ਮੋਦੀ ਨੇ ਤੋੜਿਆ ਵਾਜਪਾਈ ਦਾ ਰਿਕਾਰਡ, ਗ਼ੈਰ ਕਾਂਗਰਸੀ PM ਵਜੋਂ ਸਭ ਤੋਂ ਲੰਮਾ ਸਮਾਂ ਰਿਹਾ ਕਾਰਜ-ਕਾਲ!

ਏਜੰਸੀ

ਖ਼ਬਰਾਂ, ਰਾਸ਼ਟਰੀ

ਲਾਲ ਕਿਲੇ ਤੋਂ ਵੀ ਗ਼ੈਰ ਕਾਂਗਰਸੀ ਪੀਐਮ ਵਜੋਂ ਸਭ ਤੋਂ ਜ਼ਿਆਦਾ ਵਾਰ ਝੰਡਾ ਲਹਿਰਾਉਣ ਦਾ ਬਣਾਇਆ ਰਿਕਾਰਡ

PM Narindera Modi

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਵੈਸੇ ਤਾਂ ਕਈ ਰਿਕਾਰਡ ਦਰਜ ਹਨ, ਪਰ ਦੇਸ਼ ਦੇ 73ਵੇਂ ਆਜ਼ਾਦੀ ਦਿਹਾੜੇ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਨਾਮ ਇਕ ਹੋਰ ਰਿਕਾਰਡ ਦਰਜ ਹੋਣ ਜਾ ਰਿਹਾ ਹੈ। 14 ਅਗੱਸਤ 2020 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਇਤਿਹਾਸ 'ਚ ਅਜਿਹੇ ਪਹਿਲੇ ਪ੍ਰਧਾਨ ਮੰਤਰੀ ਬਣ ਜਾਣਗੇ, ਜੋ ਗ਼ੈਰ ਕਾਂਗਰਸੀ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਲੰਮਾਂ ਸਮਾਂ ਦੇਸ਼ ਦੀ ਵਾਂਗਡੋਰ ਸੰਭਾਲਣਗੇ। ਇਸ ਤੋਂ ਪਹਿਲਾਂ ਸਭ ਤੋਂ ਜ਼ਿਆਦਾ ਸਮਾਂ ਸੇਵਾ ਕਰਨ ਦਾ ਰਿਕਾਰਡ ਕਾਂਗਰਸੀ ਪ੍ਰਧਾਨ ਮੰਤਰੀਆਂ ਦਾ ਰਿਹਾ ਹੈ।

ਦੱਸ ਦਈਏ ਕਿ ਮੋਦੀ ਨੇ ਗ਼ੈਰ-ਕਾਂਗਰਸੀ ਪ੍ਰਧਾਨ ਮੰਤਰੀ ਵਜੋਂ ਸਭ ਤੋਂ ਜ਼ਿਆਦਾ ਸਮਾਂ ਦੇਸ਼ ਦੀ ਵਾਂਗਡੋਰ ਸੰਭਾਲਣ ਦਾ ਰਿਕਾਰਡ ਵੀ ਅਪਣੇ ਨਾਮ ਕਰ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਇਸ ਲਿਸਟ 'ਚ ਸਾਬਕਾ ਪ੍ਰਧਾਨ ਮੰਤਰੀ ਸਵ: ਅਟਲ ਬਿਹਾਰੀ ਵਾਜਪਾਈ ਨਾਮ ਆਉਂਦਾ ਹੈ। ਉਨ੍ਹਾਂ ਨੇ ਵੱਖ-ਵੱਖ ਸਮੇਂ ਦੌਰਾਨ ਕੁੱਲ 2268 ਦਿਨਾਂ ਤਕ ਦੇਸ਼ ਦੀ ਸੇਵਾ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦਾ ਇਹ ਰਿਕਾਰਡ ਵੀ ਤੋੜ ਦਿਤਾ ਹੈ।

