ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ‘ਸਭ ਤੋਂ ਖ਼ਤਰਨਾਕ’ ਗੱਲ ਦੱਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਆਰਥਿਕ ਮੰਦੀ ਨੂੰ ਲੈ ਕੇ ਕੇਂਦਰ ’ਤੇ ਸਾਧਿਆ ਤਿੱਖਾ ਨਿਸ਼ਾਨਾ

ਡਾ. ਮਨਮੋਹਨ ਸਿੰਘ ਨੇ ਮੋਦੀ ਸਰਕਾਰ ਦੀ ‘ਸਭ ਤੋਂ ਖ਼ਤਰਨਾਕ’ ਗੱਲ ਦੱਸੀ

ਨਵੀਂ ਦਿੱਲੀ- ‘‘ਦੇਸ਼ ਇਸ ਸਮੇਂ ਗੰਭੀਰ ਆਰਥਿਕ ਮੰਦੀ ਦਾ ਸਾਹਮਣਾ ਕਰ ਰਿਹਾ ਹੈ। ਇਹ ਗੱਲ ਸਿਰਫ਼ ਕਾਂਗਰਸ ਵੱਲੋਂ ਹੀ ਨਹੀਂ ਆਖੀ ਜਾ ਰਹੀ, ਬਲਕਿ ਤੁਸੀਂ ਉਦਯੋਗ ਜਗਤ ਜਾਂ ਕਿਸੇ ਵੀ ਖੇਤਰ ਦੇ ਲੋਕਾਂ ਲਾਲ ਗੱਲ ਕਰ ਲਓ ਤਾਂ ਪਤਾ ਚੱਲੇਗਾ ਕਿ ਅਰਥਵਿਵਸਥਾ ਦੀ ਸਥਿਤੀ ਠੀਕ ਨਹੀਂ ਹੈ। ਇਸ ਹਾਲਾਤ ਵਿਚ ਸਭ ਤੋਂ ਖ਼ਤਰਨਾਕ ਚੀਜ਼ ਇਹ ਹੈ ਕਿ ਸਰਕਾਰ ਨੂੰ ਇਹ ਅਹਿਸਾਸ ਨਹੀਂ ਹੈ ਕਿ ਆਰਥਿਕ ਮੰਦੀ ਹੈ। ਅਸੀਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਦੇਸ਼ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ।

ਪਹਿਲਾਂ ਹੀ ਕਾਫ਼ੀ ਸਾਰਾ ਸਮਾਂ ਨਿਕਲ ਚੁੱਕਾ ਹੈ, ਹਰ ਖੇਤਰ ਨੂੰ ਰਾਹਤ ਦੇਣ ਦੇ ਲਈ ਵੱਖ-ਵੱਖ ਯਤਨ ਕਰਨ ਦੇ ਨਜ਼ਰੀਏ ਵਿਚ ਰਾਜਨੀਤਕ ਤਾਕਤ ਦੀ ਬੇਵਜ੍ਹਾ ਵਰਤੋਂ ਕਰਨ ਜਾਂ ਨੋਟਬੰਦੀ ਵਰਗੀ ਇਤਿਹਾਸਕ ਗ਼ਲਤੀ ਕਰਨ ਦੀ ਬਜਾਏ ਸਰਕਾਰ ਦੇ ਲਈ ਅਗਲੀ ਪੀੜ੍ਹੀ ਦਾ ਸਟਰਕਚਲ ਰਿਫਾਰਮ ਕਰਨ ਦਾ ਸਹੀ ਸਮਾਂ ਆ ਗਿਆ ਹੈ।’’ ‘‘ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਅਖ਼ਬਾਰਾਂ ਦੀਆਂ ਸੁਰਖ਼ੀਆਂ ਬਟੋਰਨ ਦੀ ਰਾਜਨੀਤੀ ਤੋਂ ਬਾਹਰ ਨਿਕਲਣ ਅਤੇ ਦੇਸ਼ ਦੇ ਸਾਹਮਣੇ ਆਰਥਿਕ ਚੁਣੌਤੀਆਂ ਨਾਲ ਨਿਪਟਣ ਦੀ ਜ਼ਰੂਰਤ ਹੈ।

ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਇਹ ਇਕ ਅਜਿਹੀ ਸਰਕਾਰ ਹੈ, ਜਿਸ ਨੂੰ ਭਾਰੀ ਜਨਾਦੇਸ਼ ਮਿਲਿਆ ਹੈ ਅਤੇ ਉਹ ਵੀ ਇਕ ਵਾਰ ਨਹੀਂ ਬਲਕਿ ਲਗਾਤਾਰ ਦੋ-ਦੋ ਵਾਰ। ਜਦੋਂ ਮੈਂ ਵਿੱਤ ਮੰਤਰੀ ਬਣਿਆ ਸੀ ਜਾਂ ਪ੍ਰਧਾਨ ਮੰਤਰੀ ਬਣਿਆ ਸੀ, ਉਦੋਂ ਇੰਨਾ ਵੱਡਾ ਜਨਾਦੇਸ਼ ਨਹੀਂ ਮਿਲਿਆ ਸੀ। ਇਸ ਦੇ ਬਾਵਜੂਦ ਅਸੀਂ ਕਾਫ਼ੀ ਉਪਲਬਧੀਆਂ ਹਾਸਲ ਕੀਤੀਆਂ ਅਤੇ ਦੇਸ਼ ਨੂੰ 1991 ਦੇ ਸੰਕਟ ਅਤੇ 2008 ਦੇ ਸੰਸਾਰਕ ਵਿੱਤੀ ਸੰਕਟ ਤੋਂ ਸਫ਼ਲਤਾਪੂਰਵਕ ਬਾਹਰ ਕੱਢਿਆ।’ ‘‘ਜੀਡੀਪੀ ਵਿਕਾਸ ਦਰ ਡਿੱਗ ਕੇ ਪੰਜ ਫ਼ੀਸਦੀ ਰਹਿ ਗਈ ਐ। ਲਗਾਤਾਰ ਪੰਜ ਤਿਮਾਹੀ ਤੋਂ ਵਿਕਾਸ ਦਰ ਡਿੱਗ ਰਹੀ ਹੈ।

2008 ਦਾ ਦੌਰ ਯਾਦ ਆ ਰਿਹਾ ਹੈ, ਜਦੋਂ ਸੰਸਾਰਕ ਮੰਦੀ ਦੇ ਕਾਰਨ ਅਸੀਂ ਚੁਣੌਤੀਪੂਰਨ ਸਥਿਤੀ ਦਾ ਸਾਹਮਣਾ ਕੀਤਾ ਪਰ ਅਸੀਂ ਉਸ ਚੁਣੌਤੀ ਦੀ ਵਰਤੋਂ ਮੌਕੇ ਦੇ ਤੌਰ ’ਤੇ ਕੀਤੀ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ।’’ ‘‘ਮੌਜੂਦਾ ਹਾਲਾਤ ਇਹ ਹਨ ਕਿ ਰੀਅਲ ਸਟੇਟ ਦੀ ਗੱਲ ਹੋਵੇ ਜਾਂ ਫਿਰ ਖੇਤੀ ਖੇਤਰ ਦੀ, ਹਰੇਕ ਖੇਤਰ ਵਿਚ ਦਿਸ ਰਹੀ ਗਿਰਾਵਟ ਦੇ ਕਾਰਨ ਅਰਥਵਿਵਸਥਾ ਲਗਾਤਾਰ ਹੇਠਾਂ ਵੱਲ ਜਾ ਰਹੀ ਐ। ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਇਸ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜ ਹਜ਼ਾਰ ਅਰਬ ਡਾਲਰ ਦੀ ਅਰਥ ਵਿਵਸਥਾ ਟੀਚਾ ਪੂਰਾ ਹੋਵੇਗਾ।

ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸਨ। ਉਨ੍ਹਾਂ ’ਤੇ ਕੰਮ ਨਹੀਂ ਹੋ ਰਿਹਾ ਅਤੇ ਇਸ ਦਾ ਕੋਈ ਸੰਕੇਤ ਨਹੀਂ ਐ ਕਿ ਸਰਕਾਰ ਦੇ ਕੋਲ ਕੋਈ ਅਸਲ ਕਾਰਜ ਯੋਜਨਾ ਹੈ।’’ ‘‘ਮੈਨੂੰ ਲਗਦੈ ਕਿ ਹੁਣ ਅਸੀਂ ਇਕ ਦੂਜੀ ਤਰ੍ਹਾਂ ਦੇ ਸੰਕਟ ਵਿਚ ਘਿਰ ਰਹੇ ਹਾਂ। ਇਕ ਲੰਬੇ ਸਮੇਂ ਤਕ ਚੱਲਣ ਵਾਲੀ ਆਰਥਿਕ ਸੁਸਤੀ ਜੋ ਸਟ੍ਰਕਚਲ ਅਤੇ ਸਾਈਕਲੀਕਲ ਦੋਵੇਂ ਹਨ। ਇਸ ਸੰਕਟ ਨੂੰ ਦੂਰ ਕਰਨ ਦੀ ਦਿਸ਼ਾ ਵਿਚ ਪਹਿਲਾ ਸਾਨੂੰ ਇਹ ਸਵੀਕਾਰ ਕਰਨਾ ਹੋਵੇਗਾ ਕਿ ਅਸੀਂ ਸੰਕਟ ਵਿਚ ਘਿਰ ਗਏ ਹਾਂ। ਸਰਕਾਰ ਨੂੰ ਮੁੱਦਿਆਂ ਨੂੰ ਪਾਰਦਰਸ਼ੀ ਤਰੀਕੇ ਨਾਲ ਨਿਪਟਾਉਣ, ਮਾਹਰਾਂ ਅਤੇ ਸਾਰੇ ਹਿੱਤਧਾਰਕਾਂ ਦੀ ਗੱਲ ਨੂੰ ਖੁੱਲ੍ਹੇ ਦਿਮਾਗ਼ ਨਾਲ ਸੁਣਨ ਅਤੇ ਸੰਕਟ ਨਾਲ ਨਿਪਟਣ ਲਈ ਠੋਸ ਇਰਾਦਾ ਜਤਾਉਣ ਦੀ ਜ਼ਰੂਰਤ ਹੈ।

