ਪਾਰਟੀ ਦੀ ਕਮਾਨ ਨੂੰ ਲੈ ਕੇ ਕਰੁਣਾਨਿਧੀ ਦੇ ਮੁੰਡਿਆਂ 'ਚ ਛਿੜੀ ਜੰਗ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਦੇ ਮੁਖੀ ਐਮ ਕਰੁਣਾਨਿਧੀ ਦਾ ਦੇਹਾਂਤ ਹੋਣ ਤੋਂ ਬਾਅਦ ਡੀਐਮਕੇ ਵਿਚ ਪਾਰਟੀ ਦੀ ਕਮਾਨ ਸੰਭਾਲਣ ਨੂੰ ਲੈ ਕੇ ਵੱਡਾ ਭੂਚਾਲ ਆਉਂਦਾ...

MK Stalin

ਚੇਨੱਈ : ਦ੍ਰਵਿੜ ਮੁਨੇਤਰ ਕੜਗਮ (ਡੀਐਮਕੇ) ਦੇ ਮੁਖੀ ਐਮ ਕਰੁਣਾਨਿਧੀ ਦਾ ਦੇਹਾਂਤ ਹੋਣ ਤੋਂ ਬਾਅਦ ਡੀਐਮਕੇ ਵਿਚ ਪਾਰਟੀ ਦੀ ਕਮਾਨ ਸੰਭਾਲਣ ਨੂੰ ਲੈ ਕੇ ਵੱਡਾ ਭੂਚਾਲ ਆਉਂਦਾ ਨਜ਼ਰ ਆ ਰਿਹਾ ਹੈ। ਕਰੁਣਾਨਿਧੀ ਦੇ ਬੇਟਿਆਂ ਦੇ ਵਿਚਕਾਰ ਪਾਰਟੀ ਦੀ ਕਮਾਨ ਸੰਭਾਲਣ ਨੂੰ ਲੈ ਕੇ ਜੰਗ ਛਿੜ ਗਈ ਹੈ। ਕਰੁਣਾਨਿਧੀ ਦੇ ਵੱਡੇ ਬੇਟੇ ਐਮ ਕੇ ਅਝਾਗਿਰੀ ਨੇ ਅਪਣੇ ਸਮਰਥਕਾਂ ਦੇ ਨਾਲ ਮਿਲ ਕੇ ਪਾਰਟੀ ਦੀ ਦਾਅਵੇਦਾਰੀ ਪੇਸ਼ ਕੀਤੀ ਹੈ। ਦਸ ਦਈਏ ਕਿ ਮੰਗਲਵਾਰ ਨੂੰ ਡੀਐਮਕੇ ਦੀ ਇਸ ਮਸਲੇ ਨੂੰ ਲੈ ਕੇ ਮਹੱਤਵਪੂਰਨ ਮੀਟਿੰਗ ਹੋ ਰਹੀ ਹੈ।  

ਅਝਾਗਿਰੀ ਨੇ ਕਿਹਾ ਕਿ ਮੇਰੇ ਪਿਤਾ ਸਹੀ ਕਹਿੰਦੇ ਸਨ, ਪੂਰਾ ਪਰਵਾਰ ਮੇਰੇ ਨਾਲ ਹੈ। ਤਾਮਿਲਨਾਡੂ ਵਿਚ ਪਾਰਟੀ ਦੇ ਸਾਰੇ ਸਮਰਥਕ ਵੀ ਮੇਰੇ ਨਾਲ ਹਨ, ਉਹ ਸਾਰੇ ਸਿਰਫ਼ ਮੈਨੂੰ ਉਤਸ਼ਾਹਿਤ ਕਰ ਰਹੇ ਹਨ। ਸਮਾਂ ਦੱਸੇਗਾ ਕਿ ਮੈਂ ਅਜੇ ਕੀ ਕੁੱਝ ਕਹਿਣਾ ਚਾਹੁੰਦਾ ਹਾਂ। ਅਝਾਗਿਰੀ ਦਾ ਇਹ ਦਾਅਵਾ ਕਰੁਣਾਨਿਧੀ ਦੇ ਲੰਬੀ ਬਿਮਾਰੀ ਤੋਂ ਬਾਅਦ ਹੋਏ ਦੇਹਾਂਤ ਦੇ ਹਫ਼ਤੇ ਬਾਅਦ ਆਇਆ ਹੈ। ਦਸ ਦਈਏ ਕਿ ਕਰੁਣਾਨਿਧੀ ਦੇ ਵੱਡੇ ਪੁੱਤਰ ਅਝਾਗਿਰੀ ਨੂੰ ਕੁੱਝ ਸਾਲ ਪਹਿਲਾਂ ਪਾਰਟੀ ਤੋਂ ਕੱਢ ਦਿਤਾ ਗਿਆ ਸੀ ਅਤੇ ਉਦੋਂ ਤੋਂ ਉਹ ਮੁੱਖ ਰਾਜਨੀਤੀ ਤੋਂ ਬਾਹਰ ਹਨ। 

