ਕਰੁਣਾਨਿਧੀ ਨੂੰ ਨਮ ਅੱਖਾਂ ਨਾਲ ਵਿਦਾਇਗੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਡੀਐਮਕੇ ਦੇ ਮੁਖੀ ਐਮ ਕਰੁਣਾਨਿਧੀ ਨੂੰ ਮਰੀਨਾ ਬੀਚ 'ਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਦਫ਼ਨਾ ਦਿਤਾ ਗਿਆ..............

Paying tributes to Karunanidhi, Prime Minister Narendra Modi

ਚੇਨਈ : ਡੀਐਮਕੇ ਦੇ ਮੁਖੀ ਐਮ ਕਰੁਣਾਨਿਧੀ ਨੂੰ ਮਰੀਨਾ ਬੀਚ 'ਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਦਫ਼ਨਾ ਦਿਤਾ ਗਿਆ। ਹਜ਼ਾਰਾਂ ਲੋਕਾਂ ਨੇ ਉਨ੍ਹਾਂ ਨੂੰ ਨਮ ਅੱਖਾਂ ਨਾਲ ਵਿਦਾਇਗੀ ਦਿਤੀ। ਦੇਸ਼ ਭਰ ਦੇ ਵੱਡੇ ਸਿਆਸੀ ਆਗੂ ਕਰੁਣਾਨਿਧੀ ਨੂੰ ਸ਼ਰਧਾਂਜਲੀ ਦੇਣ ਲਈ ਪੁੱਜੇ ਹੋਏ ਸਨ ਜਿਨ੍ਹਾਂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਹੁਲ ਗਾਂਧੀ, ਐਚ ਡੀ ਕੁਮਾਰਸਵਾਮੀ, ਸੀਤਾਰਾਮ ਯੇਚੁਰੀ, ਪ੍ਰਕਾਸ਼ ਕਰਤ, ਪਿਨਰਾਈ ਵਿਜਯਨ, ਕੇ ਚੰਦਰਸ਼ੇਖਰ, ਐਨ ਚੰਦਰਬਾਬੂ ਨਾਇਡੂ ਆਦਿ ਸ਼ਾਮਲ ਸਨ।  
ਇਸ ਤੋਂ ਪਹਿਲਾਂ ਕਰੁਣਾਨਿਧੀ ਦੀ ਅੰਤਮ ਯਾਤਰਾ ਵਿਚ ਹਜ਼ਾਰਾਂ ਸਮਰਥਕ ਅਤੇ ਆਮ ਲੋਕਾਂ ਨੇ ਸ਼ਿਰਕਤ ਕੀਤੀ।

ਉਨ੍ਹਾਂ ਦੀ ਦੇਹ ਕੌਮੀ ਝੰਡੇ ਵਿਚ ਲਪੇਟੀ ਹੋਈ ਸੀ ਅਤੇ ਉਨ੍ਹਾਂ ਦੀ ਖ਼ਾਸ ਪਛਾਣ ਐਨਕਾਂ ਵੀ ਲੱਗੀਆਂ ਹੋਈਆਂ ਸਨ। ਅੰਤਮ ਯਾਤਰਾ ਵਿਚ ਸ਼ਾਮਲ ਲੋਕ ਅਪਣੇ ਮਹਿਬੂਬ ਆਗੂ ਦੀ ਯਾਦ ਵਿਚ ਉੱਚੀ-ਉੱਚੀ ਨਾਹਰੇ ਲਾ ਰਹੇ ਸਨ। ਕਰੁਣਾਨਿਧੀ ਦੇ ਪੁੱਤਰ ਐਮ ਕੇ ਸਟਾਲਿਨ, ਧੀ ਕਨੀਮੋਜ਼ੀ ਅਤੇ ਹੋਰ ਪਰਵਾਰਕ ਜੀਅ ਵੀ ਉਦਾਸ ਮੁਦਰਾ ਵਿਚ ਨਾਲ ਤੁਰ ਰਹੇ ਸਨ। ਅੰਤਮ ਯਾਤਰਾ ਰਾਜਾਜਾ ਹਾਲ ਤੋਂ ਰਵਾਨਾ ਹੋਈ ਤੇ ਰਾਹ ਵਿਚ ਸੈਂਕੜੇ ਲੋਕ ਜੁੜਦੇ ਰਹੇ। ਸੈਂਕੜੇ ਲੋਕਾਂ ਨੇ ਸੋਗ ਵਜੋਂ ਕਾਲੀਆਂ ਕਮੀਜ਼ਾਂ ਪਾਈਆਂ ਹੋਈਆਂ ਸਨ ਅਤੇ ਹੱਥਾਂ ਵਿਚ ਕਰੁਣਾਨਿਧੀ ਦੀਆਂ ਤਸਵੀਰਾਂ ਅਤੇ ਬੈਨਰ ਚੁੱਕੇ ਹੋਏ ਸਨ। 

