ਲੋੜਵੰਦ ਮਰੀਜ਼ਾਂ ਲਈ ਮਸੀਹਾ ਬਣੇ ਮਨੋਜ, ਹੁਣ ਤੱਕ 350 ਤੋਂ ਜ਼ਿਆਦਾ ਮਰੀਜ਼ਾਂ ਦਾ ਕਰ ਚੁੱਕੇ ਮੁਫ਼ਤ ਇਲਾਜ !

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਡਾਕਟਰ ਮਨੋਜ ਲਈ ਉਹਨਾਂ ਦਾ ਕੰਮ ਸਿਰਫ਼ ਲੋਕਾਂ ਨੂੰ ਠੀਕ ਕਰਨਾ ਨਹੀਂ ਬਲਕਿ ਉਹਨਾਂ ਨੂੰ ਇਕ ਨਵਾਂ ਜੀਵਨ ਦੇਣਾ ਵੀ ਹੈ।

Dr Manoj Durairaj

ਪੁਣੇ: ਡਾਕਟਰ ਮਨੋਜ ਲਈ ਉਹਨਾਂ ਦਾ ਕੰਮ ਸਿਰਫ਼ ਲੋਕਾਂ ਨੂੰ ਠੀਕ ਕਰਨਾ ਨਹੀਂ ਬਲਕਿ ਉਹਨਾਂ ਨੂੰ ਇਕ ਨਵਾਂ ਜੀਵਨ ਦੇਣਾ ਵੀ ਹੈ। ਮਹਾਰਾਸ਼ਟਰ ਦੇ ਪੁਣੇ ਵਿਚ ਸਥਿਤ ਹਸਪਤਾਲ, ਰੂਬੀ  ਹਾਲ ਕਲੀਨਿਕ ਦੇ ਇਕ ਕਾਰਡੀਅਕ ਸਰਜਨ ਹੋਣ ਦੇ ਨਾਲ ਨਾਲ ਡਾਕਟਰ ਮਨੋਜ ਮੈਰੀਅਨ ਕਾਰਡੀਅਰ ਸੈਂਟਰ ਅਤੇ ਰਿਸਰਚ ਫਾਊਂਡੇਸ਼ਨ ਦੇ ਹੈੱਡ ਵੀ ਹਨ। ਇੱਥੇ ਉਹ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਮੁਫ਼ਤ ਵਿਚ ਇਲਾਜ ਕਰਦੇ ਹਨ। ਡਾਕਟਰ ਮਨੋਜ ਦਾ ਕਹਿਣਾ ਹੈ ਕਿ, ‘ਮੈਂ ਸੱਚ ਮੰਨਦਾ ਹਾਂ ਕਿ ਮੈ ਅਤੇ ਮੇਰੀ ਫਾਊਂਡੇਸ਼ਨ ਜੋ ਵੀ ਕੰਮ ਕਰ ਰਹੇ ਹਨ, ਉਸ ਸਭ ਲਈ ਕੁਦਰਤੀ ਸ਼ਕਤੀਆਂ ਜ਼ਿੰਮੇਦਾਰ ਹਨ। ਮੈਨੂੰ ਕਦੀ ਵੀ ਕਿਸੇ ਵੀ ਮਰੀਜ਼ ਨੂੰ ਉਸ ਦੇ ਇਲਾਜ ਲਈ ਪੈਸਿਆਂ ਜਾ ਸਾਧਨਾਂ ਦੀ ਕਮੀ ਦੇ ਚਲਦਿਆਂ ਮਨ੍ਹਾਂ ਨਹੀਂ ਪੈਦਾ’।