ਕਰੀਬ ਇਕ ਸਾਲ ਪਹਿਲਾਂ ਉਨ੍ਹਾਂ ਦੇ ਛੋਟੇ ਭਰਾ ਅਤੇ ਕਰੁਣਾਨਿਧੀ ਦੇ ਛੋਟੇ ਬੇਟੇ ਸਟਾਲਿਨ ਨੂੰ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਸੀ। ਡੀਐਮਕੇ ਦੀ ਕਾਰਜ ਕਮੇਟੀ ਦੀ ਮੀਟਿੰਗ ਚੇਨੱਈ ਦੇ ਪਾਰਟੀ ਮੁੱਖ ਦਫ਼ਤਰ ਵਿਚ ਹੋਣੀ ਹੈ, ਜਿੱਥੇ ਕਰੁਣਾਨਿਧੀ ਦੇ ਛੋਟੇ ਪੁੱਤਰ ਐਮ ਕੇ ਸਟਾਲਿਨ ਦਾ ਕੱਦ ਵਧਾ ਕੇ ਉਨ੍ਹਾਂ ਨੂੰ ਪਾਰਟੀ ਦਾ ਪ੍ਰਧਾਨ ਬਣਾਇਆ ਜਾਣਾ ਸੀ। ਅਝਾਗਿਰੀ ਨੂੰ ਸਾਲ 2014 ਵਿਚ ਉਨ੍ਹਾਂ ਦੇ ਅਤੇ ਸਟਾਲਿਨ ਦੇ ਵਿਚਕਾਰ ਲੜਾਈ ਤੋਂ ਬਾਅਦ ਪਾਰਟੀ ਤੋਂ ਕੱਢ ਦਿਤਾ ਗਿਆ ਸੀ। 

ਪੂਰੇ ਮਾਮਲੇ ਤੋਂ ਜਾਣੂ ਡੀਐਮਕੇ ਦੇ ਇਕ ਨੇਤਾ ਨੇ ਦਸਿਆ ਕਿ ਸਟਾਲਿਨ ਦੇ ਇਲਾਵਾ ਕਰੁਣਾਨਿਧੀ ਦੀ ਬੇਟੀ ਅਤੇ ਰਾਜ ਸਭਾ ਸਾਂਸਦ ਐਮ ਕੇ ਕਨੀਮੋਝੀ ਨੂੰ ਵੀ ਕੱਦ ਵਧਾ ਕੇ ਪਾਰਟੀ ਦਾ ਉਪ ਜਨਰਲ ਸਕੱਤਰ ਜਾਂ ਖਜ਼ਾਨਚੀ ਬਣਾਇਆ ਜਾ ਸਕਦਾ ਹੈ। ਕਰੁਣਾਨਿਧੀ ਦਾ ਲੰਬੀ ਬਿਮਾਰੀ ਤੋਂ ਬਾਅਦ 7 ਅਗੱਸਤ ਨੂੰ ਚੇਨੱਈ ਦੇ ਕਾਵੇਰੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੂੰ 28 ਜੁਲਾਈ ਦੀ ਰਾਤ ਬਲੱਡ ਪ੍ਰੈਸ਼ਰ ਲੋਅ ਹੋ ਜਾਣ ਤੋਂ ਬਾਅਦ ਇੱਥੇ ਭਰਤੀ ਕਰਵਾਇਆ ਗਿਆ ਸੀ। 