ਦੁਪਹਿਰ ਸਮੇਂ ਮਦਰਾਸ ਹਾਈ ਕੋਰਟ ਨੇ ਡੀਐਮਕੇ ਮੁਖੀ ਐਮ ਕਰੁਣਾਨਿਧੀ ਨੂੰ ਮਰੀਨਾ ਬੀਚ 'ਤੇ ਦਫ਼ਨਾਉਣ ਦੀ ਇਜਾਜ਼ਤ ਦੇ ਦਿਤੀ। ਕਾਰਜਕਾਰੀ ਮੁੱਖ ਜੱਜ ਐਚ ਜੀ ਰਮੇਸ਼ ਅਤੇ ਐਸ ਐਸ ਸੁੰਦਰ ਦੇ ਬੈਂਚ ਨੇ ਡੀਐਮਕੇ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਇਹ ਫ਼ੈਸਲਾ ਦਿਤਾ। ਤਾਮਿਲਨਾਡੂ ਦੀ ਮੁੱਖ ਵਿਰੋਧੀ ਧਿਰ ਨੇ ਪਹਿਲਾਂ ਸਰਕਾਰ ਨੂੰ ਮਰੀਨਾ ਬੀਚ 'ਤੇ ਥਾਂ ਦੇਣ ਲਈ ਬੇਨਤੀ ਕੀਤੀ ਸੀ ਪਰ ਸਰਕਾਰ ਨੇ ਕਾਨੂੰਨੀ ਅੜਚਨਾਂ ਦਾ ਹਵਾਲਾ ਦੇ ਕੇ ਜਗ੍ਹਾ ਦੇਣ ਤੋਂ ਇਨਕਾਰ ਕਰ ਦਿਤਾ ਸੀ। ਡੀਐਮਕੇ ਦੇ ਕਾਰਜਕਾਰੀ ਮੁਖੀ ਸਟਾਲਿਨ ਨੇ ਅਪਣੇ ਪਿਤਾ ਦੀ ਮੌਤ ਤੋਂ ਕੁੱਝ ਘੰਟੇ ਪਹਿਲਾਂ ਇਸ ਸਬੰਧ ਵਿਚ ਮੁੱਖ ਮੰਤਰੀ ਨਾਲ ਮੁਲਾਕਾਤ ਵੀ ਕੀਤੀ ਸੀ।

ਕਰੁਣਾਨਿਧੀ ਨੂੰ ਉਸ ਦੇ ਗੁਰੂ ਸੀ ਐਨ ਅੰਨਾਦੁਰਾਈ ਕੋਲ ਹੀ ਦਫ਼ਨਾਇਆ ਜਾਵੇਗਾ। ਇਸ ਤੋਂ ਪਹਿਲਾਂ ਅਦਾਲਤ ਨੇ ਮਰੀਨਾ ਬੀਚ 'ਤੇ ਸਾਬਕਾ ਮੁੱਖ ਮੰਤਰੀ ਜੈਲਿਤਾ ਨੂੰ ਦਫ਼ਨਾਏ ਜਾਣ ਦੇ ਵਿਰੋਧ ਵਿਚ ਦਾਖ਼ਲ ਸਾਰੀਆਂ ਪੰਜ ਪਟੀਸ਼ਨਾਂ ਵਾਪਸ ਲਈਆਂ ਜਾਣ ਕਰ ਕੇ ਰੱਦ ਕਰ ਦਿਤੀਆਂ। ਡੀਐਮਕੇ ਨੇ ਸਰਕਾਰ ਦੇ ਇਨਕਾਰ ਮਗਰੋਂ ਪਟੀਸ਼ਨ ਦਾਖ਼ਲ ਕੀਤੀ ਸੀ ਜਿਸ 'ਤੇ ਵਿਸ਼ੇਸ਼ ਸੁਣਵਾਈ ਹੋਈ। (ਪੀਟੀਆਈ)