ਇੰਫ਼ਾਲ: ਹਿੰਸਾ ਪ੍ਰਭਾਵਤ ਮਣੀਪੁਰ ’ਚ ਇੰਫ਼ਾਲ ਈਸਟ ਜ਼ਿਲ੍ਹੇ ਦੇ ਖਾਮੇਨਲੋਕ ਖੇਤਰ ’ਚ ਅਤਿਵਾਦੀਆਂ ਅਤੇ ਪੇਂਡੂ ਸਵੈਮਸੇਵਕਾਂ ਵਿਚਕਾਰ ਸੋਮਵਾਰ ਦੇਰ ਰਾਤ ਤਕ ਹੋਈ ਗੋਲੀਬਾਰੀ ’ਚ 9 ਹੋਰ ਵਿਅਕਤੀ ਜ਼ਖ਼ਮੀ ਹੋ ਗਏ ਹਨ।
ਹਾਲਾਂਕਿ ਪੁਲਿਸ ਨੇ ਦਸਿਆ ਕਿ ਹੁਣ ਦੋਵੇਂ ਧਿਰਾਂ ਪਿੱਛੇ ਹਟ ਗਈਆਂ ਹਨ। ਉਨ੍ਹਾਂ ਕਿਹਾ ਕਿ ਪਿੰਡ ਦੇ ਸਵੈਮਸੇਵਕਾਂ ਨੇ ਅਤਿਵਾਦੀਆਂ ਵਲੋਂ ਬਣਾਏ ਕੁਝ ਅਸਥਾਈ ਬੰਕਰ ਅਤੇ ਇਕ ‘ਵਾਚ-ਟਾਵਰ’ ’ਚ ਅੱਗ ਲਾ ਦਿਤੀ ਸੀ। ਇਹ ਇਲਾਕਾ ਮੇਈਤੀ ਬਹੁਗਿਣਤੀ ਇੰਫ਼ਾਲ ਈਸਟ ਜ਼ਿਲ੍ਹੇ ਅਤੇ ਆਦਿਵਾਸੀ ਬਹੁਗਿਣਤੀ ਕਾਂਗਪੋਕਪੀ ਜ਼ਿਲ੍ਹੇ ਦੀ ਸਰਹੱਦ ਨਾਲ ਲਗਿਆ ਹੈ।
ਅਧਿਕਾਰੀ ਨੇ ਕਿਹਾ ਕਿ ਹਿੰਸਾ ਨੂੰ ਰੋਕਣ ਲਈ ਇਲਾਕੇ ’ਚ ਵੱਡੀ ਗਿਣਤੀ ’ਚ ਸੁਰਖਿਆ ਬਲ ਤੈਨਾਤ ਕੀਤੇ ਗਏ ਹਨ। ਹਿੰਸਾ ਪ੍ਰਭਾਵਤ ਮਣੀਪੁਰ ਦੇ 16 ਜ਼ਿਲ੍ਹਿਆਂ ’ਚੋਂ 11 ’ਚ ਅਜੇ ਵੀ ਕਰਫ਼ੀਊ ਲਗਿਆ ਹੋਇਆ ਹੈ ਜਦਕਿ ਪੂਰਬ-ਉੱਤਰ ਸੂਬੇ ’ਚ ਇੰਟਰਨੈੱਟ ਸੇਵਾਵਾਂ ਮੁਅੱਤਲ ਹਨ। ਜ਼ਿਕਰਯੋਗ ਹੈ ਕਿ ਮਣੀਪੁਰ ’ਚ ਅਨੁਸੂਚਿਤ ਜਨਜਾਤੀ (ਐਸ.ਟੀ.) ਦਾ ਦਰਜਾ ਦੇਣ ਦੀ ਮੇਈਤੀ ਫ਼ਿਰਕੇ ਦੀ ਮੰਗ ਵਿਰੁਧ ਤਿੰਨ ਮਈ ਨੂੰ ਪਹਾੜੀ ਜ਼ਿਲ੍ਹਿਆਂ ’ਚ ‘ਆਦਿਵਾਸੀ ਇਕਜੁਟਤਾ ਮਾਰਚ’ ਕਰਨ ਤੋਂ ਬਾਅਦ ਹਿੰਸਕ ਝੜਪਾਂ ਸ਼ੁਰੂ ਹੋ ਗਈਆਂ ਸਨ।