ਕਰੁਣਾਨਿਧੀ ਨੇ ਤਿੰਨ ਵਿਆਹ ਕੀਤੇ ਸਨ। ਐਮ ਕੇ ਸਟਾਲਿਨ ਕਰੁਣਾਨਿਧੀ ਅਤੇ ਉਨ੍ਹਾਂ ਦੀ ਦੂਜੀ ਪਤਨੀ ਦਿਆਲੂ ਅੰਮਲ ਦੇ ਬੇਟੇ ਹਨ। ਐਮ ਕੇ ਅਝਾਗਿਰੀ, ਏ ਕੇ ਥਾਮਿਲਾਰਾਸੁ ਅਤੇ ਸੇਲਵੀ ਸਟਾਲਿਨ ਦੇ ਸਕੇ ਭਰਾ-ਭੈਣ ਹਨ। ਜਦਕਿ ਐਮ ਕੇ ਅਝਾਗਿਰੀ ਅਤੇ ਕਨੀਮੋਝੀ ਸੌਤੇਲੇ ਭਰਾ-ਭੈਣ ਹਨ। ਅੇਮ ਕੇ ਸਟਾਲਿਨ ਪਹਿਲਾਂ ਤੋਂ ਹੀ ਡੀਐਮਕੇ ਦੇ ਕਾਰਜਕਾਰੀ ਪ੍ਰਧਾਨ ਰਹੇ ਹਨ। ਇਹ ਉਤਰਾਧਿਕਾਰ ਦਾ ਮੁੱਦਾ ਸ਼ਾਇਦ 2017 ਦੀ ਸ਼ੁਰੂਆਤ ਵਿਚ ਹੀ ਕਰੁਣਾਨਿਧੀ ਦੀ ਲਗਾਤਾਰ ਵਿਗੜਦੀ ਹੋਈ ਸਿਹਤ ਨੂੰ ਦੇਖਦੇ ਹੋਏ ਕੀਤਾ ਗਿਆ ਸੀ। 

ਸਟਾਲਿਨ ਦਾ ਪਾਰਟੀ 'ਤੇ ਪੂਰਾ ਕੰਟਰੋਲ ਹੈ। ਸਟਾਲਿਨ ਦੀ ਸਥਿਤੀ 2013 ਤੋਂ ਹੀ ਪਾਰਟੀ ਵਿਚ ਕਾਫ਼ੀ ਮਜ਼ਬੂਤ ਹੈ। ਸਟਾਲਿਨ ਦੇ ਕਾਰਜਕਾਰੀ ਪ੍ਰਧਾਨ ਬਣਨ ਤੋਂ ਅਝਾਗਿਰੀ ਦੇ ਪ੍ਰਤੀ ਨਿਸ਼ਠਾ ਰੱਖਣ ਵਾਲੇ ਪਾਰਟੀ ਦੇ ਨੇਤਾਵਾਂ ਨੂੰ ਜਾਂ ਤਾਂ ਬਾਹਰ ਦਾ ਦਰਵਾਜ਼ਾ ਦਿਖਾਇਆ ਸੀ ਜਾਂ ਉਨ੍ਹਾਂ ਨੂੰ ਅਹੁਦਿਆਂ ਤੋਂ ਹਟਾ ਦਿਤਾ ਗਿਆ ਸੀ। ਹੁਣ ਦੇਖਣਾ ਹੋਵੇਗਾ ਕਿ ਪਾਰਟੀ ਵਿਚ ਛਿੜੀ ਇਹ ਜੰਗ ਕੀ ਰੰਗ ਲਿਆਉਂਦੀ ਹੈ?