਹ ਹਾਦਸਾ ਚੰਡੀਗੜ੍ਹ ਦੇ ਲੇਕ ਕਲੱਬ 'ਚ ਵਿਆਹ ਸਮਾਗਮ ਦੌਰਾਨ ਵਾਪਰਿਆ। ਇੱਥੇ ਲਗਾਇਆ ਗਿਆ ਟੈਂਟ ਤੇਜ਼ ਹਵਾਵਾਂ ਕਾਰਨ ਪਿੱਲਰ ਸਮੇਤ ਹੇਠਾਂ ਡਿੱਗ ਗਿਆ। ਜਿਸ ਕਾਰਨ ਡੀਜੀਪੀ, ਉਨ੍ਹਾਂ ਦੀ ਪਤਨੀ ਅਤੇ ਡੀਐਸਪੀ ਗੁਰਮੁਖ ਸਿੰਘ ਜ਼ਖ਼ਮੀ ਹੋ ਗਏ। ਦੱਸ ਦੇਈਏ ਕਿ ਸਾਰੇ ਇਹ ਸਾਰੇ ਪੁਲਿਸ ਅਫਸਰ ਪਰਿਵਾਰ ਸਮੇਤ ਚੰਡੀਗੜ੍ਹ ਦੇ ਐਸਐਚਓ ਦੀ ਬੇਟੀ ਦੇ ਵਿਆਹ ਸਮਾਗਮ ਵਿਚ ਪਹੁੰਚੇ ਸਨ।
ਇਹ ਵੀ ਪੜ੍ਹੋ : ਸੜਕ ਹਾਦਸੇ ਨੇ ਬੁਝਾਏ ਇੱਕੋ ਪਿੰਡ ਦੇ ਦੋ ਘਰਾਂ ਦੇ ਚਿਰਾਗ਼
ਹਾਦਸੇ ਤੋਂ ਬਾਅਦ ਡੀਜੀਪੀ ਸਮੇਤ ਉਨ੍ਹਾਂ ਦੀ ਪਤਨੀ ਅਤੇ ਡੀਐਸਪੀ ਨੂੰ ਤੁਰੰਤ ਸੈਕਟਰ 16 ਦੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ। ਡੀਜੀਪੀ ਅਤੇ ਉਨ੍ਹਾਂ ਦੀ ਪਤਨੀ ਦਾ ਇੱਥੇ ਟਰੌਮਾ ਸੈਂਟਰ ਵਿੱਚ ਇਲਾਜ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਡੀਜੀਪੀ ਦੇ ਸਿਰ 'ਤੇ 12 ਟਾਂਕੇ ਲੱਗੇ ਹਨ ਅਤੇ ਉਨ੍ਹਾਂ ਦੀ ਪਤਨੀ ਮਾਲਵਿਕਾ ਨੂੰ ਵੀ 4 ਟਾਂਕੇ ਲੱਗੇ ਹਨ। ਬਾਅਦ ਵਿੱਚ ਦੋਵਾਂ ਨੂੰ ਛੁੱਟੀ ਦੇ ਦਿੱਤੀ ਗਈ। ਜਦਕਿ ਡੀਐਸਪੀ ਗੁਰਮੁੱਖ ਸਿੰਘ ਦੇ ਸਿਰ, ਮੋਢੇ ਅਤੇ ਪਿੱਠ ’ਤੇ ਸੱਟਾਂ ਲੱਗੀਆਂ ਹਨ।
ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਵਣ ਖੇਤੀ ਨੂੰ ਹੁਲਾਰਾ ਦੇਣ ਲਈ ਭਾਰਤ ਦਾ ਪਹਿਲਾ ਈ-ਟਿੰਬਰ ਪੋਰਟਲ ਕੀਤਾ ਜਾਰੀ
ਇਹ ਹਾਦਸਾ ਸੈਕਟਰ 3 ਥਾਣੇ ਦੇ ਐਸਐਚਓ ਸੁਖਦੀਪ ਸਿੰਘ ਦੀ ਬੇਟੀ ਦੇ ਵਿਆਹ ਸਮਾਗਮ ਵਿੱਚ ਵਾਪਰਿਆ। ਉਨ੍ਹਾਂ ਨੇ ਡੀਜੀਪੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸੱਦਾ ਦਿੱਤਾ ਸੀ। ਜਾਣਕਾਰੀ ਅਨੁਸਾਰ ਲੇਕ ਕਲੱਬ ਵਿੱਚ ਟੈਂਟ ਆਦਿ ਲਗਾਉਣ ਦਾ ਪ੍ਰਬੰਧ ਬਾਹਰੀ ਠੇਕੇਦਾਰ ਵੱਲੋਂ ਕੀਤਾ ਗਿਆ ਸੀ। ਖੁੱਲ੍ਹੇ ਵਿੱਚ ਲਗਾਏ ਜਾ ਰਹੇ ਟੈਂਟ ਅਤੇ ਹਵਾ ਦੇ ਤੇਜ਼ ਵਹਾਅ ਕਾਰਨ ਟੈਂਟ ਉਖੜ ਗਿਆ ਅਤੇ ਇਹ ਹਾਦਸਾ ਵਾਪਰ ਗਿਆ। ਫਿਲਹਾਲ ਪੁਲਿਸ ਇਸ ਘਟਨਾ 'ਚ ਲਾਪ੍ਰਵਾਹੀ ਦੇ ਕੋਣ ਤੋਂ ਵੀ ਜਾਂਚ ਕਰ ਰਹੀ ਹੈ।