ਝੜਪਾਂ ’ਚ ਘੱਟ ਤੋਂ ਘੱਟ 103 ਲੋਕ ਮਾਰੇ ਜਾ ਚੁੱਕੇ ਹਨ ਅਤੇ 310 ਹੋਰ ਜ਼ਖ਼ਮੀ ਹੋਏ ਹਨ। 37450 ਲੋਕ ਅਜੇ 272 ਕੈਂਪਾਂ ’ਚ ਰਹਿ ਰਹੇ ਹਨ। ਮਣੀਪੁਰ ’ਚ ਮੇਈਤੀ ਬਹੁਗਿਣਤੀ ਫ਼ਿਰਕਾ ਹੈ ਅਤੇ ਇਸ ਦੀ ਆਬਾਦੀ 53 ਫ਼ੀ ਸਦੀ ਹੈ। ਇਹ ਮੁੱਖ ਰੂਪ ’ਚ ਇੰਫ਼ਾਲ ਵਾਦੀ ’ਚ ਰਹਿੰਦੇ ਹਨ। ਜਦਕਿ ਨਗਾ ਅਤੇ ਕੁਕੀ ਵਰਗੇ ਆਦਿਵਾਸੀ ਫ਼ਿਰਕਿਆਂ ਦੀ ਆਬਾਦੀ 40 ਫ਼ੀ ਸਦੀ ਹੈ ਅਤੇ ਇਹ ਮੁੱਖ ਤੌਰ ’ਤੇ ਪਹਾੜੀ ਜ਼ਿਲ੍ਹਿਆਂ ’ਚ ਵਸਦੇ ਹਨ।
ਮਣੀਪੁਰ ਸ਼ਾਂਤੀ ਕਮੇਟੀ : ਕੁਕੀ ਲੋਕ ਨਾਖ਼ੁਸ਼, ਮੁੱਖ ਮੰਤਰੀ ਦਾ ਨਾਂ ਸ਼ਾਮਲ ਕਰਨ ਤੋਂ ਇਤਰਾਜ਼ ਪ੍ਰਗਟਾਇਆ
ਇੰਫ਼ਾਲ: ਹਿੰਸਾ ਪ੍ਰਭਾਵਤ ਮਣੀਪੁਰ ’ਚ ਵੱਖੋ-ਵੱਖ ਫ਼ਿਰਕਿਆਂ ਵਿਚਕਾਰ ਸ਼ਾਂਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਕੇਂਦਰ ਵਲੋਂ ਸਥਾਪਤ ਕਮੇਟੀ ’ਚ ਸ਼ਾਮਲ ਕੁਕੀ ਲੋਕਾਂ ਨੇ ਨਾਖ਼ੁਸ਼ੀ ਪ੍ਰਗਟਾਉਂਦਿਆਂ ਦਾਅਵਾ ਕੀਤਾ ਹੈ ਕਿ ਕਮੇਟੀ ’ਚ ਉਨ੍ਹਾਂ ਦਾ ਨਾਂ ਸ਼ਾਮਲ ਕਰਨ ਤੋਂ ਪਹਿਲਾਂ ਉਨ੍ਹਾਂ ਤੋਂ ਵਿਚਾਰ-ਵਟਾਂਦਰਾ ਨਹੀਂ ਕੀਤਾ ਗਿਆ।