ਪਿਤਾ ਤੋਂ ਮਿਲੀ ਸਿੱਖਿਆ
ਡਾਕਟਰ ਮਨੋਜ ਦੇ ਪਿਤਾ ਡਾਕਟਰ ਮੈਨੂਅਲ ਦੁਰੈਰਾਜ 21 ਸਾਲਾਂ ਤੱਕ ਭਾਰਤੀ ਫੌਜ ਵਿਚ ਦਿਲ ਦੀਆਂ ਬਿਮਾਰੀ ਦੇ ਮਾਹਿਰ ਸਨ ਅਤੇ ਉਹਨਾਂ ਨੇ ਭਾਰਤ ਦੇ ਤਿੰਨ ਰਾਸ਼ਟਰਪਤੀਆਂ ਐਨ ਸੰਜੀਵ ਰੈਡੀ, ਆਰ ਵੇਂਕਟਰਮਨ ਅਤੇ ਗਿਆਨੀ ਜੈਲ ਸਿੰਘ ਨੂੰ ਸਪੈਸ਼ਲ ਸਰਜਨ ਦੇ ਤੌਰ ‘ਤੇ ਅਪਣੀ ਸੇਵਾ ਦਿੱਤੀ। ਉਹਨਾਂ ਨੇ ਹੀ ਰੂਬੀ ਹਾਲ ਕਲੀਨਿਕ ਵਿਚ ਕਾਰਡੀਅਲੋਜੀ ਵਿਭਾਗ ਦੀ ਸਥਾਪਨਾ ਕੀਤੀ ਸੀ। ਸਮਾਜ ਵਿਚ ਉਹਨਾਂ ਦਾ ਸਭ ਤੋਂ ਖ਼ਾਸ ਯੋਗਦਾਨ, ਮੈਰੀਅਨ ਕਾਰਡੀਅਕ ਸੈਂਟਰ ਐਂਡ ਰਿਸਰਚ ਫਾਊਂਡੇਸ਼ਨ ਹੈ, ਜਿਸ ਦੀ ਸਥਾਪਨਾ ਉਹਨਾਂ ਨੇ 1991 ਵਿਚ ਕੀਤੀ ਸੀ। ਡਾਕਟਰ ਮਨੋਜ ਨੇ 2005 ਵਿਚ ਏਮਜ਼ ਨਵੀਂ ਦਿੱਲੀ ਤੋਂ ਅਪਣੀ ਸਿੱਖਿਆ ਪੂਰੀ ਕੀਤੀ ਅਤੇ ਉਸ ਤੋਂ ਬਾਅਦ ਉਹ ਵੀ ਇਸ ਫਾਊਂਡੇਸ਼ਨ ਵਿਚ ਸ਼ਾਮਲ ਹੋ ਗਏ।

ਹੁਣ ਤੱਕ ਦੇ ਅਪਣੇ ਸਫ਼ਰ ਬਾਰੇ ਦੱਸਦੇ ਹੋਏ ਡਾਕਟਰ ਮਨੋਜ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਸਮਾਜਕ ਸੁਧਾਰ ਦੇ ਰਾਸਤੇ ‘ਤੇ ਚੱਲਣ ਲਈ ਪ੍ਰੇਰਿਤ ਕੀਤਾ ਸੀ। ਮਨੋਜ ਦਾ ਕਹਿਣਾ ਹੈ ਕਿ ਉਹਨਾਂ ਨੇ ਹਮੇਸ਼ਾਂ ਅਪਣੇ ਪਿਤਾ ਨੂੰ ਉਹਨਾਂ ਮਰੀਜ਼ਾਂ ਦੀ ਮਦਦ ਕਰਦੇ ਦੇਖਿਆ ਹੈ, ਜੋ ਦੂਰ ਤੋਂ ਆਉਂਦੇ ਹਨ ਅਤੇ ਉਹਨਾਂ ਕੋਲ ਇੰਨੇ ਸਾਧਨ ਨਹੀਂ ਹੁੰਦੇ ਤਾਂ ਜੋ ਵਧੀਆ ਇਲਾਜ ਕਰਾ ਸਕਣ। ਉਹਨਾਂ ਕਿਹਾ ਕਿ ਅੱਜ ਇਸ ਫਾਊਂਡੇਸ਼ਨ ਨੂੰ ਨੇਕ ਦਿਲ ਲੋਕਾਂ ਦੇ ਦਾਨ ਦੀ ਮਦਦ ਵੀ ਮਿਲਦੀ ਹੈ। ਇਹ ਦਾਨ ਕਰਨ ਵਾਲੀਆਂ ਸੰਸਥਾਵਾਂ ਜਾਂ ਵਿਅਕਤੀ ਬਿਲਕੁਲ ਆਮ ਹਨ।

