ਮੱਧ ਪ੍ਰਦੇਸ਼ 'ਚ ਕਈ ਬਾਬੇ ਚੋਣ ਲੜਨ ਦੀ ਤਿਆਰੀ 'ਚ

ਏਜੰਸੀ

ਖ਼ਬਰਾਂ, ਰਾਸ਼ਟਰੀ

ਮੱਧ ਪ੍ਰਦੇਸ਼ 'ਚ ਖ਼ੁਦ ਨੂੰ ਧਾਰਮਕ ਆਗੂ ਕਹਾਉਣ ਵਾਲੇ ਕਈ ਬਾਬੇ ਇਸ ਸਾਲ ਚੋਣ ਮੈਦਾਨ 'ਚ ਸਿਆਸੀ ਆਗੂਆਂ ਨਾਲ ਟੱਕਰ ਲੈਂਦੇ ਦਿਸਣਗੇ..............

Swami Namdev Tyagi

ਭੋਪਾਲ : ਮੱਧ ਪ੍ਰਦੇਸ਼ 'ਚ ਖ਼ੁਦ ਨੂੰ ਧਾਰਮਕ ਆਗੂ ਕਹਾਉਣ ਵਾਲੇ ਕਈ ਬਾਬੇ ਇਸ ਸਾਲ ਚੋਣ ਮੈਦਾਨ 'ਚ ਸਿਆਸੀ ਆਗੂਆਂ ਨਾਲ ਟੱਕਰ ਲੈਂਦੇ ਦਿਸਣਗੇ। ਇਸ ਅਪ੍ਰੈਲ 'ਚ ਸੂਬੇ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਪੰਜ ਅਜਿਹੇ ਬਾਬਿਆਂ ਨੂੰ ਰਾਜ ਮੰਤਰੀ ਦਾ ਦਰਜਾ ਦਿਤਾ ਸੀ। ਕਈ ਬਾਬੇ ਕਿਸੇ ਵੀ ਸਿਆਸੀ ਪਾਰਟੀ ਦੀ ਟਿਕਟ ਨਾ ਮਿਲਣ 'ਤੇ ਆਜ਼ਾਦ ਉਮੀਦਵਾਰ ਵਜੋਂ ਵੀ ਚੋਣ ਲੜਨ ਲਈ ਤਿਆਰ ਹਨ। 'ਕੰਪਿਊਟਰ ਬਾਬਾ' ਦੇ ਨਾਂ ਨਾਲ ਪ੍ਰਸਿੱਧ ਸਵਾਮੀ ਨਾਮਦੇਵ ਤਿਆਗੀ ਨੂੰ ਅਪ੍ਰੈਲ 'ਚ ਰਾਜ ਮੰਤਰੀ ਦਾ ਦਰਜਾ ਦਿਤਾ ਗਿਆ ਸੀ, ਵੀ ਚੋਣ ਲੜਨ ਲਈ ਤਿਆਰ ਹਨ।

ਭਾਵੇਂ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਉਨ੍ਹਾਂ ਨੂੰ ਚੋਣ ਲੜਨ ਲਈ ਕਹਿਣਗੇ ਤਾਂ ਹੀ ਉਹ ਚੋਣ ਲੜਨਗੇ। ਪਰ ਉਨ੍ਹਾਂ ਦੇ ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਉਹ ਇੰਦੌਰ ਤੋਂ ਟਿਕਟ ਲੈਣ ਲਈ ਅਪਣਾ ਪੂਰਾ ਜ਼ੋਰ ਲਗਾ ਰਹੇ ਹਨ। ਤਿਆਗੀ ਨੇ ਇਸੇ ਸਾਲ ਅਪ੍ਰੈਲ 'ਚ ਨਰਮਦਾ ਨਦੀ ਦੇ ਕੰਢੇ 'ਤੇ ਰੁੱਖ ਲਾਉਣ 'ਚ ਹੋਏ ਘਪਲੇ ਦਾ ਪਰਦਾਫ਼ਾਸ਼ ਕਰਨ ਅਤੇ ਨਦੀ ਦੇ ਕੰਢੇ 'ਤੇ ਰੇਤ ਦੀ ਗ਼ੈਰਕਾਨੂੰਨੀ ਖੁਦਾਈ 'ਤੇ ਪਾਬੰਦੀ ਲਾਉਣ ਲਈ ਨਰਮਦਾ ਘੁਟਾਲਾ ਰਥ ਯਾਤਰਾ ਕੱਢਣ ਦਾ ਐਲਾਨ ਕੀਤਾ ਸੀ।  (ਏਜੰਸੀਆਂ)

