Nijjar killing case: ਅਜਿਹਾ ਕੁੱਝ ਨਹੀਂ ਮਿਲਿਆ ਜੋ ਭਾਰਤੀ ਏਜੰਸੀਆਂ ਲਈ ਕੰਮ ਦਾ ਹੋਵੇ : ਜੈਸ਼ੰਕਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ‘‘ਸਾਨੂੰ ਕਦੇ ਵੀ ਅਜਿਹੀ ਕੋਈ ਖਾਸ ਚੀਜ਼ ਨਹੀਂ ਮਿਲੀ ਜੋ ਸਾਡੀਆਂ ਏਜੰਸੀਆਂ ਦੀ ਜਾਂਚ ਲਈ ਲਾਭਦਾਇਕ ਹੋਵੇ"

S Jaishankar on Nijjar case: 'Haven't received anything worthy of being probed'

Nijjar killing case: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ’ਚ ਕੈਨੇਡਾ ਦੀ ਚੌਥੀ ਗ੍ਰਿਫਤਾਰੀ ਦੇ ਮੱਦੇਨਜ਼ਰ ਸੋਮਵਾਰ ਨੂੰ ਕਿਹਾ ਕਿ ਭਾਰਤ ਨੂੰ ਕਦੇ ਵੀ ਅਜਿਹੀ ਕੋਈ ਚੀਜ਼ ਨਹੀਂ ਮਿਲੀ ਜੋ ਉਸ ਦੀਆਂ ਜਾਂਚ ਏਜੰਸੀਆਂ ਲਈ ਖਾਸ ਜਾਂ ਲਾਭਦਾਇਕ ਹੋਵੇ।

ਜੈਸ਼ੰਕਰ ਨੇ ਕਿਹਾ ਕਿ ਜੇਕਰ ਕੈਨੇਡਾ ਕੋਲ ਕਿਸੇ ਵੀ ਹਿੰਸਾ ਨਾਲ ਸਬੰਧਤ ਕੋਈ ਸਬੂਤ ਜਾਂ ਜਾਣਕਾਰੀ ਹੈ ਜੋ ਭਾਰਤ ਵਿਚ ਜਾਂਚ ਨਾਲ ਸਬੰਧਤ ਹੈ ਤਾਂ ਨਵੀਂ ਦਿੱਲੀ ਜਾਂਚ ਲਈ ਤਿਆਰ ਹੈ। ਉਨ੍ਹਾਂ ਨੇ ਇਥੇ ਇਕ ਪ੍ਰੈਸ ਕਾਨਫਰੰਸ ’ਚ ਪੱਤਰਕਾਰਾਂ ਨੂੰ ਕਿਹਾ, ‘‘ਸਾਨੂੰ ਕਦੇ ਵੀ ਅਜਿਹੀ ਕੋਈ ਖਾਸ ਚੀਜ਼ ਨਹੀਂ ਮਿਲੀ ਜੋ ਸਾਡੀਆਂ ਏਜੰਸੀਆਂ ਦੀ ਜਾਂਚ ਲਈ ਲਾਭਦਾਇਕ ਹੋਵੇ ਅਤੇ ਮੈਨੂੰ ਨਹੀਂ ਪਤਾ ਕਿ ਪਿਛਲੇ ਕੁੱਝ ਦਿਨਾਂ ’ਚ ਇਸ ਸਬੰਧ ’ਚ ਕੁੱਝ ਬਦਲਿਆ ਹੈ।’’

ਉਨ੍ਹਾਂ ਕਿਹਾ ਕਿ ਪ੍ਰਕਿਰਿਆ ਦੇ ਹਿੱਸੇ ਵਜੋਂ, ਜਦੋਂ ਵਿਦੇਸ਼ੀ ਨਾਗਰਿਕਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ, ਤਾਂ ਦੂਤਘਰ ਜਾਂ ਉਨ੍ਹਾਂ ਦੇ ਮੂਲ ਦੇਸ਼ ਦੀ ਸਰਕਾਰ ਨੂੰ ਸੂਚਿਤ ਕੀਤਾ ਜਾਂਦਾ ਹੈ। ਨਿੱਜਰ (45) ਦਾ 18 ਜੂਨ, 2023 ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿਚ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਬਾਹਰ ਕਤਲ ਕਰ ਦਿਤਾ ਗਿਆ ਸੀ।

ਚੌਥੇ ਭਾਰਤੀ ਨਾਗਰਿਕ ਅਮਨਦੀਪ ਸਿੰਘ ਨੂੰ ਪਿਛਲੇ ਹਫਤੇ ਕੈਨੇਡੀਅਨ ਅਧਿਕਾਰੀਆਂ ਨੇ ਨਿੱਝਰ ਦੇ ਕਤਲ ਦੇ ਸਬੰਧ ’ਚ ਗ੍ਰਿਫਤਾਰ ਕੀਤਾ ਸੀ। ਇਕ ਹਫਤਾ ਪਹਿਲਾਂ ਪੁਲਿਸ ਨੇ ਇਸ ਮਾਮਲੇ ’ਚ ਤਿੰਨ ਭਾਰਤੀਆਂ ਨੂੰ ਗ੍ਰਿਫਤਾਰ ਕੀਤਾ ਸੀ। ਨਿੱਝਰ ਦੇ ਕਤਲ ਕੇਸ ਨੇ ਕੈਨੇਡਾ ਨਾਲ ਭਾਰਤ ਦੇ ਰਿਸ਼ਤਿਆਂ ’ਚ ਤਣਾਅ ਪੈਦਾ ਕਰ ਦਿਤਾ ਸੀ। ਕੈਨੇਡਾ ਦੇ ਸਰੀ ਦੇ ਰਹਿਣ ਵਾਲੇ ਅਮਨਦੀਪ ਸਿੰਘ (22) ’ਤੇ ਕਤਲ ਅਤੇ ਕਤਲ ਦੀ ਸਾਜ਼ਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ।

(For more Punjabi news apart from S Jaishankar on Nijjar case: 'Haven't received anything worthy of being probed', stay tuned to Rozana Spokesman)