ਖੁਦ ਨੂੰ ਅੰਡਰ ਸੈਕਟਰੀ ਦੱਸ ਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਨੂੰ ਦਾਖ਼ਲੇ ਲਈ ਫੋਨ ਕਰਨ ਵਾਲਾ ਕਾਬੂ, ਪ੍ਰਾਪਰਟੀ ਡੀਲਰ ਹੈ ਮੁਲਜ਼ਮ
ਕਿਹਾ: ਕਿਸੇ ਦੇ ਕਹਿਣ ’ਤੇ ਕੀਤਾ ਸੀ ਫੋਨ
ਚੰਡੀਗੜ੍ਹ: ਖੁਦ ਨੂੰ ਪੰਜਾਬ ਦੇ ਰਾਜਪਾਲ ਬਨਵਾਰੀਲਾਲ ਪੁਰੋਹਿਤ ਦਾ ਅੰਡਰ ਸੈਕਟਰੀ ਭੀਮਸੇਨ ਗਰਗ ਦੱਸ ਕੇ ਸਕੂਲ ਦੇ ਵਾਈਸ ਪ੍ਰਿੰਸੀਪਲ ਨੂੰ ਦਾਖ਼ਲੇ ਲਈ ਫੋਨ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਚੰਨੂ ਉਪਾਧਿਆਏ ਉਰਫ਼ ਮੁਕੁਲ ਵਜੋਂ ਹੋਈ ਹੈ, ਜੋ ਐਰੋਸਿਟੀ ਵਿਚ ਪ੍ਰਾਪਰਟੀ ਡੀਲਰ ਵਜੋਂ ਕੰਮ ਕਰਦਾ ਹੈ।
ਇਹ ਵੀ ਪੜ੍ਹੋ: ਇੰਗਲੈਂਡ ’ਚ ਤਿਰੰਗਾ ਉਤਾਰਨ ਵਾਲੇ ਨੌਜਵਾਨ ਦੀ ਮਾਂ-ਭੈਣ ਨੂੰ ਪੁਲਿਸ ਨੇ ਹਿਰਾਸਤ ’ਚ ਲਿਆ!
ਪੁਲਿਸ ਨੇ ਕੇਸ ਦਰਜ ਕਰਕੇ ਉਸ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ। ਐਸਐਚਓ ਸੈਕਟਰ-34 ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਨੁਸਾਰ ਉਸ ਨੇ ਕਿਸੇ ਜਾਣਕਾਰ ਦੇ ਕਹਿਣ ’ਤੇ ਸਕੂਲ ਪ੍ਰਬੰਧਕਾਂ ਨੂੰ ਫੋਨ ਕੀਤਾ ਸੀ। ਮੁਲਜ਼ਮ ਨੇ ਅੰਡਰ ਸੈਕਟਰੀ ਬਣ ਕੇ ਆਪਣੇ ਮੋਬਾਈਲ ਤੋਂ ਸੈਕਟਰ-33 ਦੇ ਟੈਂਡਰ ਹਾਰਟ ਹਾਈ ਸਕੂਲ ਦੇ ਵਾਈਸ ਪ੍ਰਿੰਸੀਪਲ ਲੋਕੇਸ਼ ਅਰੋੜਾ ਨੂੰ ਬੁੱਧਵਾਰ ਨੂੰ ਫੋਨ ਕੀਤਾ ਸੀ ਅਤੇ ਇਕ ਬੱਚੇ ਦੇ ਦਾਖਲੇ ਦਾ ਆਦੇਸ਼ ਦਿੱਤਾ ਸੀ।
ਇਹ ਵੀ ਪੜ੍ਹੋ: ਵਿਸਾਖੀ ‘ਤੇ ਵਿਸ਼ੇਸ਼: ਖਾਲਸਾ ਪੰਥ ਦੀ ਸਾਜਨਾ ਦਾ ਇਤਿਹਾਸਿਕ ਦਿਵਸ
ਇੰਨਾ ਹੀ ਨਹੀਂ ਮੁਲਜ਼ਮ ਨੇ ਕਿਹਾ ਸੀ ਕਿ ਜੇਕਰ ਪ੍ਰਿੰਸੀਪਲ ਜਾਂ ਡੀਪੀਆਈ ਨਾਲ ਗੱਲ ਕਰਨੀ ਪਈ ਤਾਂ ਉਹ ਕਰ ਲਵੇਗਾ। ਜਦੋਂ ਸਕੂਲ ਮੈਨੇਜਮੈਂਟ ਨੇ ਰਾਜ ਭਵਨ ਵਿਚ ਫੋਨ ਕਰ ਕੇ ਸਾਰੀ ਗੱਲ ਸੰਚਾਲਕ ਨੂੰ ਦੱਸੀ ਤਾਂ ਆਪਰੇਟਰ ਨੇ ਅੰਡਰ ਸੈਕਟਰੀ ਵਲੋਂ ਫੋਨ ਕਰਨ ਦੀ ਗੱਲ ਤੋਂ ਸਾਫ ਇਨਕਾਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ: ਉਮੇਸ਼ਪਾਲ ਹੱਤਿਆ ਕਾਂਡ: ਅਤੀਕ ਅਹਿਮਦ ਦੇ ਬੇਟੇ ਅਸਦ ਅਤੇ ਸ਼ੂਟਰ ਗੁਲਾਮ ਮੁਹੰਮਦ ਦਾ ਐਨਕਾਊਂਟਰ
ਸਕੂਲ ਨੇ ਫਰਜ਼ੀ ਅੰਡਰ ਸੈਕਟਰੀ ਕਾਲਰ ਨੂੰ ਫੜਨ ਲਈ ਐੱਸਐੱਸਪੀ ਯੂਟੀ ਨੂੰ ਸ਼ਿਕਾਇਤ ਦਿੱਤੀ ਸੀ। ਇਸ ਤੋਂ ਪਹਿਲਾਂ ਅਣਪਛਾਤੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ। ਹੁਣ ਇਸ ਮਾਮਲੇ 'ਚ ਮੁਲਜ਼ਮ ਨੂੰ ਨਾਮਜ਼ਦ ਕੀਤਾ ਗਿਆ ਹੈ।