ਹਾਲਾਂਕਿ ਰਾਜ ਮੰਤਰੀ ਦਾ ਦਰਜਾ ਮਿਲਣ ਮਗਰੋਂ ਉਨ੍ਹਾਂ ਇਸ ਰਥ ਯਾਤਰਾ ਨੂੰ ਰੱਦ ਕਰ ਦਿਤਾ ਸੀ ਅਤੇ ਕਿਹਾ ਸੀ ਕਿ ਸੂਬਾ ਸਰਕਾਰ ਨੇ ਨਰਮਦਾ ਨਦੀ ਨੂੰ ਬਚਾਉਣ ਲਈ ਸੰਤਾਂ ਦੀ ਇਕ ਕਮੇਟੀ ਬਣਾਉਣ ਦੀ ਉਨ੍ਹਾਂ ਦੀ ਮੰਗ ਨੂੰ ਪੂਰਾ ਕਰ ਦਿਤਾ ਹੈ। ਇਸ ਤੋਂ ਇਲਾਵਾ ਬਾਬਾ ਅਵਦੇਸ਼ਪੁਰੀ (47) ਜਿਨ੍ਹਾਂ ਕੋਲ 'ਰਾਮ ਚਰਿਤ ਮਾਨਸ' ਦੀ ਡਾਕਟਰੇਟ ਦੀ ਡਿਵਰੀ ਹੈ, ਉਜੈਨ ਤੋਂ ਭਾਜਪਾ ਦੀ ਟਿਕਟ ਦੇ ਚਾਹਵਾਨ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਵਿਸ਼ਵ ਹਿੰਦੂ ਪਰਿਸ਼ਦ ਅਤੇ ਸੰਘ ਪ੍ਰਵਾਰ ਦੇ ਨਜ਼ਦੀਕੀ ਹਨ ਅਤੇ ਪਹਿਲਾਂ ਵੀ ਭਾਜਪਾ ਦੀ ਮਦਦ ਕੀਤੀ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਸ਼ਰਧਾਲੂ ਚਾਹੁੰਦੇ ਹਨ ਕਿ ਉਹ ਚੋਣ ਲੜਨ ਅਤੇ ਉਜੈਨ 'ਚ ਕੁੰਭ ਮੇਲੇ ਵਾਲੀ ਥਾਂ 'ਤੇ ਨਾਜਾਇਜ਼ ਕਬਜ਼ੇ ਹਟਾਉਣ। ਉਨ੍ਹਾਂ ਕਿਹਾ, ''ਇਸ ਲਈ ਜੇ ਭਾਜਪਾ ਮੈਨੂੰ ਟਿਕਟ ਨਹੀਂ ਵੀ ਦਿੰਦੀ ਹੈ ਤਾਂ ਵੀ ਮੈਂ ਆਜ਼ਾਦੀ ਉਮੀਦਵਾਰ ਵਜੋਂ ਚੋਣ ਲੜਨ ਲਈ ਤਿਆਰ ਹਾਂ।'' ਉਨ੍ਹਾਂ ਕਿਹਾ ਕਿ ਮੱਧ ਪ੍ਰਦੇਸ਼ 'ਚ ਭਾਜਪਾ ਇਕ ਸਾਧਵੀ, ਉਮਾ ਭਾਰਤੀ, ਕਰ ਕੇ ਹੀ ਸੱਤਾ 'ਚ ਆਈ ਸੀ। ਸਿਓਨੀ ਜ਼ਿਲ੍ਹੇ ਤੋਂ ਮਹਾਰਾਜਾ ਮਦਨ ਮੋਹਨ ਕਾਦੇਸ਼ਵਰੀ ਵੀ ਭਾਜਪਾ ਦੇ ਉਮੀਦਵਾਰ ਬਣਨਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ, ''ਜੇਕਰ ਭਾਜਪਾ ਮੈਨੂੰ ਟਿਕਟ ਨਹੀਂ ਦਿੰਦੀ ਹੈ ਤਾਂ ਮੈਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਾਂਗਾ।