ਡਾਕਟਰ ਮਨੋਜ ਨੇ ਹੁਣ ਤੱਕ ਹਰ ਤਰ੍ਹਾਂ ਦੀਆਂ ਦਿਲ ਦੀਆਂ ਬਿਮਾਰੀਆਂ ਦਾ ਇਲਾਜ ਕੀਤਾ ਹੈ। ਉਹਨਾਂ ਨੇ 350 ਤੋਂ ਵੀ ਜ਼ਿਆਦਾ ਮਰੀਜ਼ਾਂ ਦੀ ਮੁਫ਼ਤ ਸਰਜਰੀ ਕੀਤੀ ਹੈ, ਜਿਨ੍ਹਾਂ ਵਿਚ ਜ਼ਿਆਦਾਤਰ ਬੱਚੇ ਅਤੇ ਗਰੀਬ ਪਰਵਾਰ ਦੇ ਮਰੀਜ਼ ਸ਼ਾਮਲ ਹਨ। ਮਨੋਜ ਨੇ ਦੱਸਿਆ ਕਿ ਦੋ ਸਾਲ  ਪਹਿਲਾਂ ਉਹਨਾਂ ਨੇ ਅਹਿਮਦਾਨਗਰ ਦੀ ਇਕ 12 ਸਾਲਾ ਲੜਕੀ ਦੀ ਸਰਜਰੀ ਕੀਤੀ ਸੀ, ਜਿਸ ਲਈ 6.5 ਲੱਖ ਰੁਪਏ ਦੀ ਰਾਸ਼ੀ ਮਿਲੀ ਸੀ। ਇਕ ਜ਼ਿੰਦਗੀ ਨੂੰ ਬਚਾਉਣ ਲਈ ਇੰਨੇ ਸਾਰੇ ਲੋਕਾਂ ਦਾ ਇਕੱਠੇ ਹੋ ਕੇ ਆਉਣਾ, ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ।

ਭਾਰਤ ਵਿਚ ਵੱਖ ਵੱਖ ਸਰਕਾਰੀ ਯੋਜਨਾਵਾਂ ਰਾਹੀਂ ਗਰੀਬਾਂ ਨੂੰ ਸਿਹਤ ਸੰਬਧੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਪਰ ਫਿਰ ਵੀ ਕਈ ਲੋਕ ਇਹਨਾਂ ਸਹੂਲਤਾਂ ਨੂੰ ਹਾਸਲ ਨਹੀਂ ਕਰ ਸਕਦੇ। ਅਜਿਹਾ ਕਰਨ ਲਈ ਡਾਕਟਰ ਮਨੋਜ ਮਹਾਰਾਸ਼ਟਰ ਤੋਂ ਬਾਹਰ ਦੇ ਖੇਤਰਾਂ ਦਾ ਦੌਰਾ ਕਰਦੇ ਹਨ ਅਤੇ ਉਹਨਾਂ ਲੋਕਾਂ ਦਾ ਇਲਾਜ ਕਰਦੇ ਹਨ, ਜਿਨ੍ਹਾਂ ਕੋਲ ਸੂਬੇ ਦਾ ਬੀਪੀਐਲ ਕਾਰਡ ਨਹੀਂ ਹੈ। ਇਸੇ ਤਰ੍ਹਾਂ ਮਨੋਜ ਦੀ ਫਾਊਡੇਸ਼ਨ ਵੱਲੋਂ ਕਈ ਲੋਕਾਂ ਦੇ ਮੁਫ਼ਤ ਇਲਾਜ ਕੀਤੇ ਜਾ ਰਹੇ ਹਨ। ਡਾਕਟਰ ਮਨੋਜ ਗਰੀਬ ਮਰੀਜ਼ਾਂ ਲਈ ਮਸੀਹਾ ਹਨ। ਉਹਨਾਂ ਦਾ ਕਹਿਣਾ ਹੈ ਕਿ ਇਹ ਤਾਂ ਬਸ ਸ਼ੁਰੂਆਤ ਹੈ ਹਾਲੇ ਉਹਨਾਂ ਨੇ ਬਹੁਤ ਕੁੱਝ ਕਰਨਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।