ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਮੁੱਲਾ ਦੇਵ ਨਗਰ ਵਿਚ ਉਸ ਸਮੇਂ ਹਲਚਲ ਮਚ ਗਈ ਜਦੋਂ ਸਥਾਨਕ ਨਿਵਾਸੀ ਦੀਪਕ ਸ਼ਰਮਾ ਦੇ ਘਰ ਤੋਂ ਬਦਬੂ ਆਉਣ ਲੱਗੀ। ਇਸ ਦੀ ਸੂਚਨਾ ਗੁਆਂਢੀਆਂ ਨੇ ਪੁਲਿਸ ਨੂੰ ਦਿੱਤੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੇਖਿਆ ਤਾਂ ਦੀਪਕ ਦੀ ਮੌਤ ਹੋ ਚੁੱਕੀ ਸੀ ਅਤੇ ਘਰ ਦਾ ਸਮਾਨ ਵੀ ਖਿਲਰਿਆ ਪਿਆ ਸੀ। ਮਿਲੀ ਜਾਣਕਾਰੀ ਅਨੁਸਾਰ ਦੀਪਕ ਸ਼ਰਮਾ ਨੂੰ ਪੰਜਾਬ ਰੋਡਵੇਜ਼ ਨੰਗਲ ਡੀਪੂ ਵਿਚ ਬਤੌਰ ਇੰਸਪੈਕਟਰ ਸੀ ਜਿਸ ਨੂੰ ਅਪਣੇ ਪਿਤਾ ਦੇ ਨਾਲ ਹੀ ਨੌਕਰੀ ਮਿਲੀ ਸੀ।
ਦੀਪਕ ਸ਼ਰਮਾ ਹਾਲ ਹੀ ਵਿਚ ਹੋਈਆਂ ਛੁੱਟੀਆਂ ਕੱਟਣ ਅਪਣੇ ਘਰ ਆਇਆ ਸੀ। ਉਸ ਦੀ ਪਤਨੀ ਅਪਣੇ ਪੇਕੇ ਘਰ ਗਈ ਹੋਈ ਸੀ। ਦੀਪਕ ਦੀ ਪਤਨੀ ਨੂੰ ਉਸ ਦੇ ਪਤੀ ਦੀ ਮੌਤ ਦੀ ਸੂਚਨਾ ਦਿੱਤੀ ਗਈ। ਦੀਪਕ ਦੇ ਸ਼ਰੀਰ 'ਤੇ ਹਲਕੇ ਜ਼ਖ਼ਮਾਂ ਦੇ ਨਿਸ਼ਾਨ ਨਜ਼ਰ ਆ ਰਹੇ ਸਨ। ਦੀਪਕ ਦੀ ਪਤਨੀ ਮੁਤਾਬਕ ਉਹਨਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਕਿਸੇ ਨਾਲ ਝਗੜਾ ਹੋਇਆ ਹੈ। ਦੀਪਕ ਸ਼ਰਮਾ ਸ਼ਰਾਬ ਪੀਣ ਦਾ ਆਦੀ ਸੀ।
ਜਦੋਂ ਪਤਨੀ ਘਰ ਗਈ ਹੋਈ ਸੀ ਤਾਂ ਉਹ ਘਰ ਵਿਚ ਇਕੱਲਾ ਹੀ ਸੀ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਸ਼ਰੀਰ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਮੁਤਾਬਕ ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਲਾਸ਼ ਕਾਫ਼ੀ ਖ਼ਰਾਬ ਹਾਲਤ ਵਿਚ ਸੀ। ਸ਼ਰੀਰ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਅਨੁਸਾਰ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਆਖਰ ਪੂਰਾ ਮਾਮਲਾ ਕੀ ਹੈ। ਦੀਪਕ ਸ਼ਰਮਾ ਦੀ ਹੱਤਿਆ ਕੀਤੀ ਗਈ ਹੈ ਜਾਂ ਉਸ ਨੇ ਆਤਮ ਹੱਤਿਆ ਕੀਤੀ ਹੈ। ਪੁਲਿਸ ਦੀ ਟੀਮ ਜਾਂਚ ਵਿਚ ਜੁੱਟ ਗਈ ਹੈ।