ਇਸ ਤੋਂ ਪਹਿਲਾਂ ਦੇਸ਼ ਦੇ ਇਤਿਹਾਸ 'ਚ ਲੰਮਾ ਸਮਾਂ ਪ੍ਰਧਾਨ ਮੰਤਰੀ ਸੇਵਾ ਨਿਭਾਉਣ ਦਾ ਰਿਕਾਰਡ ਦੇਸ਼  ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਮਨਮੋਹਨ ਸਿੰਘ ਦੇ ਨਾਮ 'ਤੇ ਦਰਜ ਹੈ। ਹੁਣ ਪ੍ਰਧਾਨ ਮੰਤਰੀ ਮੋਦੀ ਚੌਥੇ ਸਭ ਤੋਂ ਜ਼ਿਆਦਾ ਦਿਨ ਤਕ ਦੇਸ਼ ਦੀ ਵਾਗਡੋਰ ਸੰਭਾਲਣ ਵਾਲੇ ਪ੍ਰਧਾਨ ਮੰਤਰੀ ਬਣ ਗਏ ਹਨ।

ਦੱਸ ਦਈਏ ਕਿ ਪ੍ਰਧਾਨ ਮੰਤਰੀ ਮੋਦੀ ਦੇ ਇਸ ਸਾਲ 15 ਅਗੱਸਤ ਨੂੰ ਲਾਲ ਕਿਲੇ ਤੋਂ ਤਰੰਗਾ ਲਹਿਰਾਉਣ ਸਮੇਂ ਵੀ ਇਕ ਨਵਾਂ ਰਿਕਾਰਡ ਬਣਨ ਜਾ ਰਿਹਾ ਹੈ। 15 ਅਗੱਸਤ ਨੂੰ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਮੋਦੀ ਸੱਤਵੀਂ ਵਾਰ ਤਿਰੰਗਾ ਲਹਿਰਾਉਣਗੇ। ਇਸ ਦੇ ਨਾਲ ਹੀ ਉਹ ਇਹ ਰਸਮ ਨਿਭਾਉਣ ਵਾਲੇ ਪ੍ਰਧਾਨ ਮੰਤਰੀਆਂ ਦੀ ਸੂਚੀ ਵਿਚ ਚੌਥੇ ਨੰਬਰ 'ਤੇ ਆ ਜਾਣਗੇ।

ਜ਼ਿਕਰਯੋਗ ਹੈ ਕਿ ਲਾਲ ਕਿਲੇ ਤੋਂ ਸਭ ਤੋਂ ਪਹਿਲਾਂ ਤਿਰੰਗਾ ਲਹਿਰਾਉਣ ਦੀ ਰਸਮ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਨੇ ਨਿਭਾਈ ਸੀ। ਉਸ ਤੋਂ ਬਾਅਦ ਦੂਜੇ ਨੰਬਰ 'ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਤੀਸਰੇ ਨੰਬਰ 'ਤੇ ਡਾ. ਮਨਮੋਹਨ ਸਿੰਘ ਦਾ ਨਾਮ ਆਉਂਦਾ ਹੈ।

ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਨਹਿਰੂ ਨੇ 17 ਵਾਰ ਲਗਾਤਾਰ ਲਾਲ ਕਿਲੇ ਤੋਂ ਤਰੰਗਾ ਲਹਰਾਇਆ ਸੀ,  ਜਦੋਂ ਕਿ ਇੰਦਰਾ ਗਾਂਧੀ ਨੇ ਇਹ ਰਸਮ 11 ਵਾਰ ਨਿਭਾਈ ਸੀ ਜਦੋਂ ਕਿ ਮਨਮੋਹਨ ਸਿੰਘ ਨੇ ਲਗਾਤਾਰ 10 ਵਾਰ ਲਾਲ ਕਿਲੇ ਤੋਂ ਤਰੰਗਾ ਲਹਿਰਾਇਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।