ਹਰਸਿਮਰਤ ਸੰਗਰੂਰ ਤੋਂ ਚੋਣ ਲੜਨ ਦੀ ਤਿਆਰੀ 'ਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੀਆਂ ਲੋਕ ਸਭਾ ਲਈ ਆਮ ਚੋਣਾਂ ਅਗਲੇ ਸਾਲ ਯਾਨੀ 2019 ਵਿਚ ਹੋਣੀਆਂ ਤੈਅ ਹਨ। ਇਨ੍ਹਾਂ ਚੋਣਾਂ ਵਿਚ ਦੇਸ਼ ਦੀਆਂ ਵੱਖੋ ਵਖਰੀਆਂ ਰਾਜਨੀਤਕ ਪਾਰਟੀਆਂ ਦੀ ਹਾਈਕਮਾਂਡ........

Harsimrat Kaur Badal

ਮਾਲੇਰਕੋਟਲਾ : ਦੇਸ਼ ਦੀਆਂ ਲੋਕ ਸਭਾ ਲਈ ਆਮ ਚੋਣਾਂ ਅਗਲੇ ਸਾਲ ਯਾਨੀ 2019 ਵਿਚ ਹੋਣੀਆਂ ਤੈਅ ਹਨ। ਇਨ੍ਹਾਂ ਚੋਣਾਂ ਵਿਚ ਦੇਸ਼ ਦੀਆਂ ਵੱਖੋ ਵਖਰੀਆਂ ਰਾਜਨੀਤਕ ਪਾਰਟੀਆਂ ਦੀ ਹਾਈਕਮਾਂਡ ਆਪੋ ਅਪਣੀਆਂ ਹਾਰਾਂ ਅਤੇ ਜਿੱਤਾਂ ਦੇ ਅਧਿਐਨ ਅਤੇ ਵਿਸਲੇਸ਼ਣ ਤੋਂ ਬਾਅਦ ਆਪੋ ਅਪਣੇ ਉਮੀਦਵਾਰਾਂ ਦੀ ਲੋਕ ਸਭਾ ਵਿਚਲੀ ਕਾਰਗੁਜ਼ਾਰੀ ਨੂੰ ਆਧਾਰ ਮੰਨ ਕੇ ਉਨ੍ਹਾਂ ਦੀ ਹਲਕਾਵਾਰ ਨਾਮਜ਼ਦਗੀ ਸਬੰਧੀ ਸਿਫ਼ਾਰਸ਼ ਕਰਦੀਆਂ ਹਨ ਜਿਸ ਤੋਂ ਬਾਅਦ ਉਮੀਦਵਾਰਾਂ ਦੇ ਐਲਾਨਾਂ ਦੀ ਕਾਰਵਾਈ ਆਰੰਭੀ ਜਾਂਦੀ ਹੈ ਅਤੇ ਸਬੰਧਤ ਉਮੀਦਵਾਰ ਪ੍ਰੈਸ ਦੇ ਮਾਧਿਅਮ ਰਾਹੀਂ ਵੋਟਰਾਂ ਦੇ ਰੂਬਰੂ ਹੋਣਾ ਸ਼ੁਰੂ ਕਰਦਾ ਹੈ। 

ਤਾਜ਼ਾ ਸਰਵੇ ਦੌਰਾਨ ਰਾਜਨੀਤਕ ਪੰਡਤਾਂ ਵਲੋਂ ਕੀਤੇ ਇਕ ਵਿਸ਼ਲੇਸ਼ਣ ਵਿਚ ਇਹ ਸਨਸਨੀਖੇਜ਼ ਪ੍ਰਗਟਾਵਾ ਕੀਤਾ ਗਿਆ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ 2019 ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਲੜੇਗੀ। ਜ਼ਿਕਰਯੋਗ ਹੈ ਕਿ ਹਰਸਿਮਰਤ ਕੌਰ ਬਾਦਲ ਇਸ ਸਮੇਂ ਲੋਕ ਸਭਾ ਵਿਚ ਹਲਕਾ ਬਠਿੰਡਾ ਦੀ ਪ੍ਰਤੀਨਿਧਤਾ ਕਰ ਰਹੀ ਹੈ ਪਰ ਲਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਲੋਕ ਸਭਾ ਹਲਕੇ ਵਿਚ ਤਬਦੀਲੀ ਕਰ ਕੇ ਉਨ੍ਹਾਂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਦੀਆਂ ਆਸਾਂ ਲਗਾਈਂ ਬੈਠੇ ਹਨ