ਮੈਨੂੰ ਅਪਣੀ ਜਿੱਤ 'ਤੇ 101 ਫ਼ੀ ਸਦੀ ਭਰੋਸਾ ਹੈ। ਮੈਂ ਪਿਛਲੇ 30 ਸਾਲਾਂ ਤੋਂ ਲੋਕਾਂ ਨੂੰ ਕੰਮ ਕਰ ਰਿਹਾ ਹਾਂ।'' ਰਾਏਸੇਨ ਜ਼ਿਲ੍ਹੇ ਤੋਂ ਯੋਗੀ ਰਵੀਨਾਥ ਮਹੀਵਾਲੇ ਨੇ ਵੀ ਵਿਧਾਨ ਸਭਾ ਚੋਣਾਂ ਲਈ ਅਪਣੀ ਚੋਣ ਮੁਹਿੰਮ ਸ਼ੁਰੂ ਕਰ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਉਨ੍ਹਾਂ ਨੂੰ ਟਿਕਟ ਨਹੀਂ ਦਿੰਦੀ ਹੈ ਤਾਂ ਉਹ ਕਾਂਗਰਸ ਦੀ ਟਿਕਟ 'ਤੇ ਵੀ ਚੋਣ ਲੜ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ 'ਨਰਮਦਾ ਬਚਾਉ' ਨਾਹਰੇ 'ਤੇ ਚੋਣ ਲੜਨਗੇ। ਇਸੇ ਤਰ੍ਹਾਂ ਮਹੰਤ ਪ੍ਰਤਾਪ ਗਿਰੀ, 35, ਵੀ ਸਿਲਵਾਨੀ ਸੀਟ ਤੋਂ ਚੋਣ ਲੜਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਭਾਜਪਾ ਉਨ੍ਹਾਂ ਨੂੰ ਟਿਕਟ ਨਹੀਂ ਵੀ ਦਿੰਦੀ ਹੈ ਤਾਂ ਉਹ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ।

ਉਨ੍ਹਾਂ ਕਿਹਾ, ''ਮੈਂ ਕਾਰੋਬਾਰੀ ਉਤਾਪਦਾਂ 'ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਛਾਪਣ ਵਿਰੁਧ ਮੁਹਿੰਮ ਚਲਾ ਰਿਹਾ ਹਾਂ। ਮੈਂ ਲੋਕਾਂ ਦੀ ਸੇਵਾ ਲਈ ਚੋਣ ਲੜਾਂਗਾ। ਲੋਕਾਂ ਦੀ ਸੇਵਾ ਰੱਬ ਦੀ ਸੇਵਾ ਬਰਾਬਰ ਹੈ।'' ਅਪ੍ਰੈਲ 'ਚ ਮੱਧ ਪ੍ਰਦੇਸ਼ 'ਚ ਭਾਜਪਾ ਸਰਕਾਰ ਨੇ ਨਰਮਦਾਨੰਦ ਮਹਾਰਾਜ, ਹਰੀਹਰ ਆਨੰਦ ਮਹਾਰਾਜ, ਕੰਪਿਉਟਰ ਬਾਬਾ, ਭਈਊਜੀ ਮਹਾਰਾਜ ਅਤੇ ਪੰਡਤ ਯੋਗੇਂਦਰ ਮਹੰਤ ਨੂੰ ਰਾਜ ਮੰਤਰੀ ਦਾ ਦਰਜਾ ਦਿਤਾ ਸੀ। ਇਸ 'ਤੇ ਪੈਦਾ ਹੋਏ ਵਿਵਾਦ ਨੂੰ ਰੋਕਣ ਲਈ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਨੇ ਕਿਹਾ ਸੀ ਕਿ ਉਹ ਭਲਾਈ ਅਤੇ ਵਿਕਾਸ ਲਈ ਹਰ ਤਬਕੇ ਤੋਂ ਲੋਕਾਂ ਨੂੰ ਸ਼ਾਮਲ ਕਰਨਾ ਚਾਹੁੰਦੇ ਹਨ।  (ਪੀਟੀਆਈ)