ਕਈ ਕੁਕੀ ਜਥੇਬੰਦੀਆਂ ਨੇ ਰਾਜਪਾਲ ਅਨੁਸੁਈਆ ਉਈਕੇ ਦੀ ਅਗਵਾਈ ਵਾਲੀ 51 ਮੈਂਬਰ ਕਮੇਟੀ ’ਚ ਮੁੱਖ ਮੰਤਰੀ ਐਨ. ਬੀਰੇਨ ਸਿੰਘ ਨੂੰ ਸ਼ਾਮਿਲ ਕਰ ਕੇ ਇਤਰਾਜ਼ ਪ੍ਰਗਟਾਇਆ ਹੈ। ਜਦਕਿ ਮੇਈਤੀ ਲੋਕਾਂ ਸ਼ਾਂਤੀ ਕਮੇਟੀ ਦੇ ਗਠਨ ਦਾ ਸਵਾਗਤ ਕੀਤਾ ਹੈ।
‘ਕੁਕੀ ਇਨਪੀ ਮਣੀਪੁਰ’ ਨੇ ਇਕ ਬਿਆਨ ’ਚ ਕਿਹਾ ਕਿ ਉਨ੍ਹਾਂ ਦੇ ਮੁਖੀ ਨੂੰ ਬਗ਼ੈਰ ਅਗਾਊਂ ਜਾਣਕਾਰੀ ਤੋਂ ਅਤੇ ਉਚਿਤ ਵਿਚਾਰ-ਵਟਾਂਦਰਾ ਕੀਤਾ ਬਗ਼ੈਰ ਮੈਂਬਰਾਂ ਦੀ ਸੂਚੀ ’ਚ ਸ਼ਾਮਲ ਕੀਤਾ ਗਿਆ। ਕੇ.ਆਈ.ਐਮ. ਨੇ ਇਕ ਬਿਆਨ ’ਚ ਕਿਹਾ, ‘‘ਸਾਨੂੰ ਸਿਰਫ਼ ਉਨ੍ਹਾਂ ਵਿਅਕਤੀ ਨਾਲ ਸ਼ਾਂਤੀ ਕਾਇਮ ਕਰਨ ਦਾ ਕੋਈ ਮਤਲਬ ਨਹੀਂ ਦਿਸਦਾ, ਜਿਨ੍ਹਾਂ ਨੇ ਅਪਣੇ ਲੋਕਾਂ ਨਾਲ ਹਿੰਸਾ ਕੀਤੀ। ਸ਼ਾਂਤੀ, ਕੇਂਦਰੀ ਗ੍ਰਹਿ ਮੰਤਰਾਲਾ ਅਤੇ ਪ੍ਰਭਾਵਤ ਫ਼ਿਰਕਿਆਂ ਦੀਆਂ ਠੋਸ ਕੋਸ਼ਿਸ਼ਾਂ ਦਾ ਨਤੀਜਾ ਹੋਣੀ ਚਾਹੀਦੀ ਹੈ। ਇਹ ਆਮ ਸਥਿਤੀ ਥੋਪਣ ਦੀ ਸ਼ਰਤ ਨਹੀਂ ਹੋ ਸਕਦੀ।’’
ਕਮੇਟੀ ’ਚ ਮੇਈਤੀ ਲੋਕਾਂ ਦੇ 25 ਪ੍ਰਤੀਨਿਧੀਆਂ, ਕੁਕੀ ਦੇ 11 ਅਤੇ ਨਗਾ ਲੋਕਾਂ ਦੇ 10 ਪ੍ਰਤੀਨਿਧੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਰਾਜਪਾਲ ਅਨੁਸੁਈਆ ਉਈਕੇ ਇਸ ਕਮੇਟੀ ਦੀ ਪ੍ਰਧਾਨ ਹਨ। ਕਮੇਟੀ ’ਚ ਤਿੰਨ ਮੁਸਲਿਮ ਅਤੇ ਦੋ ਨੇਪਾਲੀ ਲੋਕਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।