‘ਇਹ ਗਾਂਧੀ-ਨਹਿਰੂ ਦਾ ਨਹੀਂ, ਨਰਿੰਦਰ ਮੋਦੀ ਦਾ ਹਿੰਦੁਸਤਾਨ ਹੈ’

ਏਜੰਸੀ

ਖ਼ਬਰਾਂ, ਰਾਸ਼ਟਰੀ

ਹਰਿਆਣਾ ਵਿਚ ਭਾਜਪਾ ਦੇ ਇਕ ਵਿਧਾਇਕ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਲੈ ਕੇ ਇਕ ਵਿਵਾਦਤ ਬਿਆਨ ਦਿੱਤਾ ਹੈ।

BJP's Kaithal MLA Leela Ram Gurjar

ਨਵੀਂ ਦਿੱਲੀ: ਹਰਿਆਣਾ ਵਿਚ ਭਾਜਪਾ ਦੇ ਇਕ ਵਿਧਾਇਕ ਨੇ ਨਾਗਰਿਕਤਾ ਸੋਧ ਕਾਨੂੰਨ ਅਤੇ ਐਨਆਰਸੀ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਲੈ ਕੇ ਇਕ ਵਿਵਾਦਤ ਬਿਆਨ ਦਿੱਤਾ ਹੈ। ਦਰਅਸਲ ਕੈਥਲ ਦੇ ਵਿਧਾਇਕ ਲੀਲਾ ਰਾਮ ਗੁਰਜਰ ਨਾਗਰਿਕਤਾ ਕਾਨੂੰਨ ਦੇ ਸਮਰਥਨ ਵਿਚ ਅਪਣੇ ਵਿਧਾਨ ਸਭਾ ਖੇਤਰ ਵਿਚ ਅਯੋਜਤ ਇਕ ਸਮਾਰੋਹ ਵਿਚ ਬੋਲ ਰਹੇ ਸੀ।

ਉਹਨਾਂ ਨੇ ਕਿਹਾ, ‘ਅੱਜ ਇਹ ਜਵਾਹਰ ਲਾਲ ਨਹਿਰੂ ਦਾ ਹਿੰਦੁਸਤਾਨ ਨਹੀਂ ਹੈ। ਅੱਜ ਇਹ ਗਾਂਧੀ ਵਾਲਾ ਹਿੰਦੁਸਤਾਨ ਨਹੀਂ ਹੈ। ਅੱਜ ਇਹ ਹਿੰਦੁਸਤਾਨ ਹੈ ਨਰਿੰਦਰ ਮੋਦੀ ਜੀ ਦਾ। ਹੁਣ ਇਹ ਹਿੰਦੁਸਤਾਨ ਨਰਿੰਦਰ ਮੋਦੀ ਜੀ ਦਾ ਹੈ। ਜੇਕਰ ਇਸ਼ਾਰਾ ਹੋ ਗਿਆ ਨਾ ਤਾਂ ਇਕ ਘੰਟੇ ਵਿਚ ਸਫਾਇਆ ਕਰ ਦੇਵਾਂਗੇ’। ਜਾਣਕਾਰੀ ਮੁਤਾਬਕ ਭਾਜਪਾ ਵਿਧਾਇਕ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ।

ਇਸ ਵਿਚ ਉਹਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਪਹਿਲ ਕੀਤੀ ਹੈ। ਉਹਨਾਂ ਨੇ ਕਿਹਾ ਜੇਕਰ ਮੁਸਲਮਾਨ ਸੋਚਦੇ ਹਨ ਕਿ ਉਹਨਾਂ ਨੂੰ ਦੇਸ਼ ਤੋਂ ਕੱਢਣ ਲਈ ਇਹ ਸਾਜ਼ਿਸ਼ ਹੈ ਤਾਂ ਅਜਿਹਾ ਉਸ ਕਾਨੂੰਨ ਵਿਚ ਕੁਝ ਵੀ ਨਹੀਂ ਹੈ। ਪਰ ਜਿਨ੍ਹਾਂ ਨੇ ਗੈਰ-ਕਾਨੂੰਨੀ ਤਰੀਕੇ ਨਾਲ ਦੇਸ਼ ਵਿਚ ਪ੍ਰਵੇਸ਼ ਕੀਤਾ ਹੈ ਉਹਨਾਂ ਨੂੰ ਨਿਸ਼ਚਿਤ ਤੌਰ ‘ਤੇ ਜਾਣਾ ਹੋਵੇਗਾ।

ਜ਼ਿਕਰਯੋਗ ਹੈ ਕਿ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਦੇਸ਼ ਦੇ ਵੱਖ ਵੱਖ ਸ਼ਹਿਰਾਂ ਵਿਚ ਪ੍ਰਦਰਸ਼ਨ ਹੋ ਰਹੇ ਹਨ। ਇਸ ਨੂੰ ਲੈ ਕੇ ਕਈ ਸਿਆਸੀ ਆਗੂਆਂ ਦੇ ਤਰ੍ਹਾਂ-ਤਰ੍ਹਾਂ ਦੇ ਵਿਵਾਦਤ ਬਿਆਨ ਆ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਕਾਨੂੰਨ ਦੇ ਜ਼ਰੀਏ ਦੇਸ਼ ਦੀ ਸੱਤਾਧਾਰੀ ਭਾਜਪਾ ਸਰਕਾਰ ਮੁਸਲਮਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ।