ਘੱਗਰ ਦੀ ਮਾਰ ਹੇਠ ਆਏ ਕਿਸਾਨਾਂ ਲਈ ਮਸੀਹਾ ਬਣ ਪੁੱਜੀ 'ਖ਼ਾਲਸਾ ਏਡ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਖ਼ਾਲਸਾ ਏਡ’ ਦੀ ਟੀਮ ਵੱਲੋਂ ਮਿੱਟੀ ਦੀਆਂ ਬੋਰੀਆਂ ਭਰ ਕੇ ਘੱਗਰ 'ਚ ਪਏ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Khalsa aid at sangrur

ਸੰਗਰੂਰ: ਸੰਗਰੂਰ ਦੇ ਕਸਬੇ ਮੂਨਕ 'ਚ ਘੱਗਰ ਦਰਿਆ ਦਾ ਕਹਿਰ ਹਾਲੇ ਵੀ ਜਾਰੀ ਹੈ। ਇਸ ਮੌਕੇ 'ਤੇ ਜਿੱਥੇ ਫ਼ੌਜ ਅਤੇ ਐਨਡੀਆਰਐਫ ਘੱਗਰ 'ਚ ਪਏ ਪਾੜ ਨੂੰ ਠੀਕ ਕਰਨ 'ਚ ਨਾਕਾਮ ਰਹੀ, ਉੱਥੇ ਹੀ ਕੌਮਾਂਤਰੀ ਪੱਧਰ 'ਤੇ ਮਨੁੱਖਤਾ ਦੀ ਸੇਵਾ ਕਰ ਰਹੀ ਸਮਾਜ ਸੇਵੀ ਸੰਸਥਾ ‘ਖ਼ਾਲਸਾ ਏਡ' ਵੱਲੋਂ ਵੀ ਸੇਵਾ ਕੀਤੀ ਜਾ ਰਹੀ ਹੈ। ‘ਖ਼ਾਲਸਾ ਏਡ’ ਦੀ ਟੀਮ ਵੱਲੋਂ ਮਿੱਟੀ ਦੀਆਂ ਬੋਰੀਆਂ ਭਰ ਕੇ ਘੱਗਰ 'ਚ ਪਏ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਜ਼ਿਕਰਯੋਬ ਹੈ ਕਿ ਪਿਛਲੇ ਦਿਨੀਂ ਹੋਈ ਤੇਜ਼ ਬਾਰਸ਼ ਕਰਕੇ ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਇਸ ਨਾਲ ਬੰਨ੍ਹ ਟੁੱਟਣ ਕਾਰਨ ਕਈ ਘਰ ਅਤੇ ਪਿੰਡਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਪਾੜ ਰਾਹੀਂ ਤੇਜ਼ ਰਫ਼ਤਾਰ ਨਾਲ ਫੈਲ ਰਹੇ ਪਾਣੀ ਨੇ ਹਜ਼ਾਰਾਂ ਏਕੜ ਰਕਬੇ ਵਿਚ ਝੋਨੇ ਦੀ ਫ਼ਸਲ ਵੀ ਤਬਾਹ ਕਰ ਦਿੱਤੀ ਹੈ। ਇਸ ਦੇ ਨਾਲ ਹੀ ਜੇਕਰ ਆਉਣ ਵਾਲੇ ਕੁਝ ਸਮੇਂ 'ਚ ਘੱਗਰ ਦੇ ਬੰਨ੍ਹ ਨੂੰ ਠੀਕ ਨਾ ਕੀਤਾ ਗਿਆ ਤਾਂ ਇਸ ਦਾ ਪਾਣੀ ਹੋਰ ਨੇੜਲੇ ਪਿੰਡਾਂ 'ਚ ਤਬਾਹੀ ਮਚਾ ਸਕਦਾ ਹੈ।

ਸੋਸ਼ਲ ਮੀਡੀਆ ਤੇ ਖਾਲਸਾ ਏਡ ਵੱਲੋਂ ਸੇਵਾ ਕੀਤੇ ਜਾਣ ਦੀ ਵੀਡੀਓ ਕਾਫ਼ੀ ਵਾਇਰਲ ਹੋ ਰਹੀ ਹੈ। ਇਸ ਦੇ ਨਾਲ ਹੀ ਪਿਛਲੇ ਕਈ ਦਿਨਾਂ ਤੋਂ ਆਸਾਮ, ਬਿਹਾਰ ਅਤੇ ਉੱਤਰ ਪ੍ਰਦੇਸ਼ 'ਚ ਭਾਰੀ ਬਾਰਿਸ਼ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਵੀ ਪੀੜਤ ਲੋਕਾਂ ਦੀ ਮਦਦ ਲਈ ਖ਼ਾਲਸਾ ਏਡ ਦੀ ਟੀਮ ਅੱਗੇ ਆਈ ਹੈ। ਖਾਲਸਾ ਏਡ ਦੇ ਮੈਂਬਰਾਂ ਵੱਲੋਂ ਆਸਾਮ ਦੇ ਕਈ ਇਲਾਕਿਆ 'ਚ ਪੀੜਤ ਲੋਕਾਂ ਨੂੰ ਰਾਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਖਾਲਸਾ ਏਡ ਨੇ ਕੇਰਲ ਵਿਚ ਆਏ ਹੜ੍ਹ ਪੀੜਤਾਂ ਲਈ ਰਾਹਤ ਤੇ ਬਚਾਅ ਕਾਰਜ ਚਲਾਏ ਸਨ। ਇਸ ਤੋਂ ਇਲਾਵਾ ਸੀਰੀਆ ਵਰਗੇ ਮੁਲਕ ਵਿਚ ਵੀ ਲੋਕਾਂ ਦੀ ਮਦਦ ਕੀਤੀ ਗਈ ਸੀ।

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