ਰਾਫ਼ੇਲ ਘਪਲੇ 'ਚ ਪੀਐਮ ਮੋਦੀ ਵੀ ਸ਼ਾਮਲ : ਰਾਹੁਲ ਗਾਂਧੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਦੋਸ਼ ਲਗਾਇਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਨਿਲ..

Rahul Gandhi - Narendera Modi

ਬੰਗਲੁਰੂ : ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਇਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸਿੱਧਾ ਦੋਸ਼ ਲਗਾਇਆ ਹੈ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਨਿਲ ਅੰਬਾਨੀ ਦੀ ਕੰਪਨੀ ਨੇ ਕਦੇ ਹਵਾਈ ਜਹਾਜ਼ ਨਹੀਂ ਬਣਾਇਆ, ਉਸ ਨੂੰ ਨਰਿੰਦਰ ਮੋਦੀ ਨੇ ਜਹਾਜ਼ ਬਣਾਉਣ ਦਾ ਠੇਕਾ ਦਿਵਾਇਆ। ਇਹ ਕੰਪਨੀ 10 ਦਿਨ ਪਹਿਲਾਂ ਹੀ ਬਣੀ ਸੀ। ਇਹ ਹਵਾਈ ਜਹਾਜ਼ ਭਾਰਤ ਵਿਚ ਨਹੀਂ ਬਣਨਗੇ। ਰਾਹੁਲ ਗਾਂਧੀ ਨੇ ਕਿਹਾ ਕਿ ਇਹ ਸਾਰੀਆਂ ਗੱਲਾਂ ਮੈਂ ਪੀਐਮ ਮੋਦੀ ਨੂੰ ਲੋਕ ਸਭਾ ਵਿਚ ਆਖੀਆਂ ਹਨ।

ਉਨ੍ਹਾਂ ਕਿਹਾ ਕਿ ਮੈਂ ਇਹ ਵੀ ਕਿਹਾ ਕਿ ਦੇਸ਼ ਦੀ ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਨੇ ਝੂਠ ਬੋਲਿਆ ਕਿ ਹਵਾਈ ਜਹਾਜ਼ ਦੇ ਰੇਟ ਦੱਸੇ ਨਹੀਂ ਜਾ ਸਕਦੇ ਕਿਉਂਕਿ ਇਹ ਇਕ ਗੁਪਤ ਸਮਝੌਤਾ ਹੋਇਆ ਹੈ।ਰਾਹੁਲ ਨੇ ਕਿਹਾ ਕਿ ਜਦੋਂ ਮੈਂ ਫਰਾਂਸ ਦੇ ਰਾਸ਼ਟਰਪਤੀ ਤੋਂ ਪੁਛਿਆ ਤਾਂ ਉਨ੍ਹਾਂ ਨੇ ਵੀ ਮਨ੍ਹਾਂ ਕਰ ਦਿਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਫ਼ੇਲ ਦੇ ਮੁੱਦੇ 'ਤੇ ਮੇਰੇ ਨਾਲ ਅੱਖਾਂ ਨਹੀਂ ਮਿਲਾ ਪਾਉਂਦੇ ਹਨ। ਉਹ ਕਰਨਾਟਕ ਦੇ ਬੀਦਰ ਵਿਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਫੇਲ ਜਹਾਜ਼ ਸੌਦੇ ਨੂੰ ਲੈ ਕੇ ਪੀਐਮ ਮੋਦੀ 'ਤੇ ਲਗਾਤਾਰ ਨਿਸ਼ਾਨਾ ਸਾਧ ਰਹੇ ਹਨ। 

ਜੈਪੁਰ ਵਿਚ ਵੀ ਉਨ੍ਹਾਂ ਕਿਹਾ ਸੀ ਕਿ ਪ੍ਰਧਾਨ ਮੰਤਰੀ ਨੇ ਰਾਫੇਲ ਸੌਦੇ ਵਿਚ ਭ੍ਰਿਸ਼ਟਾਚਾਰ ਕੀਤਾ ਹੈ, ਚੋਰੀ ਕੀਤੀ ਹੈ। ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਪਹਿਲਾਂ ਵਾਲੇ ਨਿਯਮ ਅਤੇ ਸ਼ਰਤਾਂ ਨੂੰ ਬਦਲਦੇ ਹੋਏ ਅਪਣੇ ਉਦਯੋਗਪਤੀ ਮਿੱਤਰ ਅਨਿਲ ਅੰਬਾਨੀ ਦੀ ਉਸ ਕੰਪਨੀ ਨੂੰ ਮਹਿੰਗੀ ਕੀਮਤ 'ਤੇ ਹਵਾਈ ਜਹਾਜ਼ ਬਣਾਉਣ ਦਾ ਠੇਕਾ ਦਿਤਾ ਜੋ 10 ਦਿਨ ਪਹਿਲਾਂ ਹੀ ਬਣੀ ਸੀ।

ਰਾਹੁਲ ਦੇ ਅਨੁਸਾਰ ਉਨ੍ਹਾਂ ਨੇ ਜਦੋਂ ਸੰਸਦ ਵਿਚ ਇਹ ਸਾਰੇ ਸਵਾਲ ਉਠਾਏ ਤਾਂ ਮੋਦੀ ਇਕ ਵਾਰ ਵੀ ਉਨ੍ਹਾਂ ਨਾਲ ਨਜ਼ਰ ਨਹੀਂ ਮਿਲਾ ਸਕੇ ਕਿਉਂਕਿ ਤੁਹਾਡੇ ਪ੍ਰਧਾਨ ਮੰਤਰੀ ਨੇ ਰਾਫ਼ੇਲ ਸੌਦੇ ਵਿਚ ਭ੍ਰਿਸ਼ਟਾਚਾਰ ਕੀਤਾ ਹੈ, ਚੋਰੀ ਕੀਤੀ ਹੈ ਅਤੇ ਇਹ ਆਉਣ ਵਾਲੇ ਸਮੇਂ ਵਿਚ ਪੂਰੇ ਦੇਸ਼ ਦੇ ਸਾਹਮਣੇ ਸਾਫ਼ ਹੋ ਜਾਵੇਗਾ। ਦਸ ਦਈਏ ਕਿ ਇਸ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਮੋਦੀ ਸਰਕਾਰ 'ਤੇ ਜਮ ਕੇ ਨਿਸ਼ਾਨਾ ਸਾਧਿਆ ਸੀ ਅਤੇ ਬਾਅਦ ਵਿਚ ਉਨ੍ਹਾਂ ਨੇ ਅਪਣਾ ਭਾਸ਼ਣ ਖ਼ਤਮ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਜੱਫ਼ੀ ਪਾਈ ਸੀ।

ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈ ਸੀ।  ਇਸ ਤੋਂ ਪਹਿਲਾਂ ਭਾਜਪਾ ਬੋਫੋਰਸ ਤੋਪ ਘਪਲੇ ਨੂੰ ਲੈ ਕੇ ਕਾਂਗਰਸ 'ਤੇ ਨਿਸ਼ਾਨਾ ਸਾਧਦੀ ਰਹੀ ਜੋ ਰਾਜੀਵ ਗਾਂਧੀ ਦੇ ਸਮੇਂ ਹੋਇਆ ਸੀ ਪਰ ਹੁਣ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਰਾਫ਼ੇਲ ਸੌਦੇ ਨੂੰ ਲੈ ਕੇ ਲਗਾਤਾਰ ਭਾਜਪਾ ਨੂੰ ਨਿਸ਼ਾਨਾ ਬਣਾ ਰਹੇ ਹਨ।  

Related Stories