ਸਰਕਾਰ ਨੂੰ ਲੋਕਾਂ ’ਤੇ ਭਰੋਸਾ ਜਤਾਉਣਾ ਚਾਹੀਦੈ ਅਤੇ ਪੂਰੀ ਦੁਨੀਆ ਨੂੰ ਇਕ ਸੰਦੇਸ਼ ਦੇਣਾ ਚਾਹੀਦਾ ਹੈ, ਪਰ ਅਫ਼ਸੋਸ ਕਿ ਮੈਨੂੰ ਅਜੇ ਤਕ ਮੋਦੀ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਯਤਨ ਹੁੰਦਾ ਦਿਖਾਈ ਨਹੀਂ ਦੇ ਰਿਹਾ।’’ ਦੇਸ਼ ਦੇ ਆਟੋਮੋਬਾਈਲ ਸੈਕਟਰ ਵਿਚ ਆਈ ਮੰਦੀ ਕਾਰਨ ਦੇਸ਼ ਭਰ ਵਿਚ ਹਾਹਾਕਾਰ ਮਚੀ ਹੋਈ ਹੈ। ਹਜ਼ਾਰਾਂ ਲੋਕਾਂ ਦੀਆਂ ਨੌਕਰੀਆਂ ਜਾ ਚੁੱਕੀਆਂ ਹਨ ਅਤੇ ਲੱਖਾਂ ਲੋਕਾਂ ਦੀਆਂ ਨੌਕਰੀਆਂ ਖੁੱਸਣ ਦੀ ਤਲਵਾਰ ਲਟਕ ਰਹੀ ਹੈ। ਇਸ ਸਭ ਨੂੰ ਦੇਖਦੇ ਹੋਏ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਇਕ ਵਾਰ ਫਿਰ ਦੇਸ਼ ਦੀ ਅਰਥਵਿਵਸਥਾ ਵਿਚ ਸੁਸਤੀ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ।

ਉਨ੍ਹਾਂ ਇਸ ਗੱਲ ਨੂੰ ਸਭ ਤੋਂ ਖ਼ਤਰਨਾਕ ਦੱਸਿਆ ਕਿ ਮੋਦੀ ਸਰਕਾਰ ਨੂੰ ਮੰਦੀ ਦਾ ਅਹਿਸਾਸ ਹੀ ਨਹੀਂ ਹੈ। ਡਾ. ਮਨਮੋਹਨ ਸਿੰਘ ਦਾ ਇਹ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕੁੱਝ ਦਿਨ ਪਹਿਲਾਂ ਹੀ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਟੋਮੋਬਾਈਲ ਸੈਕਟਰ ਵਿਚ ਆਈ ਮੰਦੀ ਲਈ ਲੋਕਾਂ ਸਮੇਤ ਓਲਾ ਅਤੇ ਉਬਰ ਨੂੰ ਜ਼ਿੰਮੇਵਾਰ ਦੱਸਿਆ ਸੀ।

ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਲੋਕਾਂ ਨੇ ਨਵੀਆਂ ਕਾਰਾਂ ਖ਼ਰੀਦਣੀਆਂ ਬੰਦ ਕਰ ਦਿੱਤੀਆਂ ਹਨ ਕਿਉਂਕਿ ਉਹ ਨਵੀਂ ਕਾਰ ਦੀ ਈਐਮਆਈ ਭਰਨ ਦੀ ਬਜਾਏ ਓਲਾ ਅਤੇ ਉਬੇਰ ਵਿਚ ਜਾਣਾ ਪਸੰਦ ਕਰਦੇ ਹਨ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਰਥਵਿਵਸਥਾ ਵਿਚ ਆਈ ਮੰਦੀ ਨੂੰ ਲੈ ਕੇ ਮੋਦੀ ਸਰਕਾਰ ’ਤੇ ਤਿੱਖਾ ਨਿਸ਼ਾਨਾ ਸਾਧ ਚੁੱਕੇ ਹਨ ਜਿਸ ਵਿਚ ਉਨ੍ਹਾਂ ਨੇ ਮੰਦੀ ਲਈ ਮੋਦੀ ਸਰਕਾਰ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।