ਅਤੇ ਪਾਰਟੀ ਦੇ ਸਾਰੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਵੱਡੀ ਪੱਧਰ ਤੇ ਰੱਦੋਬਦਲ ਕਰਨ ਦੇ ਮੂਡ ਵਿਚ ਹਨ। ਉਧਰ ਇਹ ਵੀ ਸੁਣਨ ਵਿਚ ਆਇਆ ਹੈ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਐਮ.ਪੀ.ਭਗਵੰਤ ਮਾਨ ਵੀ ਅਪਣਾ ਲੋਕ ਸਭਾ ਹਲਕਾ ਬਦਲਣ ਬਾਰੇ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ। ਰਾਜਨੀਤਕ ਸ਼ਖ਼ਸੀਅਤਾਂ ਵਿਚ ਇਹ ਧਾਰਨਾ ਧੁਰ ਅੰਦਰ ਤਕ ਘਰ ਕਰ ਗਈ ਹੈ ਕਿ ਹਲਕੇ ਬਦਲਣ ਨਾਲ ਜਿੱਤਾਂ ਸੰਭਵ ਹਨ ਜਦ ਕਿ ਆਮ ਵੋਟਰਾਂ ਦਾ ਇਹ ਮੰਨਣਾ ਹੈ ਕਿ ਹਲਕੇ ਬਦਲਣ ਨਾਲ ਜਿੱਤਾਂ ਕਦੇ ਵੀ ਨਸੀਬ ਨਹੀਂ ਹੁੰਦੀਆ

ਬਲਕਿ ਇਹ ਤਾਂ ਸਬੰਧਤ ਉਮੀਦਵਾਰਾਂ ਦੀ ਪੰਜ ਸਾਲਾ ਲੋਕ ਸਭਾ ਕਾਰਜਕਾਲ ਦੀ ਸਮੁੱਚੀ ਕਾਰਗੁਜ਼ਾਰੀ 'ਤੇ ਨਿਰਭਰ ਕਰਦੀਆਂ ਹਨ। ਇਹ ਸਾਰੇ ਜਾਣਦੇ ਹਨ ਕਿ ਬਾਦਲ ਪਰਵਾਰ ਦੇ ਵਫ਼ਾਦਾਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਰਨਲ ਸੁਖਦੇਵ ਸਿੰਘ ਢੀਂਡਸਾ ਨੂੰ ਜ਼ਿਲ੍ਹਾ ਸੰਗਰੂਰ ਦਾ ਹੁਣ ਤਕ ਮੁੱਖ ਮੰਤਰੀ ਮੰਨਿਆ ਜਾਂਦਾ ਰਿਹਾ ਹੈ ਪਰ ਹਰਸਿਮਰਤ ਕੌਰ ਬਾਦਲ ਦੇ ਸੰਗਰੂਰ ਆਉਣ ਨਾਲ ਉਨ੍ਹਾਂ ਦਾ ਰਾਜਨੀਤਕ ਭਵਿੱਖ ਕਿਹੜਾ ਰੁਖ਼ ਅਖ਼ਤਿਆਰ ਕਰੇਗਾ ਇਹ ਸਵਾਲ ਫ਼ਿਲਹਾਲ ਭਵਿੱਖ ਦੇ ਗਰਭ ਵਿਚ ਹੈ।