ਹੜ੍ਹ ਪ੍ਰਭਾਵਤ ਇਲਾਕੇ ਦਾ ਦੌਰਾ ਕਰਨ ਗਏ ਵਿਧਾਇਕ ਨੂੰ ਮਹਿਲਾ ਨੇ ਮਾਰਿਆ ਥੱਪੜ

ਏਜੰਸੀ

ਖ਼ਬਰਾਂ, ਰਾਸ਼ਟਰੀ

ਪਿੰਡ ਵਾਸੀਆਂ ਨੇ ਪੁੱਛਿਆ, “5 ਸਾਲ ਬਾਅਦ ਹੁਣ ਕੀ ਲੈਣ ਆਏ ਹੋ?”

A stil from viral video

ਕੈਥਲ : ਹਰਿਆਣਾ ਦੇ ਕੈਥਲ 'ਚ ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ.) ਦੇ ਵਿਧਾਇਕ ਈਸ਼ਵਰ ਸਿੰਘ ਨੂੰ ਇਕ ਔਰਤ ਨੇ ਜਨਤਕ ਤੌਰ 'ਤੇ ਥੱਪੜ ਮਾਰ ਦਿਤਾ। ਲੋਕਾਂ ਨੇ ਵਿਧਾਇਕ ਦੀ ਕੁੱਟਮਾਰ ਵੀ ਕੀਤੀ। ਇਸ ਦੀ ਇਕ ਵੀਡੀਉ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵਿਧਾਇਕ ਈਸ਼ਵਰ ਸਿੰਘ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਤੋਂ ਬਾਅਦ ਪਿੰਡ ਵਿਚ ਆਏ ਹੜ੍ਹ ਦੇ ਪਾਣੀ ਕਾਰਨ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲੈਣ ਲਈ ਚੀਕਾ ਖੇਤਰ ਦੇ ਪਿੰਡ ਭਾਟੀਆ ਪਹੁੰਚੇ ਸਨ। ਪਿੰਡ ਵਾਸੀਆਂ ਨੇ ਵਿਧਾਇਕ ਨੂੰ ਪੁੱਛਿਆ ਕਿ ਤੁਸੀਂ 5 ਸਾਲ ਬਾਅਦ ਹੁਣ ਕੀ ਲੈਣ ਆਏ ਹੋ? ਦੱਸ ਦੇਈਏ ਕਿ ਜੇ.ਜੇ.ਪੀ. ਹਰਿਆਣਾ ਦੀ ਸਰਕਾਰ ਵਿਚ ਭਾਜਪਾ ਦੀ ਭਾਈਵਾਲ ਹੈ।

ਇਹ ਵੀ ਪੜ੍ਹੋ: ਹੜ੍ਹ ਦੌਰਾਨ ਪਾਕਿਸਤਾਨ ਨੇ ਵਧਾਇਆ ਦੋਸਤੀ ਦਾ ਹੱਥ : ਖੋਲ੍ਹੇ ਸੁਲੇਮਾਨਕੀ ਹੈੱਡਵਰਕਸ ਦੇ ਗੇਟ 

ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਚੀਕਾ ਖੇਤਰ ਵਿਚ ਘੱਗਰ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਹੈ। 40 ਪਿੰਡਾਂ ਵਿਚ ਹੜ੍ਹ ਦਾ ਖ਼ਤਰਾ ਹੈ ਅਤੇ ਕਈ ਪਿੰਡਾਂ ਵਿਚ ਪਾਣੀ ਵੀ ਭਰ ਗਿਆ ਹੈ। ਪੰਜਾਬ ਸਰਹੱਦ ਨਾਲ ਲੱਗਦੇ ਪਿੰਡ ਭਾਟੀਆ ਵਿਚ ਬੁਧਵਾਰ ਸ਼ਾਮ ਘੱਗਰ ਦਰਿਆ ਦਾ ਬੰਨ੍ਹ ਟੁੱਟਣ ਨਾਲ ਪਿੰਡ ਅਤੇ ਖੇਤਾਂ ਵਿਚ ਪਾਣੀ ਭਰ ਗਿਆ। ਜਦੋਂ ਵਿਧਾਇਕ ਈਸ਼ਵਰ ਸਿੰਘ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਤਾਂ ਉਨ੍ਹਾਂ ਨੂੰ ਪਿੰਡ ਵਾਸੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਕੁੱਝ ਸਮੇਂ ਤਕ ਵਿਧਾਇਕ ਈਸ਼ਵਰ ਸਿੰਘ ਦਾ ਵਿਰੋਧ ਜਾਰੀ ਰਿਹਾ। ਪਿੰਡ ਵਾਸੀਆਂ ਦੇ ਵੱਡੇ ਇਕੱਠ ਵਿਚ ਵਿਧਾਇਕ ਘਿਰੇ ਨਜ਼ਰ ਆਏ ਜਿਸ ਮਗਰੋਂ ਸਥਿਤੀ ਤਣਾਅਪੂਰਨ ਹੁੰਦੀ ਦੇਖ ਸੁਰੱਖਿਆ ਮੁਲਾਜ਼ਮਾਂ ਨੇ ਵਿਧਾਇਕ ਨੂੰ ਭੀੜ ਤੋਂ ਬਚਾਇਆ। ਉਧਰ ਵਿਧਾਇਕ ਈਸ਼ਵਰ ਸਿੰਘ ਦਾ ਕਹਿਣਾ ਹੈ ਕਿ ਇਲਾਕੇ ਦੇ ਕਈ ਪਿੰਡਾਂ ਵਿੱਚ ਹੜ੍ਹਾਂ ਦੀ ਸਥਿਤੀ ਪੈਦਾ ਹੋ ਗਈ ਹੈ। ਇਸ ਸਥਿਤੀ ਵਿਚ ਪਿੰਡ ਵਾਸੀਆਂ ਦਾ ਗੁੱਸਾ ਸੁਭਾਵਿਕ ਹੈ। ਪਿੰਡ ਵਿਚ ਕੁਦਰਤੀ ਆਫ਼ਤ ਵਿਚ ਕੋਈ ਵੀ ਕੁੱਝ ਨਹੀਂ ਕਰ ਸਕਦਾ।