ਫਰਜ਼ੀ ASI ਬਣ ਕੇ ਮਾਸਕ ਨਾ ਪਾਉਣ ਵਾਲਿਆਂ ਦੇ ਚਲਾਣ ਕੱਟਣ ਵਾਲੀ ਲੜਕੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਰਾਸ਼ਟਰੀ

ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।

Fake Woman police ASI arrested

ਨਵੀਂ ਦਿੱਲੀ: ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਪੁਲਿਸ ਨੇ ਇਕ ਫਰਜ਼ੀ ਮਹਿਲਾ ਏਐਸਆਈ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਤਮੰਨਾ ਨਾਂਅ ਦੀ ਇਕ ਮਹਿਲਾ ਪੁਲਿਸ ਵਰਦੀ ‘ਤੇ ਸਟਾਰ ਲਗਾ ਕੇ ਖੁਦ ਨੂੰ ਏਐਸਆਈ ਦੱਸਦੀ ਸੀ। ਉਹ ਅਪਣੇ ਨਾਲ ਇਕ ਚਲਾਣ ਕਾਪੀ ਰੱਖਦੀ ਸੀ ਅਤੇ ਜਿਵੇਂ ਹੀ ਉਸ ਨੂੰ ਕੋਈ ਵਿਅਕਤੀ ਬਿਨਾਂ ਮਾਸਕ ਨਜ਼ਰ ਆਉਂਦਾ ਤਾਂ ਉਸ ਨੂੰ ਫੜ੍ਹ ਲੈਂਦੀ ਅਤੇ ਤੁਰੰਤ ਚਲਾਣ ਬੁੱਕ ਖੋਲ੍ਹ ਕੇ 500 ਰੁਪਏ ਦਾ ਚਲਾਣ ਕੱਟ ਦਿੰਦੀ।

ਇਹ ਲੜਕੀ ਹਮੇਸ਼ਾਂ ਅਪਣੇ ਮੋਢੇ ‘ਤੇ ਸਟਾਰ ਲਗਾ ਕੇ ਰੱਖਦੀ। ਉਸ ਨੇ ਵਰਦੀ ‘ਤੇ ਨਾਮ ਪਲੇਟ ਵੀ ਲਗਵਾਈ ਹੋਈ ਸੀ। ਉਸ ਦੇ ਗੱਲ ਕਰਨ ਦਾ ਅੰਦਾਜ਼ ਇੰਨਾ ਪ੍ਰਭਾਵਸ਼ਾਲੀ ਹੁੰਦਾ ਕਿ ਕਿਸੇ ਨੂੰ ਉਸ ‘ਤੇ ਸ਼ੱਕ ਨਹੀਂ ਹੋਇਆ।ਪਰ ਇਸ ਫਰਜ਼ੀ ਏਐਸਆਈ ਦਾ ਖੁਲਾਸਾ ਉਸ ਸਮੇਂ ਹੋਇਆ ਜਦੋਂ ਤਮੰਨਾ ਨੇ ਇਕ ਵਿਅਕਤੀ ਨੂੰ ਰੋਕਿਆ ਅਤੇ ਮਾਸਕ ਨਾ ਪਾਉਣ ਲਈ ਚਲਾਣ ਭਰਨ ਲਈ ਕਿਹਾ। ਜਦੋਂ ਉਸ ਵਿਅਕਤੀ ਨੂੰ ਸ਼ੱਕ ਹੋਇਆ ਤਾਂ ਉਸ ਨੇ ਤੁਰੰਤ ਤਿਲਕ ਨਗਰ ਥਾਣੇ ਵਿਚ ਸੰਪਰਕ ਕੀਤਾ।

ਥਾਣੇ ਤੋਂ ਇਕ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਉਹਨਾਂ ਨੇ ਮਹਿਲਾ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਜਦੋਂ ਪੁਲਿਸ ਕਰਮਚਾਰੀਆਂ ਨੇ ਉਹਨਾਂ ਨੂੰ ਪੁੱਛਿਆ ਕਿ ਉਹ ਕਿੱਥੇ ਤੈਨਾਤ ਹੈ ਤਾਂ ਉਸ ਨੇ ਕਿਹਾ ਕਿ ਉਸ ਦੀ ਤੈਨਾਤੀ ਤਿਲਕ ਨਗਰ ਥਾਣੇ ਵਿਚ ਹੈ। ਇਸ ਤੋਂ ਬਾਅਦ ਜਦੋਂ ਪੁਲਿਸ ਕਰਮਚਾਰੀਆਂ ਨੇ ਦੱਸਿਆ ਕਿ ਉਹ ਵੀ ਤਿਲਕ ਨਗਰ ਥਾਣੇ ਵਿਚ ਤੈਨਾਤ ਹਨ ਤਾਂ ਉਹ ਘਬਰਾ ਗਈ ਅਤੇ ਇਸ ਤੋਂ ਬਾਅਦ ਉਸ ਦੇ ਝੂਠ ਦਾ ਖੁਲਾਸਾ ਹੋਇਆ।

ਪੱਛਮੀ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੀਪਕ ਪੁਰੋਹਿਤ ਨੇ ਦੱਸਿਆ ਕਿ ਮਹਿਲਾ ਦਾ ਕਹਿਣਾ ਹੈ ਕਿ ਪੈਸਿਆਂ ਦੀ ਤੰਗੀ ਕਾਰਨ ਉਹ ਅਜਿਹਾ ਕਰਦੀ ਸੀ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਮਹਿਲਾ ਨੇ ਇਹ ਵਰਦੀ ਅਤੇ ਜਾਅਲੀ ਚਲਾਣ ਕਾਪੀ ਕਿੱਥੋਂ ਬਣਵਾਈ ਹੈ।