''ਜੇ ਮੈਨੂੰ ਵੋਟਾਂ ਨਾ ਪਾਈਆਂ ਤਾਂ ਅਪਣੇ ਪਾਪ ਤੁਹਾਨੂੰ ਦੇ ਕੇ ਜਾਵਾਂਗਾ''- ਸਾਕਸ਼ੀ ਮਹਾਰਾਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਭਾਜਪਾ ਉਮੀਦਵਾਰ ਅਤੇ ਸਾਂਸਦ ਸਾਕਸ਼ੀ ਮਹਾਰਾਜ ਅਕਸਰ ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ।

Sakshi Maharaj

ਨਵੀਂ ਦਿੱਲੀ: ਭਾਜਪਾ ਉਮੀਦਵਾਰ ਅਤੇ ਸਾਂਸਦ ਸਾਕਸ਼ੀ ਮਹਾਰਾਜ ਅਕਸਰ ਅਪਣੇ ਵਿਵਾਦਤ ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ।  ਹੁਣ ਉਨ੍ਹਾਂ ਅਪਣੇ ਚੋਣ ਪ੍ਰਚਾਰ ਦੌਰਾਨ ਫਿਰ ਅਜਿਹਾ ਕੁੱਝ ਆਖ ਦਿਤਾ ਹੈ, ਜਿਸ ਕਾਰਨ ਉਹ ਫਿਰ ਵਿਵਾਦਾਂ ਵਿਚ ਘਿਰ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ 'ਤੇ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਵੀ ਦਰਜ ਹੋ ਗਿਆ ਹੈ।

ਦਰਅਸਲ ਸਾਕਸ਼ੀ ਮਹਾਰਾਜ ਨੇ ਇਕ ਚੋਣ ਮੀਟਿੰਗ ਵਿਚ ਬੈਠੇ ਲੋਕਾਂ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਇਹ ਆਖ ਦਿਤਾ ਕਿ ਜੇਕਰ ਉਨ੍ਹਾਂ ਨੂੰ ਵੋਟ ਨਾ ਪਾਈ ਤਾਂ ਉਨ੍ਹਾਂ ਨੂੰ ਸੰਨਿਆਸੀ ਦਾ ਪਾਪ ਲੱਗੇਗਾ। ਉਹਨਾਂ ਨੇ ਕਿਹਾ ਕਿ ਮੈਂ ਇਕ ਸਨਿਆਸੀ ਹਾਂ ਅਤੇ ਇਕ ਸਨਿਆਸੀ ਜਦੋਂ ਭੀਖ ਮੰਗਦਾ ਹੈ ਤਾਂ ਜੇਕਰ ਉਸਨੂੰ ਭੀਖ ਨਹੀਂ ਮਿਲਦੀ ਤਾਂ ਉਹ ਪਰਿਵਾਰ ਦੀਆਂ ਖੁਸ਼ੀਆਂ ਲੈ ਜਾਂਦਾ ਹੈ। ਸਾਕਸ਼ੀ ਨੇ ਕਿਹਾ ਕਿ ਮੈਂ ਜੋ ਵੀ ਕਹਿ ਰਿਹਾ ਹਾਂ, ਉਹ ਸਭ ਸ਼ਾਸਤਰਾਂ ਵਿਚ ਕਹੀਆਂ ਗਈਆਂ ਗੱਲਾਂ ‘ਤੇ ਅਧਾਰਿਤ ਹੈ।

ਆਪਣੇ ਭਾਸ਼ਣ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਵੋਟ ਪਾਉਣਾ ਕੰਨਿਆ ਦਾਨ ਦੇ ਬਰਾਬਰ ਹੈ, ਇਸ ਲਈ ਸਭ ਲੋਕ ਘਰ ਤੋਂ ਨਿਕਲ ਕੇ ਵੋਟ ਪਾਣ। ਸਾਕਸ਼ੀ ਮਹਾਰਾਜ ਦੇ ਇਸ ਵੀਡੀਓ ਦੇ ਵਾਇਰਲ ਹੁੰਦਿਆਂ ਹੀ ਚੋਣ ਅਧਿਕਾਰੀ ਚੌਕਸ ਹੋ ਗਏ ਅਤੇ ਵੀਡੀਓ ਦੀ ਅਸਲੀਅਤ ਜਾਣ ਕੇ ਉਨ੍ਹਾਂ ਵਿਰੁਧ ਚੋਣ ਜ਼ਾਬਤੇ ਦੀ ਉਲੰਘਣ ਦਾ ਮਾਮਲਾ ਦਰਜ ਕਰਵਾ ਦਿਤਾ ਹੈ।

ਸਾਕਸ਼ੀ ਮਹਾਰਾਜ ਨੇ ਇਹ ਗੱਲ ਸੋਹਰਾਮਊ ਖੇਤਰ ਦੇ ਪਿੰਡ ਸ਼ੇਖ਼ਪੁਰ ਵਿਚ ਇਕ ਚੋਣ ਮੀਟਿੰਗ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਆਖੀ ਸੀ। ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਾਕਸ਼ੀ ਮਹਾਰਾਜ 'ਤੇ 8 ਅਪ੍ਰੈਲ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵੇਲੇ ਇਜਾਜ਼ਤ ਤੋਂ ਜ਼ਿਆਦਾ ਵਾਹਨ ਲਿਜਾਣ ਵਿਰੁਧ ਚੋਣ ਜ਼ਾਬਤੇ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਜਾ ਚੁੱਕਿਆ ਹੈ।